Tuesday, December 7, 2010

ਲਾਲਾ ਲਾਜਪਤ ਰਾਏ ਬਾਰੇ ਛਿੜਿਆ ਵਿਵਾਦ
ਇਤਿਹਾਸਕ ਤੱਥਾਂ ਦੀ ਰੋਸ਼ਨੀ ਵਿਚ
(Rajinder Singh Rahi)

ਇਸ ਲਿਖਤ ਨੂੰ ਤਿਆਰ ਕਰਨ ਸਮੇਂ ਮੇਰੇ ਕਈ ਦੋਸਤਾਂ ਮਿੱਤਰਾਂ ਅਤੇ ਸੰਸਥਾਵਾਂ ਨੇ ਮੇਰੀ ਸਹਾØਿੲਤਾ ਕੀਤੀ ਹੈ। ਉਨ੍ਹਾਂ ਸਭ ਦਾ ਧੰਨਵਾਦ। ਖ਼ਾਸ ਕਰਕੇ ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਦਾ ਜਿਸ ਨੇ 80 ਸਾਲਾਂ ਤੋਂ ਸਾਂਭ ਕੇ ਰੱਖੀਆਂ ਹੋਈਆਂ ਅਖ਼ਬਾਰ ‘ਅਕਾਲੀ ਤੇ ਪ੍ਰਦੇਸੀ‘ ਦੀਆਂ ਫਾਈਲਾਂ ਮੈਨੂੰ ਦੇਖਣ ਦੀ ਇਜਾਜ਼ਤ ਦਿੱਤੀ। ਧੰਨਵਾਦ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਰੈਫਰੈਂਸ ਲਾਇਬਰੇਰੀ ਦੇ ਕਾਰਜਕਰਤਾ ਸ. ਬੁੱਧ ਸਿੰਘ ਨੀਲੋਂ ਦਾ ਜਿਸ ਨੇ ਮੇਰੀ ‘ਆਰਸੀ’ ਮੈਗਜ਼ੀਨ ਦਾ ਉਹ ਅੰਕ ਲੱਭਣ ਵਿਚ ਮੱਦਦ ਕੀਤੀ ਜਿਸ ਵਿਚੋਂ ਲਾਲਾ ਲਾਜਪਤ ਰਾਏ ਵੱਲੋਂ ਮਾਂਡਲੇ ਜੇਲ੍ਹ ਵਿਚੋਂ ਸਰਕਾਰ ਨੂੰ ਲਿਖੇ ਪੱਤਰ ਛਪੇ ਸਨ। ਸਿੱਖ ਇਤਿਹਾਸ ਰਿਸਰਚ ਬੋਰਡ ਸ੍ਰੀ ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬਰੇਰੀ ਤੋਂ ਮੈਨੂੰ ਪ੍ਰੋ. ਹਜ਼ਾਰਾ ਸਿੰਘ ਦਾ ਉਹ ਮਹੱਤਵਪੂਰਨ ਲੇਖ ਮਿਲਿਆ ਜਿਸ ਵਿਚ ਉਨ੍ਹਾਂ ਨੇ ਲਾਠੀਚਾਰਜ ਦੇ ਦਿਨ ਤੋਂ ਲੈ ਕੇ ਮੌਤ ਦੇ ਦਿਨ ਤੱਕ ਲਾਲਾ ਲਾਜਪਤ ਰਾਏ ਦੀਆਂ ਸਰਗਰਮੀਆਂ ਦੀ ਜਾਣਕਾਰੀ ਤੋਂ ਇਲਾਵਾ ਹੋਰ ਕਈ ਅਹਿਮ ਤੱਥ ਪੇਸ਼ ਕੀਤੇ ਹਨ। ਸ. ਗੁਰਬਚਨ ਸਿੰਘ (ਦੇਸ ਪੰਜਾਬ) ਤੋਂ ਮੈਨੂੰ ਇਕ ਡੀਵੀਡੀ ਮਿਲੀ ਜਿਸ ਵਿਚ ਫਰਵਰੀ 1926 ਤੋਂ ਲੈ ਕੇ ਮਈ 1930 ਦੇ ‘ਕਿਰਤੀ‘ ਰਸਾਲੇ ਦੇ 30 ਅੰਕ ਸਨ। ਮੈਂ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਦਾ ਵੀ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨਾਲ ਹੋਈ ਲੰਮੀ ਚੌੜੀ ਗੱਲਬਾਤ ‘ਚੋਂ ਮੈਨੂੰ ਦੇਸ਼ਭਗਤੀ ਦੀਆਂ ਲਹਿਰਾਂ ਤੇ ਦੇਸ਼ਭਗਤਾਂ ਦੀਆਂ ਜੀਵਨੀਆਂ ਨੂੰ ਸ਼ਰਧਾਮਈ ਅੰਦਾਜ਼ ਵਿਚ ਲਿਖਣ ਵਾਲੇ ਸਥਾਪਤ ਲੇਖਕਾਂ ਦੇ ਮਨੋ-ਜਗਤ ਨੂੰ ਸਮਝਣ ਵਿਚ ਭਰਪੂਰ ਮੱਦਦ ਮਿਲੀ। -ਰਾਜਿੰਦਰ ਸਿੰਘ ਰਾਹੀ
ਲਾਲ ਲਾਜਪਤ ਰਾਏ ਦੇ ਬਾਰੇ ਵਿਚ ਬੱਬੂ ਮਾਨ ਵੱਲੋਂ ਗਾਏ ਇਕ ਗੀਤ ਨੂੰ਼ ਲੈ ਕੇ ਤਿੱਖਾ ਵਾਦ-ਵਿਵਾਦ ਪੈਦਾ ਹੋ ਗਿਆ ਹੈ। ਇਸ ਵਿਵਾਦ ਵਿਚ ਜਿਹੜਾ ਮੁੱਖ ਸੁਆਲ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਲਾਲਾ ਜੀ ਦੀ ਮੌਤ ਦੀ ਅਸਲੀ ਵਜ੍ਹਾ ਕੀ ਬਣੀ ਸੀ? ਭਾਵ ਕੀ ਇਹ ਮੌਤ ਲਾਲਾ ਜੀ ਨੂੰ ਵੱਜੀਆਂ ਕਹੀਆਂ ਜਾਂਦੀਆਂ ਲਾਠੀਆਂ ਦੀ ਵਜ੍ਹਾ ਕਰਕੇ ਹੋਈ ਸੀ ਜਾਂ ਕਈ ਦਿਨਾਂ ਬਾਅਦ ਜਾ ਕੇ ਲਾਲਾ ਜੀ ਨੂੰ ਪਏ ਦਿਲ ਦੇ ਦੌਰੇ ਕਰਕੇ ਹੋਈ ਸੀ? ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਵਿਵਾਦ ਲਈ ਨਿਰੋਲ ਬੱਬੂ ਮਾਨ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਜੇਕਰ ਇਸ ਵਿਵਾਦ ਦਾ ਇਤਿਹਾਸ ਵਿਚ ਕੋਈ ਨਿੱਗਰ ਅਧਾਰ ਮੌਜੂਦ ਨਾ ਹੁੰਦਾ, ਅਤੇ ਨਾਲ ਹੀ ਜੇਕਰ ਇਸ ਦੀ ਵਰਤਮਾਨ ਰਾਜਸੀ ਯਥਾਰਥ ਨਾਲ ਤੰਦ ਨਾ ਜੁੜੀ ਹੁੰਦੀ, ਤਾਂ ਮਹਿਜ਼ ਇਕ ਗੀਤ ਨੇ ਏਡਾ ਤੂਫ਼ਾਨ ਖੜ੍ਹਾ ਨਹੀਂ ਸੀ ਕਰ ਦੇਣਾ। ਮੇਰੀ ਜਾਚੇ ਸਾਡੇ ਦਾਨਸ਼ਵਰ ਵਰਗ ਦੀ ਇਤਿਹਾਸਕ ਤੱਥਾਂ ਬਾਰੇ ਅਗਿਆਨਤਾ ਇਸ ਵਿਵਾਦ ਦਾ ਇਕ ਵੱਡਾ ਕਾਰਨ ਹੋ ਨਿਬੜੀ ਹੈ। ਉਨ੍ਹਾਂ ਦਾ ਪ੍ਰਤੀਕਰਮ ਇਤਿਹਾਸਕ ਤੱਥਾਂ ਉਤੇ ਅਧਾਰਤ ਨਹੀਂ, ਬਲਕਿ ਨਿਰੋਲ ਮਨੋ-ਭਾਵਾਂ ਉਤੇ ਅਧਾਰਤ ਹੈ। ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦਾ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਲੇਖ ਇਸ ਦੀ ਸਟੀਕ ਉਦਾਹਰਣ ਹੈ। ਇਤਿਹਾਸ ਦੇ ਅਜਿਹੇ ਪੇਚੀਦਾ ਮਸਲੇ ਕਦੇ ਵੀ ਨਿਰੋਲ ਮਨੋ-ਭਾਵਾਂ ਨਾਲ ਹੱਲ ਨਹੀਂ ਹੋਇਆ ਕਰਦੇ। ਖਾਸ ਕਰਕੇ ਉਦੋਂ ਜਦੋਂ ਮਨੋ-ਭਾਵਾਂ ਵੀ ਪੂਰੀਆਂ ਸ਼ੁੱਧ ਨਾ ਹੋਣ, ਸਗੋਂ ਉਨ੍ਹਾਂ ਵਿਚ ਗਰਜ਼ਾਂ ਦੀ ਜੂਠ ਰਲੀ ਹੋਵੇ। ਇਹ ਗੱਲ ਜਸਵੰਤ ਸਿੰਘ ਕੰਵਲ ਦੇ ਹਥਲੀ ਲਿਖਤ ਵਿਚ ਦਿਤੇ ਗਏ ਇਕ ਹਵਾਲੇ ਤੋਂ ਸਵੈ ਪ੍ਰਤੱਖ ਹੋ ਜਾਂਦੀ ਹੈ।
ਇਸ ਵਿਵਾਦ ਦੇ ਪ੍ਰਸੰਗ ਵਿਚ ਸਮਝਣ ਵਾਲੀ ਸਭ ਨਾਲੋਂ ਅਹਿਮ ਗੱਲ ਇਹ ਹੈ ਕਿ ਜਿੰਨਾ ਚਿਰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਲਾਲ ਲਾਜਪਤ ਰਾਏ ਦੇ ਰਾਜਸੀ ਰੋਲ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਾਂਦਾ, ਉਨਾ ਚਿਰ ਉਸਦੀ ਮੌਤ ਦੇ ਕਾਰਨਾਂ ਬਾਰੇ ਵਿਵਾਦ ਦੀ ਸਹੀ ਸਮਝ ਨਹੀਂ ਪੈ ਸਕਦੀ। ਲਾਲੇ ਬਾਰੇ ਹੁਣ ਤਕ ਸਰਕਾਰੀ ਪੱਧਰ ‘ਤੇ ਜੋ ਪ੍ਰਚਾਰਿਆ ਗਿਆ ਹੈ (ਪਾਠ ਪੁਸਤਕਾਂ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਤਕ), ਉਹ ਇਹ ਹੈ ਕਿ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮੋਢੀ ਆਗੂਆਂ ਵਿਚੋਂ ਇਕ, ਅਡੋਲ ਦੇਸ਼ਭਗਤ, ਸੁ਼ੱਧ ਰਾਸ਼ਟਰਵਾਦੀ ਤੇ ਨਿਧੜਕ ਸੰਗਰਾਮੀਆ ਸੀ। ਪਰ ਇਸ ਸਰਕਾਰੀ ਦਾਅਵੇ ਨੂੰ ਅੱਖਾਂ ਮੀਚ ਕੇ ਪਰਵਾਨ ਕਰ ਲੈਣ ਦੀ ਬਜਾਇ, ਇਸ ਨੂੰ ਇਤਿਹਾਸਕ ਸੱਚ ਦੀ ਰੋਸ਼ਨੀ ਵਿਚ ਪਰਖਣਾ ਜਰੂਰੀ ਹੈ। ਸੋ ਆਓ ਇਤਿਹਾਸਕ ਤੱਥਾਂ ਉਤੇ ਇਕ ਉਡਦੀ ਨਜ਼ਰ ਮਾਰੀਏ।
ਪਗੜੀ ਸੰਭਾਲ ਜੱਟਾ ਲਹਿਰ ਅਤੇ ਲਾਲਾ ਲਾਜਪਤ ਰਾਏ
1907 ਵਿਚ ਪੰਜਾਬ ਅੰਦਰ ਇਕ ਤਕੜੀ ਕਿਸਾਨ ਲਹਿਰ ਉਠ ਖੜ੍ਹੀ ਹੋਈ ਸੀ ਜਿਸ ਨੂੰ ‘ਪਗੜੀ ਸੰਭਾਲ ਜੱਟਾ‘ ਲਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਲਹਿਰ ਸਮੇਂ ਸਰਕਾਰ ਨੇ ਲਾਲਾ ਲਾਜਪਤ ਰਾਏ ਨੂੰ ਗ੍ਰਿਫਤਾਰ ਕਰਕੇ ਬਰਮਾ ਅੰਦਰ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ ਸੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਲਾਲਾ ਲਾਜਪਤ ਰਾਏ ਨੇ ਇਕ ਦੋ ਥਾਵਾਂ ‘ਤੇ ਕਿਸਾਨ ਇਕੱਠਾਂ ਨੂੰ ਸੰਬੋਧਿਤ ਕੀਤਾ ਸੀ। ਇਨ੍ਹਾਂ ਤੱਥਾਂ ਨੂੰ ਲੈ ਕੇ ਕੁਝ ਲੋਕ ਲਾਜਪਤ ਰਾਏ ਨੂੰ ਇਸ ਲਹਿਰ ਦੇ ਨਾਇਕ ਵਜੋਂ ਪੇਸ਼ ਕਰਨ ਲੱਗ ਪੈਂਦੇ ਹਨ। ਪਰ ਇਸ ਲਹਿਰ ਦੇ ਹਕੀਕੀ ਨਾਇਕ ਸ. ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੇ ਵਿਚਾਰ ਇਸ ਤੋਂ ਬਿਲਕੁਲ ਵੱਖਰੇ ਹਨ। ਸ. ਅਜੀਤ ਸਿੰਘ ਨੇ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ :
‘….ਰਾਵਲਪਿੰਡੀ ਜ਼ਿਲ੍ਹੇ ਵਿਚ ਜ਼ਮੀਨ ਦਾ ਮਾਲੀਆ ਬਹੁਤ ਵਧਾ ਦਿੱਤਾ ਗਿਆ। ਦੁਆਬ ਬਾਰੀ ਐਕਟ ਅਤੇ ਕਾਲੋਨਾਈਜੇਸ਼ਨ ਐਕਟ ਨੇ… ਪੰਜਾਬ ਅੰਦਰ ਜੱਦੋਜਹਿਦ ਕਰਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਬਰਤਾਨਵੀ ਹਕੂਮਤ ਖਿਲਾਫ਼ ਮੁਹਿੰਮ ਚਲਾਉਣ ਲਈ ਮੌਕਾ ਮੁਹੱਈਆ ਕੀਤਾ। ਜਨਤਾ ਨੂੰ ਜਗਾਉਣ ਅਤੇ ਉਨ੍ਹਾਂ ਅੰਦਰ ਰਾਜਨੀਤਕ ਚੇਤਨਾ ਜਗਾ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਸੀ। ਮੈਂ ਆਪਣੇ ਵੱਡੇ ਭਰਾ ਕਿਸ਼ਨ ਸਿੰਘ ਤੇ ਘਸੀਟਾ ਰਾਮ ਨੂੰ ਆਪਣੇ ਇਨ੍ਹਾਂ ਵਿਚਾਰਾਂ ਬਾਰੇ ਜਾਣੂ ਕਰਾਇਆ….। ਮੇਰੇ ਭਰਾ ਦਾ ਵਿਚਾਰ ਸੀ ਕਿ ਲਾਲਾ ਲਾਜਪਤ ਰਾਏ ਅਤੇ ਹੋਰ ਪ੍ਰਸਿੱਧ ਨੇਤਾਵਾਂ ਦੀ ਵੀ ਸਹਾਇਤਾ ਪ੍ਰਾਪਤ ਕੀਤੀ ਜਾਵੇ। ਮੈਨੂੰ ਇਸ ਵਿਚਾਰ ‘ਤੇ ਯਕੀਨ ਨਹੀਂ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਸਹਾਇਤਾ ਦੇਣਗੇ। ਫਿਰ ਸੋਚਿਆ ਘੱਟੋ ਘੱਟ ਕੋਸ਼ਿਸ਼ ਕਰਨ ਵਿਚ ਤਾਂ ਹਰਜ਼ ਕੋਈ ਨਹੀਂ। ਮੇਰੇ ਭਰਾ ਕਿਸ਼ਨ ਸਿੰਘ ਨੇ ਲਾਲ ਲਾਜਪਤ ਰਾਏ ਨੂੰ ਮਿਲਣ ਦੀ ਜਿੰਮੇਵਾਰੀ ਲਈ ਅਤੇ ਲਾਲਾ ਲਾਜਪਤ ਰਾਏ ਨਾਲ ਸੰਪਰਕ ਕਰਕੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਕਿਵੇਂ ਅੰਗਰੇਜ਼ੀ ਰਾਜ ਦੀਆ ਜੜ੍ਹਾਂ ਹਿਲਾਉਣ ਲਈ ਲੋਕਾਂ ਨੂੰ ਜਾਗਰਤ ਕੀਤਾ ਜਾਵੇਗਾ। ਲਾਲ ਲਾਜਪਤ ਰਾਏ ਪੂਰੀ ਤਰ੍ਹਾਂ ਬਣਤਰ ਨਾ ਸਮਝ ਸਕਿਆ। ਉਸ ਨੂੰ ਡਰ ਸੀ ਕਿ ਇਸ ਨਾਲ ਮੁਸੀਬਤਾਂ ਵਧਣਗੀਆਂ ਅਤੇ ਸਾਰੇ ਹੀ ਪ੍ਰਮੁੱਖ ਨੇਤਾ ਜੇਲ੍ਹ ਭੇਜ ਦਿੱਤੇ ਜਾਣਗੇ। ਉਹ ਇਸ ਨੂੰ ਕਾਹਲੀ ਦਾ ਕਦਮ ਮੰਨਦਾ ਸੀ ਅਤੇ ਮੈਨੂੰ ਗਰਮ ਮਿਜ਼ਾਜ ਵਿਅਕਤੀ।…. ਉਸ ਨੇ ਮੇਰੇ ਭਰਾ ਨੂੰ ਨਿਰਉਤਸ਼ਾਹ ਕਰਨ ਦੀ ਕੋਸ਼ਿਸ਼ ਕੀਤੀ‘। (ਸਫ਼ੇ 40-41)
ਲਾਲਾ ‘ਬੁਜ਼ਦਿਲ’ ਹੈ-ਸ: ਅਜੀਤ ਸਿੰਘ
ਸ. ਅਜੀਤ ਸਿੰਘ ਨੂੰ ਯਕੀਨ ਕਿਉਂ ਨਹੀਂ ਸੀ ਕਿ ਲਾਜਪਤ ਰਾਏ ਉਨ੍ਹਾਂ ਨੂੰ ਸਹਾਇਤਾ ਦੇਣਗੇ? ਇਸ ਦਾ ਕਾਰਨ ਸ. ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਸਪੱਸ਼ਟ ਨਹੀਂ ਕੀਤਾ। ਪਰ ਇਹ ਘੁੰਡੀ ਗੋਪਾਲ ਕ੍ਰਿਸ਼ਨ ਗੋਖ਼ਲੇ ਨੇ ਜ਼ਰੂਰ ਖੋਲ੍ਹ ਦਿੱਤੀ ਹੈ। ਉਸ ਨੇ ਲਾਲਾ ਲਾਜਪਤ ਰਾਏ ਦੀ ਮਾਂਡਲੇ ਜੇਲ੍ਹ ਵਿਚੋਂ ਰਿਹਾਈ ਦੀ ਮੰਗ ਕਰਦੀ ਇਕ ਚਿੱਠੀ 10 ਜੂਨ 1907 ਨੂੰ ਵਾਇਸਰਾਏ ਦੇ ਪ੍ਰਾਈਵੇਟ ਸੈਕਟਰੀ ਨੂੰ ਭੇਜੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ, ‘ਲਾਜਪਤ ਰਾਏ ਨੂੰ ਅਜੀਤ ਸਿੰਘ ਨਾਲ ਬਰੈਕਟ (ਨੱਥੀ) ਕਰਨਾ ਲਾਜਪਤ ਰਾਏ ਨਾਲ ਘੋਰ ਅਨਿਆਂ ਹੈ। ਜਦੋਂ ਪਿਛਲੀ ਫਰਵਰੀ ਵਿਚ ਮੈਂ ਲਾਹੌਰ ਆਇਆ ਸੀ ਤਾਂ ਅਜੀਤ ਸਿੰਘ ਨੇ ਉਸ ਨੂੰ ਬੁਜ਼ਦਿਲ ਅਤੇ ਸਰਕਾਰ ਪੱਖੀ ਕਹਿ ਕੇ ਨਿਖੇਧੀ ਕਰਨੀ ਸ਼ੁਰੂ ਕੀਤੀ ਹੋਈ ਸੀ…‘
ਜਿਸ ਵਿਅਕਤੀ ਨੂੰ ਸ. ਅਜੀਤ ਸਿੰਘ ਬੁਜ਼ਦਿਲ ਅਤੇ ਸਰਕਾਰ ਪੱਖੀ ਸਮਝਦਾ ਸੀ, ਉਹ ਉਸ ਕੋਲੋਂ ਸਰਕਾਰ ਵਿਰੋਧੀ ਜੱਦੋਜਹਿਦ ਵਿਚ ਸਹਾਇਤਾ ਦੀ ਆਸ ਕਿਵੇਂ ਕਰ ਸਕਦਾ ਸੀ?
ਲਾਲਾ ਲਾਜਪਤ ਰਾਏ ਬਾਰੇ ਇਸ ਸਮਝ ਦੇ ਬਾਵਜੂਦ ਸ. ਅਜੀਤ ਸਿੰਘ ਹੋਰੀਂ ਉਸ ਨੂੰ ਲਹਿਰ ਅੰਦਰ ਘਸੀਟਣ ਵਿਚ ਕਿਵੇਂ ਕਾਮਯਾਬ ਹੋ ਗਏ, ਇਹ ਇਕ ਦਿਲਚਸਪ ਕਹਾਣੀ ਹੈ। ਲਓ, ਸ. ਅਜੀਤ ਸਿੰਘ ਦੇ ਹੀ ਜਬਾਨੀ ਸੁਣੋ :
‘ਸਾਡੀ ਇਹ ਇੱਛਾ ਸੀ ਕਿ ਲਾਲਾ ਲਾਜਪਤ ਰਾਏ ਅਤੇ ਹੋਰ ਦੂਸਰੇ ਪ੍ਰਸਿੱਧ ਨੇਤਾ (3 ਮਾਰਚ 1907 ਨੂੰ ਲਾਇਲਪੁਰ ਵਿਖੇ ਹੋਣ ਜਾ ਰਹੀ) ਮੀਟਿੰਗ ਵਿਚ ਹਿੱਸਾ ਲੈਣ, ਪ੍ਰੰਤੂ ਅਸੀਂ ਜਾਣਦੇ ਸੀ ਕਿ ਉਹ ਇਨਕਾਰ ਕਰ ਦੇਣਗੇ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮੀਟਿੰਗ ਮੈਂ ਜਥੇਬੰਦ ਕਰ ਰਿਹਾ ਸੀ। ਇਸ ਲਈ ਅਸੀਂ ਰਾਮ ਭਜ ਦੱਤ ਨੂੰ ਲਾਲਾ ਲਾਜਪਤ ਰਾਏ ਨੂੰ ਮਨਾਉਣ ਭੇਜਿਆ ਸੀ ਕਿ ਉਹ ਲਾਇਲਪੁਰ ਆਉਣ ਅਤੇ ਮੀਟਿੰਗ ਨੂੰ ਸੰਬੋਧਨ ਕਰਨ। ਲਾਹੌਰ ਤੱਕ ਲਾਲੇ ਨੇ ਅਤੇ ਮੈਂ ਇਕੋ ਹੀ ਗੱਡੀ ਵਿਚ ਸਫ਼ਰ ਕੀਤਾ ਪਰ ਮੈਂ ਇਸ ਗੱਲ ਦਾ ਧਿਆਨ ਰੱਖਿਆ ਕਿ ਉਸ ਨੂੰ ਇਸ ਗੱਲ ਦਾ ਪਤਾ ਨਾ ਲੱਗੇ। ਅਸੀਂ ਇਸ ਗੱਲ ਦਾ ਪ੍ਰਬੰਧ ਕੀਤਾ ਸੀ ਕਿ ਲਾਇਲਪੁਰ ਸਟੇਸ਼ਨ ‘ਤੇ ਲਾਲਾ ਜੀ ਦਾ ਉਤਸ਼ਾਹਪੂਰਨ ਨਿੱਘਾ ਸਵਾਗਤ ਕੀਤਾ ਜਾਵੇ….। ਉਸ ਨੂੰ ਹੱਥਾਂ ‘ਤੇ ਚੁੱਕ ਲਿਆ ਗਿਆ ਅਤੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ ਅਤੇ ਜਲੂਸ ਦੀ ਸ਼ਕਲ ਵਿਚ ਲਿਜਾਇਆ ਗਿਆ। ਉਸ ਦੀ ਗੱਡੀ ਨੂੰ ਬੈਲਾਂ ਦੀ ਬਜਾਏ ਬੰਦਿਆਂ ਵੱਲੋਂ ਖਿੱਚਿਆ ਗਿਆ… ਮੈਂ ਸਟੇਸ਼ਨ ਤੋਂ ਸਿੱਧਾ ਮੀਟਿੰਗ ਵਿਚ ਗਿਆ ਤੇ ਇਸ ਨੂੰ ਸੰਬੋਧਨ ਕੀਤਾ। ਜਿਉਂ ਹੀ ਲਾਲਾ ਜੀ ਪਹੁੰਚੇ ਮੈਂ ਆਪਣਾ ਭਾਸ਼ਣ ਖਤਮ ਕਰ ਦਿੱਤਾ। ਲਾਲਾ ਜੀ ਮੈਨੂੰ ਦੇਖ ਕੇ ਹੈਰਾਨ ਹੋ ਗਏ…….।
ਲਾਲਾ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਨ ਵਿਚ ਪਹਿਲਾਂ ਝਿਜਕ ਦਿਖਾਈ। ਪ੍ਰੰਤੂ ਲੋਕਾਂ ਨੇ ਰੌਲਾ ਪਾਇਆ ਕਿ ਉਹ ਲਾਲਾ ਜੀ ਨੂੰ ਸੁਣਨ ਲਈ ਉਤਸੁਕ ਹਨ। ਅਸਲ ਵਿਚ ਲਾਲਾ ਜੀ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਮੈਂ ਰਾਮ ਭਜ ਦੱਤ ਨੂੰ ਅੱਖ ਦਾ ਇਸ਼ਾਰਾ ਕੀਤਾ ਅਤੇ ਉਹ ਉਠ ਖੜ੍ਹਾ ਹੋਇਆ ਤੇ ਉਸ ਨੇ ਐਲਾਨ ਕੀਤਾ ਕਿ ਹੁਣ ਲਾਲਾ ਜੀ ਮੀਟਿੰਗ ਨੂੰ ਸੰਬੋਧਨ ਕਰਨਗੇ। ਲਾਲਾ ਜੀ ਨੇ ਪਹਿਲਾਂ ਆਪਣੇ ਆਪ ‘ਤੇ ਕਾਬੂ ਰੱਖਿਆ ਪ੍ਰੰਤੂ ਲੋਕਾਂ ਦਾ ਉਤਸ਼ਾਹ ਦੇਖ ਕੇ ਉਨ੍ਹਾਂ ਨੇ ਆਪਣਾ ਸਭ ਤੋਂ ਵਧੀਆ ਭਾਸ਼ਣ ਕੀਤਾ….।‘
ਇਸ ਤੋਂ ਬਾਅਦ ਲਾਲ ਲਾਜਪਤ ਰਾਏ ਨੂੰ 9 ਮਈ 1907 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸ. ਅਜੀਤ ਸਿੰਘ ਨੂੰ 2 ਜੂਨ ਨੂੰ। ਦੋਹਾਂ ਨੂੰ ਬਰਮਾ ਦੀ ਮਾਂਡਲੇ ਜੇਲ੍ਹ ਵਿਚ ਡੱਕ ਦਿੱਤਾ ਗਿਆ। ਲਾਲਾ ਲਾਜਪਤ ਰਾਏ ਨੇ ਰਿਹਾਈ ਲਈ ਕੀ ਕੁਝ ਕੀਤਾ, ਉਹ ਇਸ ਲਿਖਤ ਦੇ ਅੰਤ ਵਿਚ ਛਪੀਆਂ ਉਸ ਦੀਆਂ ਦੋ ਚਿੱਠੀਆਂ ਤੋਂ ਸਾਫ਼ ਹੋ ਜਾਂਦਾ ਹੈ। ਇਨਕਲਾਬੀ ਹਲਕੇ ਇਨ੍ਹਾਂ ਚਿੱਠੀਆਂ ਨੂੰ ਲਹਿਰ ਨਾਲ ‘ਗ਼ੱਦਾਰੀ’ ਅਤੇ ‘ਮੁਆਫ਼ੀਨਾਮੇ’ ਦਾ ਨਾਂ ਦੇਂਦੇ ਸਨ।
(ਦੇਖੋ ੰਅਟੇਅ ੰ ੍ਰਅ,ਿ ਫੁਨਜਅਬ ੍ਹਿੲਰੋਚਿ ਠਰਅਦਟਿੋਿਨ, ਪ।22)
ਸਰਕਾਰ ਨੇ ਲਾਲਾ ਲਾਜਪਤ ਰਾਏ ਅਤੇ ਸ. ਅਜੀਤ ਸਿੰਘ ਨੂੰ 11 ਨਵੰਬਰ 1907 ਨੂੰ ਰਿਹਾਅ ਕਰ ਦਿੱਤਾ। ਸ. ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਸਪੱਸ਼ਟ ਕੀਤਾ ਹੈ ਕਿ ਉਸ ਨੇ ਰਿਹਾਈ ਹਾਸਲ ਕਰਨ ਲਈ ਲਾਲਾ ਲਾਜਪਤ ਰਾਏ ਵਾਲੇ ਕੰਮ ਨਹੀਂ ਸੀ ਕੀਤੇ।
ਗ਼ਦਰ ਪਾਰਟੀ ਅਤੇ ਲਾਲਾ ਲਾਜਪਤ ਰਾਏ
ਭਾਰਤੀ ਜਨਤਾ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਲਿਖੀ ਬਹੁ ਚਰਚਿਤ ਸਵੈ ਜੀਵਨੀਨੁਮਾ ਕਿਤਾਬ ‘ਮਾਈ ਕੰਟਰੀ, ਮਾਈ ਲਾਈਫ਼’, (ਜਿਹੜੀ ਸੰਨ 2008 ਵਿੱਚ ਛਪੀ) ਵਿੱਚ ਉਸ ਨੇ ਗ਼ਦਰ ਪਾਰਟੀ ਦੀ ਚਰਚਾ ਕਰਦਿਆਂ ਲਾਲਾ ਲਾਜਪਤ ਰਾਏ ਨੂੰ ਇਸ ਪਾਰਟੀ ਦਾ ਆਗੂ ਦੱਸਿਆ ਸੀ। ਲਾਲ ਕ੍ਰਿਸ਼ਨ ਅਡਵਾਨੀ ਦਾ ਇਹ ਦਾਅਵਾ ਹਕੀਕਤਾਂ ਤੋਂ ਕਿੰਨੀ ਦੂਰ ਹੈ ਇਸ ਬਾਰੇ ਪ੍ਰਮੁੱਖ ਗ਼ਦਰੀ ਬਾਬਿਆਂ ਦੀਆਂ ਲਾਜਪਤ ਰਾਏ ਬਾਰੇ ਅੱਗੇ ਦਿੱਤੀਆਂ ਗਈਆਂ ਰਾਵਾਂ ਤੋਂ ਪਤਾ ਚੱਲ ਜਾਵੇਗਾ। ਸ਼ੁਰੂ ਵਿਚ ਅਸੀਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਅਗਲੇ ਹੀ ਦਿਨ ਲਾਲਾ ਲਾਜਪਤ ਰਾਏ ਵੱਲੋਂ ਰਤਨ ਟਾਟਾ, ਮੁਹੰਮਦ ਅਲੀ ਜਿਨਾਹ ਵਰਗੇ 54 ਪ੍ਰਮੁੱਖ ਵਿਅਕਤੀਆਂ ਨਾਲ ਰਲ ਕੇ ਜਾਰੀ ਕੀਤੇ ਉਸ ਸਾਂਝੇ ਬਿਆਨ ਕੇ ਕੁਝ ਅੰਸ਼ ਪੇਸ਼ ਕਰਦੇ ਹਾਂ, ਜਿਸ ਵਿਚ ਲਾਲੇ ਹੋਰਾਂ ਨੇ ਦੇਸ਼ ਅੰਦਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਅਤੇ ਪ੍ਰਮਾਤਮਾ ਤੋਂ ਬਰਤਾਨਵੀ ਸਲਤਨਤ ਦੀ ਜਿੱਤ ਲਈ ਆਸ਼ੀਰਵਾਦ ਮੰਗੀ ਸੀ, ਜਦੋਂ ਕਿ ਗ਼ਦਰੀ ਬਾਬਿਆਂ ਨੇ ਸੁਨਹਿਰੀ ਮੌਕਾ ਹੱਥ ਆਇਆ ਸਮਝ ਕੇ ਹਥਿਆਰਬੰਦ ਘੋਲ ਦਾ ਬਿਗਲ ਵਜਾ ਦਿੱਤਾ ਸੀ ਅਤੇ ਸਿਰਾਂ ‘ਤੇ ਕੱਫ਼ਣ ਬੰਨ੍ਹ ਕੇ ਵਿਦੇਸ਼ਾਂ ਤੋਂ ਦੇਸ਼ ਨੂੰ ਚਾਲੇ ਪਾ ਦਿੱਤੇ ਸਨ।
ਬਿਆਨ ਵਿਚ ਕਿਹਾ ਗਿਆ ਸੀ, ‘ਅਸੀਂ, ਮਹਾਮਯ ਮਹਾਰਾਜ ਜੀ ਦੀ ਭਾਰਤੀ ਪਰਜਾ ਜੋ ਹੁਣ ਅੰਤਰਰਾਸ਼ਟਰੀ ਮਹਾਂਨਗਰ ਦੇ ਵਾਸੀ ਹਾਂ ਇਹ ਦੱਸਣਾ ਆਪਣਾ ਕਰਤੱਵ ਤੇ ਫਰਜ਼ ਸਮਝਦੇ ਹਾਂ ਕਿ ਜੋ ਸਾਡਾ ਵਿਸ਼ਵਾਸ਼ ਹੈ ਉਹੀ ਸਾਰੇ ਭਾਰਤ ਦੀ ਵਿਆਪਕ ਭਾਵਨਾ ਹੈ ਅਤੇ ਉਹ ਹੈ ਜੰਗ ਵਿਚ ਬਰਤਾਨਵੀ ਸੈਨਾ ਦੀ ਜਿੱਤ ਦੀ ਸੁਹਿਰਦ ਤਾਂਘ। ਇਸ ਤੋਂ ਅਗਾਂਹ ਸਾਨੂੰ ਇਸ ਵਿਚ ਰਤੀ ਭਰ ਵੀ ਸ਼ੱਕ ਨਹੀਂ ਕਿ ਪਹਿਲੇ ਮੌਕਿਆਂ ਵਾਂਗ ਹੀ, ਜਦ ਬਰਤਾਨਵੀ ਸੈਨਾਵਾਂ ਸਲਤਨਤ ਦੇ ਹਿੱਤਾਂ ਦੀ ਰਾਖੀ ਵਿਚ ਜੁਟੀਆਂ ਹੁੰਦੀਆਂ ਸਨ, ਹੁਣ ਵੀ ਭਾਰਤ ਦੇ ਮਹਾਰਾਜੇ ਤੇ ਲੋਕ ਦੇਸ਼ ਦੇ ਸਭ ਵਸੀਲੇ ਮਹਾਰਾਜ ਅਧਿਰਾਜ ਦੀ ਸੇਵਾ ਵਿਚ ਹਾਜ਼ਰ ਕਰਨ ਲਈ ਆਪਣੀ ਯੋਗਤਾ ਅਨੁਸਾਰ ਪੂਰਾ ਤਾਣ ਲਾ ਦੇਣਗੇ…..ਅਮਨ ਦੇ ਸਮਿਆਂ ਵਿਚ ਦੇਸ਼ ਦੇ ਅੰਦਰੂਨੀ ਪ੍ਰਸ਼ਾਸਨ ਨੂੰ ਪ੍ਰਭਾਵਤ ਕਰਨ ਵਾਲੇ ਸਵਾਲਾਂ ਬਾਰੇ ਕੋਈ ਵੀ ਮਤਭੇਦ ਪਿਆ ਹੋਵੇ ਪਰ ਵਿਦੇਸ਼ੀ ਦੁਸ਼ਮਣ ਦੇ ਰੂ-ਬ-ਰੂ ਭਾਰਤੀ ਲੋਕਾਂ ਦੀ ਸ਼ਾਹੀ ਤਖਤ ਪ੍ਰਤੀ ਸ਼ਰਧਾ ਅੰਦਰੂਨੀ ਸ਼ਾਂਤੀ ਤੇ ਤਾਲਮੇਲ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਰੰਗ ਲਿਆਏਗੀ ਕਿ ਸਲਤਨਤ ਦੀ ਛੇਤੀ ਤੋਂ ਛੇਤੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੇ ਤਨ ਮਨ ਨਾਲ ਬਰਤਾਨਵੀ ਕੌਮ ਨਾਲ ਇਕਮੁੱਠਤਾ ਦੀ ਸਿਰਜਣਾ ਹੋ ਜਾਵੇਗੀ।‘ ਸਾਂਝੇ ਬਿਆਨ ਦੇ ਅੰਤ ਵਿਚ ਬਰਤਾਨਵੀ ਸਲਤਨਤ ਦੀ ਜਿੱਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗੀ ਗਈ ਸੀ।
ਜਦੋਂ ਲਾਲਾ ਲਾਜਪਤ ਰਾਏ ਬਰਤਾਨਵੀ ਸਲਤਨਤ ਦੀ ਜਿੱਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗ ਰਿਹਾ ਸੀ, ਉਸ ਵੇਲੇ ਗ਼ਦਰੀ ਬਾਬੇ ਇਸ ਸਲਤਨਤ ਨੂੰ ਤਬਾਹ ਕਰ ਸੁੱਟਣ ਲਈ ਥਾਂ ਥਾਂ ‘ਤੇ ਹਥਿਆਰਬੰਦ ਬਗਾਵਤਾਂ ਖੜ੍ਹੀਆਂ ਕਰਨ ਵਿਚ ਜੁੱਟ ਗਏ ਸਨ।
ਆਓ, ਹੁਣ ਵੱਖ ਵੱਖ ਗ਼ਦਰੀ ਬਾਬਿਆਂ ਦੇ ਲਾਲਾ ਲਾਜਪਤ ਰਾਏ ਬਾਰੇ ਵਿਚਾਰ ਜਾਣੀਏ।
ਲਾਲਾ ਹਰਦਿਆਲ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ
ਲਾਲਾ ਹਰਦਿਆਲ ਤੇ ਸ਼ਹੀਦ ਕਰਤਾਰ ਸਿੰਘ ਨੇ ਲੋਕਾਂ ਅੰਦਰ ਸਿਆਸੀ ਚੇਤਨਾ ਫੈਲਾਉਣ ਅਤੇ ਭਾਰਤ ਦੀ ਆਜ਼ਾਦੀ ਲਈ ਬਗਾਵਤ ਦੀ ਤਿਆਰੀ ਵਜੋਂ ਇਕ ਹਫ਼ਤਾਵਾਰ ਪੇਪਰ ‘ਗਦਰ‘ ਕੱਢਿਆ ਸੀ। ਇਸ ਪਰਚੇ ਦੇ 23 ਦਸੰਬਰ 1913 ਦੇ ਅੰਕ ਵਿਚ ਲਾਲਾ ਲਾਜਪਤ ਰਾਏ ਨੂੰ ‘ਸਰਕਾਰੀ ਟੱਟੂ‘ ਕਰਾਰ ਦਿਤਾ ਗਿਆ ਸੀ। ਜਿਹੜੇ ਪਾਠਕ ਵੀਰ ਇਸ ਲਿਖਤ ਨੂੰ ਆਪ ਪੜ੍ਹਨਾ ਚਾਹੁੰਦੇ ਹਨ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਪੁਸਤਕ ‘ਗਦਰ ਲਹਿਰ ਦੀ ਵਾਰਤਕ‘ ਦੇ ਸਫ਼ਾ 192 ਤੋਂ ਪੜ੍ਹ ਸਕਦੇ ਹਨ।
ਭਾਈ ਸੰਤੋਖ ਸਿੰਘ
ਗਦਰ ਲਹਿਰ ਦੇ ਅਨਮੋਲ ਹੀਰੇ ਭਾਈ ਸੰਤੋਖ ਸਿੰਘ ਨੇ ਆਪਣੀਆਂ ਦੋ ਲਿਖਤਾਂ ਅੰਦਰ ਲਾਲਾ ਲਾਜਪਤ ਰਾਏ ਦਾ ਜਿਕਰ ਕੀਤਾ ਹੈ। ਇਕ ਜਦੋਂ ਉਹਨਾਂ ਸ਼ਹੀਦ ਭਾਈ ਬਲਵੰਤ ਸਿੰਘ (ਖੁਰਦਪੁਰ) ਨੂੰ ਸਰਧਾਂਜਲੀ ਭੇਟ ਕਰਦਿਆਂ ਇਕ ਲੇਖ ਲਿਖਿਆ ਸੀ ਅਤੇ ਦੂਜਾ ਜਦੋਂ 1925 ਵਿਚ ਕਾਨਪੁਰ ਵਿਖੇ ਹੋਏ ਕਾਂਗਰਸ ਦੇ ਸੰਮੇਲਨ ਦੀ ਰਿਪੋਰਟ ਲਿਖੀ ਸੀ। ਇਸ ਵਿਚ ਬੋਲਦਿਆਂ ਲਾਲਾ ਲਾਜਪਤ ਰਾਏ ਨੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਤੁੱਛ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਈ ਜੀ ਲਿਖਦੇ ਹਨ, ‘ਇਥੇ ਆਣ ਕੇ ਲਾਲਾ ਜੀ ਆਪਣਾ ਸੁਭਾਉ ਜ਼ਾਹਰ ਕਰਨ ਤੋਂ ਨਾ ਰੁਕ ਸਕੇ ਅਤੇ ਕਹਿਣ ਲੱਗੇ ਕਿ ਕੌਮ ਦੀ ਖਾਤਰ ਜੀਵਨ ਬਤੀਤ ਕਰਨ ਨਾਲੋਂ ਕੌਮ ਦੀ ਖਾਤਰ ਮੌਤ ਕਬੂਲ ਕਰਨੀ ਸੌਖੀ ਹੈ। ਬਿਰਧ ਲਾਲਾ ਜੀ ਨੂੰ ਇਕ ਪਾਸੇ ਦਾ (ਭਾਵ ਜਿਉਣ ਦਾ) ਹੀ ਤਜਰਬਾ ਹੈ। ਦੂਸਰੇ ਪਾਸੇ ਦਾ (ਭਾਵ ਦੇਸ਼ ਲਈ ਜਾਨ ਕੁਰਬਾਨ ਕਰ ਦੇਣ ਦਾ) ਤਜਰਬਾ ਕਰਨ ਤੋਂ ਅਜੇ ਤੱਕ ਲਾਲਾ ਜੀ ਨੇ ਪਰਹੇਜ਼ ਹੀ ਕੀਤਾ ਹੈ।‘ (ਕਿਰਤੀ ਫਰਵਰੀ 1926, ਨੋਟ: ਭਾਵ ਸਪਸ਼ਟ ਕਰਨ ਲਈ ਬਰੈਕਟਾਂ ਵਿਚਲੇ ਸ਼ਬਦ ਮੇਰੇ ਵੱਲੋਂ ਸ਼ਾਮਲ ਕੀਤੇ ਗਏ ਹਨ-ਰਾਹੀ)
ਸ਼ਹੀਦ ਭਾਈ ਬਲਵੰਤ ਸਿੰਘ (ਖੁਰਦਪੁਰ) ਨੂੰ ਸਰਧਾਂਜਲੀ ਭੇਟ ਕਰਦੇ ਆਪਣੇ ਲੇਖ ਵਿਚ ਭਾਈ ਸੰਤੋਖ ਸਿੰਘ ਨੇ ਲਿਖਿਆ ਸੀ, ‘ਹਿੰਦੁਸਤਾਨੀਆਂ ਦੀ ਮੰਗ ਸੀ ਕਿ ਘਟ ਤੋਂ ਘਟ ਜੋ ਹਿੰਦੁਸਤਾਨੀ ਕੈਨੇਡਾ ਵਿਚ ਆ ਚੁੱਕੇ ਹਨ ਉਹ ਹਿੰਦੁਸਤਾਨ ਵਾਪਸ ਜਾ ਕੇ ਮੁੜ ਕੈਨੇਡਾ ਆ ਸਕਣ ਅਤੇ ਆਪਣੇ ਪਰਿਵਾਰ ਮੰਗਵਾ ਲਿਆ ਸਕਣ… ਆਖਰ ਦੋ ਸਾਲ ਹਰ ਇਕ ਸੰਭਵ ਅਤੇ ਯੋਗ ਵਸੀਲਾ ਆਪਣੇ ਸਵਾਲ ਨੂੰ ਹੱਲ ਕਰਨ ਲਈ ਵਰਤ ਕੇ ਉਸ ਨੂੰ ਨਿਸਫਲ ਹੁੰਦਾ ਦੇਖ ਕੇ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਨੇ ਫੈਸਲਾ ਕੀਤਾ ਕਿ ਇਸ ਸਵਾਲ ਨੂੰ ਨਜਿੱਠਣ ਵਾਸਤੇ ਇਕ ਆਖਰੀ ਕੰਮ ਹੋਰ ਭੀ ਕੀਤਾ ਜਾਵੇ। ਉਹ ਇਹ ਕਿ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਦਾ ਸਵਾਲ ਇੰਗਲਿਸ਼ਤਾਨ ਦੀ ਗੌਰਮੈਂਟ ਅਤੇ ਇੰਗਲਿਸ਼ਤਾਨ ਦੀ ਪਬਲਿਕ ਅਰ ਹਿੰਦੁਸਤਾਨ ਦੀ ਗੌਰਮਿੰਟ ਅਤੇ ਹਿੰਦੁਸਤਾਨ ਦੀ ਪਬਲਿਕ ਪਾਸ ਇਕ ਵੇਰੀ ਪੇਸ਼ ਕੀਤਾ ਜਾਵੇ। ਇਸ ਮਹਾਨ ਕੰਮ ਲਈ 1913 ਵਿਚ ਇਕ ਡੈਪੂਟੇਸ਼ਨ ਇੰਗਲਸਤਾਨ ਅਤੇ ਹਿੰਦੁਸਤਾਨ ਭੇਜਣ ਦਾ ਫੈਸਲਾ ਕੀਤਾ ਗਿਆ ਅਤੇ ਉਸ ਡੈਪੂਟੇਸ਼ਨ ਵਿਚ ਫਿਰ ਸੇਵਾ ਭਾਈ ਸਾਹਿਬ ਭਾਈ ਬਲਵੰਤ ਨੂੰ ਦਿਤੀ ਗਈ।….. ਗੌਰਮਿੰਟ ਦੇ ਅਫਸਰਾਂ ਵੱਲੋਂ ਜੋ ਨਿਰਾਸ਼ਤਾ ਹੋਣੀ ਸੀ ਉਹ ਤਾਂ ਹੋਈ ਪਰ ਉਸ ਸਮੇਂ ਦੇ ਕੌਮੀ ਆਗੂਆਂ ਨੇ ਵੀ ਚੰਗੀ ਸਿੱਖਿਆ ਦਿਤੀ। ਲਾਲਾ ਲਾਜਪਤ ਰਾਏ ਜਿਹੇ ਭੱਦਰ ਪੁਰਸ਼ਾਂ ਨੇ ਜੋ ਇਹ ਚਾਹੁੰਦੇ ਹਨ ਕਿ ਅਸੀਂ ਕਿਵੇਂ ਪੰਜਾਬ ਦੇ ਆਗੂ ਅਖਵਾ ਸਕੀਏ। ਉਨ੍ਹਾਂ ਪਾਸੋਂ ਨਾ ਕੇਵਲ ਸਹੈਤਾ ਦੇਣ ਤੋਂ ਹੀ ਕੋਰਾ ਜਵਾਬ ਮਿਲਿਆ ਸਗੋਂ ਉਹਨਾਂ ਨੇ ਇਕ ਅਜਿਹੀ ਕਮੀਨੀ ਸ਼ਰਤ ਪੇਸ਼ ਕੀਤੀ ਜਿਸ ਨੂੰ ਕੋਈ ਸਿੱਖ ਹਿਰਦਾ ਮੰਨਣਾ ਤਾਂ ਇਕ ਪਾਸੇ ਰਿਹਾ ਸੁਣ ਵੀ ਨਹੀਂ ਸਕਦਾ। ਇਹ ਸ਼ਰਤ ਲਾਉਣ ਵੇਲੇ ਆਪ ਨੇ ਇਹ ਕਹਿ ਦਿਤਾ ਕਿ ਇਹ ਮਾਮਲਾ ਕੇਵਲ ਸਿੱਖਾਂ ਦਾ ਹੈ ਇਸ ਵਿਚ ਅਸੀਂ ਸਹੈਤਾ ਤਦ ਕਰਾਂਗੇ ਜੇਕਰ ਸਾਡੀ ਫਲਾਨੀ (ਕਮੀਨੀ) ਸ਼ਰਤ ਪੂਰੀ ਕਰੋਗੇ। (ਕਿਰਤੀ ਅਕਤੂਬਰ 1926)
ਬਾਬਾ ਸੋਹਣ ਸਿੰਘ ਭਕਨਾ
ਬਾਬਾ ਸੋਹਨ ਸਿੰਘ ਭਕਨੇ ਨੇ ਜੇਲ੍ਹ ਵਿਚ ਹੀ ਆਪਣੀ ਸਵੈ-ਜੀਵਨੀ ‘ਮੇਰੀ ਰਾਮ-ਕਹਾਣੀ‘ ਲਿਖ ਲਈ ਸੀ ਜੋ 1930 ਵਿਚ ਮਹੀਨੇਵਾਰ ਕਿਰਤੀ ਅਤੇ ਰੋਜਾਨਾ ‘ਅਕਾਲੀ ਤੇ ਪ੍ਰਦੇਸੀ‘ ਵਿਚ ਛਪੀ ਸੀ। 30 ਮਾਰਚ 1930 ਦੇ ‘ਅਕਾਲੀ ਤੇ ਪ੍ਰਦੇਸੀ‘ ਵਿਚ ਛਪੀ ਕਿਸ਼ਤ ਵਿਚੋਂ ਸਪਸ਼ਟ ਸੰਕੇਤ ਮਿਲ ਜਾਂਦਾ ਹੈ ਕਿ ਲਾਲਾ ਲਾਜਪਤ ਰਾਏ ‘ਦਾੜ੍ਹੇ ਕੇਸਾਂ ਤੇ ਦਸਤਾਰਿਆਂ’ ਵਾਲੇ ਸਿੱਖ ਕਾਮਿਆਂ ਪ੍ਰਤੀ ਕਿੰਨੇ ਤੁਅੱਸਬੀ ਵਿਚਾਰ ਰਖਦਾ ਸੀ। ਬਾਬਾ ਜੀ ਨੇ ਲਿਖਿਆ ਸੀ:
‘ਵਪਾਰ ਤੇ ਵਾਹੀ ਤੋਂ ਛੁਟ ਹੁਣ ਸਾਡੀ ਮਜ਼ੂਰੀ ਵੀ ਅਮਰੀਕਣਾਂ ਦੀਆਂ ਅੱਖਾਂ ਦਾ ਕੰਡਾ ਬਣ ਗਈ। ਉਥੋਂ ਦਾ ਮਜ਼ੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਹਥ ਪੈਰ ਧੋ ਕੇ ਪਿਛੇ ਪੈ ਗਿਆ। ਅਖੀਰ ਵਿਚ ਦੋ ਲੱਕੜੀ ਦੇ ਕਾਰਖਾਨਿਆਂ ਵਿਚੋਂ ਮਜ਼ਦੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ ਮਾਰ ਕੇ ਕੱਢ ਦਿਤਾ। ਸ਼ਾਇਦ ਪਾਠਕ ਇਹ ਖਿਆਲ ਕਰਨਗੇ ਕਿ ਇਹਨਾ ਕਾਰਖਾਨਿਆਂ ਵਿਚ ਦਸਤਾਰਿਆਂ ਵਾਲੇ ਪੰਜਾਬੀ ਸਿੱਖ ਹੋਣਗੇ ਜਿਹਨਾਂ ਨੂੰ ਲਾਲਾ ਲਾਜਪਤ ਰਾਏ ਆਦਿਕਾਂ ਦੇ ਖਿਆਲ ਅਨੁਸਾਰ, ਅਮਰੀਕਨ ਇਸ ਵਾਸਤੇ ਹੋਛੀ ਨਿਗਾਹ ਨਾਲ ਨਹੀਂ ਸਨ ਦੇਖਦੇ ਕਿ ਦਾੜ੍ਹੇ ਕੇਸ ਤੇ ਦਸਤਾਰਿਆਂ ਦੇ ਕਾਰਨ (ਉਹ) ਮੈਲੇ-ਕੁਚੇਲੇ ਰਹਿੰਦੇ ਸਨ, ਦੂਜੇ ਉਹਨਾਂ ਦਾ ਚਾਲ ਚਲਨ ਵੀ ਦਸਤਾਰਿਆਂ (ਪਗੜੀਆਂ) ਵਾਲੇ ਨਹੀਂ ਸਨ ਸਗੋਂ ਟੋਪੀਆਂ ਵਾਲੇ ਜੈਂਟਲਮੈਨ ਹਿੰਦੀ ਸਨ ਜਿਹਨਾਂ ਦੀ ਇਹ ਦੁਰਗਤ ਹੋਈ।‘
ਬਾਬਾ ਗੁਰਦਿੱਤ ਸਿੰਘ ਕਾਮਾਗਾਟਾ-ਮਾਰੂ
ਬੱਜ ਬੱਜ ਘਾਟ ਦੇ ਸਾਕੇ ਤੋਂ ਬਾਅਦ ਬਾਬਾ ਜੀ ਲੁਕ-ਛਿਪ ਕੇ ਜੀਵਨ ਬਿਤਾਉਣ ਲਈ ਮਜਬੂਰ ਹੋ ਗਏ। ਇਸ ਸਮੇਂ ਇਕ ਵਾਰ ਉਹਨਾਂ ਦਾ ਲਾਲਾ ਲਾਜਪਤਰਾਏ ਨਾਲ ਮੇਲ ਹੋ ਗਿਆ। ਪਰ ਲਾਲਾ ਜੀ ਉਹਨਾਂ ਦੀ ਕਿਸੇ ਕਿਸਮ ਦੀ ਮਦਦ ਕਰਨ ਤੋਂ ਟਾਲ-ਮਟੋਲਾ ਕਰ ਗਏ। ਇਸ ਬੇਸੁਆਦੀ ਮੁਲਾਕਾਤ ਬਾਰੇ ਬਾਬਾ ਜੀ ਤੋਂ ਸੁਣੋ:
ਇਕ ਵਾਰ ਮੈਨੂੰ ਪਤਾ ਲੱਗਿਆ ਕਿ ਲਾਲਾ ਲਾਜਪਤ ਰਾਏ ਬੰਬਈ ਆਇਆ ਹੋਇਆ ਹੈ…. ਮੈਂ ਉਸ ਨੂੰ ਮਿਲਣ ਗਿਆ… (ਦੋ ਘੰਟੇ ਦੀ ਉਡੀਕ ਬਾਅਦ) ਮੈਂ ਇਕ ਚਿੱਟ ਲਿਖੀ, ‘ਮੈਂ ਕਾਮਾਗਾਟਾ ਮਾਰੂ ਵਾਲਾ ਗੁਰਦਿੱਤ ਸਿੰਘ ਹਾਂ‘ ਅਤੇ ਗੇਟ-ਕੀਪਰ ਨੂੰ ਦੇ ਦਿਤੀ ਅਤੇ ਕਿਹਾ ਕਿ ਲਾਲਾ ਜੀ ਨੂੰ ਦੇ ਦਿਓ। ਮੈਂ ਗੇਟ ਕੀਪਰ ਦੇ ਇਕ ਇਕ ਕਦਮ ਨੂੰ ਇਹ ਜਾਨਣ ਲਈ ਧਿਆਨ ਨਾਲ ਦੇਖਿਆ ਕਿ ਜਦੋਂ ਲਾਲਾ ਜੀ ਨੂੰ ਚਿੱਟ ਦਿਤੀ ਜਾਵੇਗੀ ਤਾਂ ਉਸ ਦਾ ਕੀ ਪ੍ਰਤੀਕਰਮ ਹੋਵੇਗਾ। ਮੈਂ ਦੇਖਿਆ ਕਿ ਜਦੋਂ ਲਾਲਾ ਜੀ ਨੂੰ ਚਿੱਟ ਫੜਾਈ ਗਈ ਤਾਂ ਉਸ ਨੇ ਇਹ ਸੋਚਦਿਆਂ ਹੋਇਆਂ ਕਿ ਗੁਰਦਿੱਤ ਸਿੰਘ ਤਾਂ ਮਰ ਚੁੱਕਾ, ਇਸ ਨੂੰ ਪਾਸੇ ਰੱਖ ਦਿਤਾ। ਜਿਉਂ ਹੀ ਮੈਂ ਦੇਖਿਆ ਕਿ ਚਿੱਟ ਤਾਂ ਪਾਸੇ ਸੁੱਟ ਦਿਤੀ ਗਈ ਹੈ, ਮੈਂ ਭੱਜ ਕੇ ਅੰਦਰ ਚਲਾ ਗਿਆ ਅਤੇ ਉਸ ਨੂੰ ਚੁੱਕ ਲਿਆ ਤਾਂ ਕਿ ਹੋਰ ਕਿਸੇ ਨੂੰ ਪਤਾ ਨਾ ਲਗ ਸਕੇ ਕਿ ਮੈਂ ਵੀ ਉਥੇ ਪਹੁੰਚਿਆ ਹੋਇਆ ਹਾਂ। ਜਦੋਂ ਲਾਲਾ ਜੀ ਗੇਟ ਵਿਚੋਂ ਬਾਹਰ ਨਿਕਲੇ ਮੈਂ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਉਸ ਦੀ ਬਾਂਹ ਫੜ ਕੇ ਕਿਹਾ, ‘ਮੈਂ ਤੁਹਾਡੇ ਨਾਲ ਗੱਲ ਕਰਨ ਲਈ ਉਡੀਕਦਾ ਉਡੀਕਦਾ ਥੱਕ ਗਿਆ ਹਾਂ, ਮਿਹਰਬਾਨੀ ਕਰਕੇ ਮੈਨੂੰ ਗੱਲ ਕਰਨ ਲਈ ਸਮਾਂ ਦਿਓ। ਮੈਂ ਉਸ ਨੂੰ ਚਿੱਟ ਦਿਖਾਈ ਕਿ ਜੇ ਇਹ ਪੁਲਿਸ ਦੇ ਹੱਥ ਲਗ ਜਾਂਦੀ ਤਾਂ ਕੀ ਹੁੰਦਾ। ਇਸ ਦੇ ਬਾਵਜੂਦ ਵੀ ਉਸ ਨੇ ਮੇਰੇ ਮਾਮਲੇ ਵੱਲ ਕੋਈ ਬਹੁਤਾ ਧਿਆਨ ਨਾ ਦਿਤਾ। ਉਸ ਨੇ ਮੈਨੂੰ ਕਿਹਾ ਲਾਹੌਰ ਜਾ ਕੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨਾਲ ਗੱਲ ਕਰ… ਜੇ ਉਹ ਕਹੇਗਾ ਤਾਂ ਹੀ ਮੈਂ ਤੇਰੇ ਕੇਸ ਨੂੰ ਹੱਥ ਲਵਾਂਗਾ।‘
(ੜੋੇਅਗੲ ੋਾ ਖਅਮਅਗਅਟਅਮਅਰੁ, ਪਪ। 198-99)
ਪ੍ਰੋ. ਬਰਕਤ ਉਲ੍ਹਾ
ਗਦਰ ਪਾਰਟੀ ਦੇ ਪ੍ਰਮੁੱਖ ਆਗੂ ਪ੍ਰੋ. ਬਰਕਤ ਉਲ੍ਹਾ ਨੂੰ ਲਾਲਾ ਲਾਜਪਤ ਰਾਏ ਨਫ਼ਰਤ ਨਾਲ ‘ਬਗਲੋਲ’ ਕਹਿੰਦਾ ਹੁੰਦਾ ਸੀ ਜਿਸ ਦਾ ਭਾਵ ਸੀ ਮੂਰਖ।‘ ਲਾਲੇ ਨੂੰ ਰੰਜ਼ਸ਼ ਸੀ ਕਿ ਬਰਕਤ ਉਲ੍ਹਾ ‘ਮੈਨੂੰ ਬੁਜ਼ਦਿਲ ਕਹਿੰਦਾ ਹੁੰਦਾ ਸੀ ਅਤੇ ਉਸ ਨੇ ਮੇਰੇ ਨਾਲ ਕੋਈ ਵੀ ਭੇਦ ਸਾਂਝਾ ਕਰਨ ਤੋਂ ਇਨਕਾਰ ਕਰ ਦਿਤਾ ਸੀ‘। ਇਹ ਗੱਲ ਲਾਲਾ ਲਾਜਪਤ ਰਾਏ ਦੀ ਕਿਤਾਬ ‘ਸਟੋਰੀ ਆਫ਼ ਮਾਈ ਲਾਈਫ‘ ਦੇ ਸਫ਼ਾ 199 ‘ਤੇ ਦਰਜ ਹੈ।
ਭਾਈ ਪਰਮਾਨੰਦ ਲਾਹੌਰ
ਭਾਈ ਪਰਮਾਨੰਦ ਲਾਹੌਰ ਨੂੰ ਗਦਰੀ ਬਾਬਿਆਂ ਨਾਲ ਫਾਂਸੀ ਦਾ ਹਕਮ ਹੋਇਆ ਸੀ ਜਿਸ ਨੂੰ ਬਾਅਦ ਵਿਚ ਉਮਰ ਕੈਦ ਵਿਚ ਬਦਲ ਦਿਤਾ ਗਿਆ। ਭਾਈ ਜੀ ਨੇ ਰਿਹਾਅ ਹੋਣ ਤੋਂ ਬਾਅਦ 22 ਫਰਵਰੀ 1928 ਦੇ ਆਪਣੇ ਪਰਚੇ ‘ਹਿੰਦੂ‘ ਵਿਚ ਲਿਖਿਆ ਸੀ ਕਿ ਅਮਰੀਕਾ ਨਿਵਾਸੀ ਹਿੰਦੀ ਦੇਸ਼ ਭਗਤਾਂ ਨੇ ਲਾਲਾ ਲਾਜਪਤ ਰਾਏ ਨੂੰ- ਜਦੋਂ ਉਹ ਅਮਰੀਕਾ ਗਏ ਹੋਏ ਸਨ ਤੇ ਭਾਈ ਜੀ ਅੰਡੇਮਾਨ ਜੇਲ੍ਹ ਵਿਚ ਕੈਦ ਸਨ- ਭਾਈ ਜੀ ਦੇ ਪਰਿਵਾਰ ਦੀ ਸਹਾਇਤਾ ਲਈ 11000 ਰੁਪਏ ਭੇਜੇ ਸਨ ਜੋ ਪਰਿਵਾਰ ਨੂੰ ਨਹੀਂ ਮਿਲੇ।
ਬਾਬਾ ਗੁਰਮੁੱਖ ਸਿੰਘ ਲਲਤੋਂ
ਪੰਜਾਬ ਦੇ ਉਘੇ ਨਾਵਲਕਾਰ ਸ.ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ‘ਪੁੰਨਿਆ ਦਾ ਚਾਨਣ‘ ਦੇ ਸਫ਼ਾ 23 ‘ਤੇ ਇਕ ਘਟਨਾ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ :
‘ਪਿੰਡ ਵਿਚ ਇਕ ਦਿਨ ਕਮਿਊਨਿਸਟ ਕਾਨਫਰੰਸ ਆ ਗਈ। (ਗ਼ਦਰੀ) ਬਾਬਾ ਗੁਰਮੁੱਖ ਸਿੰਘ ਮੇਰੇ ਘਰ ਹੀ ਮੇਰੇ ਦੁਆਲੇ ਖੂੰਡਾ ਚੁੱਕ ਖਲੋਤਾ। ਤੇਜਾ ਸਿੰਘ ਸੁਤੰਤਰ ਤੇ (ਅਵਤਾਰ ਸਿੰਘ) ਮਲਹੋਤਰਾ ਸਾਡਾ ਤਮਾਸ਼ਾ ਵੇਖਦੇ ਮਿੰਨਾ ਮਿੰਨਾ ਮੁਸਕਾਈ ਜਾ ਰਹੇ ਸਨ। ਬਾਬਾ ਮਿਲਦੇ ਸਾਰ ਹੀ ਚੜ੍ਹ ਪਿਆ।
‘ਓਏ ਕੰਵਲਾ! ਖੋਟੇ ਲਾਲੇ ਦਿਆ ਝੋਲੀਚੁੱਕਾ! ਤੈਨੂੰ ਯਾਦਗਾਰਾਂ ਬਣਾਉਣ ਲਈ ਫਾਂਸੀ ਚੜ੍ਹਨ ਵਾਲੇ ਪਿੰਡ ਦੇ ਦੇਸ਼ ਭਗਤ ਨਾ ਦਿਸੇ? ਗ਼ਦਰ ਪਾਰਟੀ ਦਾ ਫੰਡ ਹਜ਼ਮ ਕਰਨ ਵਾਲਾ ਲਾਲਾ ਅਸਮਾਨੇ ਚਾੜ੍ਹ ਛੱਡਿਆ?‘
ਮੈਂ ਹੀ ਨਹੀਂ, ਸਾਰਾ ਹਿੰਦੋਸਤਤਾਨ ਬਾਬਾ ਗੁਰਮੁਖ ਸਿੰਘ ਦੀ ਬੱਤੀ ਵਰ੍ਹੇ ਕੱਟੀ ਸਖ਼ਤ ਜੇਲ੍ਹ ਦਾ ਸਤਿਕਾਰ ਕਰਦਾ ਸੀ। ਮੈਂ ਬਾਬਾ ਜੀ ਦੇ ਸਖ਼ਤ ਖਿੰਗਰ ਸੁਭਾਅ ਨੂੰ ਸਤਿਕਾਰਤ ਮਖਣੀ ਲਾਇਆ ਚਾਹੁੰਦਾ ਸੀ। ਲਾਲੇ ਦਾ ਨਾਂ ਵਰਤਣ ‘ਤੇ ਮੈਨੂੰ ਬਾਬੇ ਦੇ ਔਖੇ ਹੋਣ ਦਾ ਪਹਿਲੋਂ ਹੀ ਪਤਾ ਸੀ। ਇਸ ਗੱਲ ‘ਤੇ ਇਕ ਵਾਰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਵੀ ਉਹ ਮੇਰੇ ਗਲ਼ ਪਿਆ ਸੀ। ‘ਮੈਂ ਨਿਮਰਤਾ ਨਾਲ ਬੇਨਤੀ ਕੀਤੀ, ‘ਬਾਬਾ ਜੀ…ਲਾਲੇ ਦੇ ਨਾਂਅ ਨਾਲ ਸਰਕਾਰੀ ਮੱਝ ਪਸਮਦੀ ਸੀ, ਅਸਾਂ ਚਾਟ ਪਾ ਕੇ ਚੋ ਲਈ ; ਕੀ ਬੁਰਾ ਕੀਤਾ? ਅਸਾਂ ਕਾਲਜ ਤੱਕ ਦੀਆਂ ਸਹੂਲਤਾਂ ਖੜ੍ਹੀਆਂ ਕਰ ਲਈਆਂ ; ਕੀ ਮਾੜਾ ਕੀਤਾ ?…. ਗਾਂਧੀ ਤੁਹਾਡੇ ਬਹੁਤਿਆਂ ਸਿਆਣਿਆਂ ਨਾਲ ਕਿਵੇਂ ਠੱਗੀ ਮਾਰ ਗਿਆ? ਜੇਲ੍ਹਾਂ ਦੀ ਸਖਤ ਕੁੱਟ ਤੁਸਾਂ ਖਾਧੀ ; ਚੂਰੀ ਖਰੀ ਬਾਹਮਣ ਤੋਤੇ ਮੁਫ਼ਤ ਵਿਚ ਹੀ ਖਾ ਗਏ‘, ਮੈਂ ਬਾਬੇ ਦਾ ਸਖਤ ਰਵੱਈਆ ਤਾੜ ਗਿਆ ਸੀ, ਜੇ ਬਹੁਤਾ ਨਰਮ ਨਾ ਪਿਆ ਆਪਣੇ ਘਰ ਵਿਚ ਹੀ ਬਾਬੇ ਤੋਂ ਕੁੱਟ ਖਾਵਾਂਗਾ।
‘ਹੁਣ ਬੱਚੂ ਤੂੰ ਸਾਨੂੰ ਮੱਤਾਂ ਦੇਵੇਂਗਾ।‘ ਬਾਬੇ ਦਾ ਢਲਦਾ ਗੁੱਸਾ ਜਾਚ ਕੇ ਮੈਂ ਸ਼ੁਕਰ ਮਨਾਇਆ।
ਸਾਕਾ ਨਨਕਾਣਾ ਸਾਹਿਬ ਦੌਰਾਨ
ਲਾਲਾ ਲਾਜਪਤ ਰਾਏ ਦਾ ਸਿੱਖ-ਦੁਸ਼ਮਣ ਰੋਲ
ਜਦੋਂ ਸਿੱਖ ਪੰਥ ਅੰਦਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਮਹੰਤ ਨਰੈਣ ਦਾਸ ਦਾ ਕਬਜਾ ਤੋੜ ਕੇ ਉਸ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦੀ ਗੱਲ ਚੱਲੀ ਤਾਂ ਜਿਹੜੇ ਜਿਹੜੇ ਵਿਅਕਤੀ ਮਹੰਤ ਦੀ ਮਦਦ ਅਤੇ ਪੰਥ ਦੇ ਵਿਰੋਧ ਵਿਚ ਆ ਨਿਤਰੇ, ਉਨ੍ਹਾਂ ਵਿਚੋਂ ਇਕ ਲਾਲਾ ਲਾਜਪਤ ਰਾਏ ਵੀ ਸੀ। ਸ. ਗੁਰਬਖਸ਼ ਸਿੰਘ ‘ਸਮਸ਼ੇਰ‘ ਝੁਬਾਲੀਏ ਨੇ ਸਾਕਾ ਨਨਕਾਣਾ ਸਾਹਿਬ ਬਾਰੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ ਇਕ ਖੋਜ ਭਰਪੂਰ ਰਿਪੋਰਟ, ਜੋ 1938 ਵਿਚ ਕਿਤਾਬ ਦੇ ਰੂਪ ਵਿਚ ਛਪੀ ਸੀ ਅਤੇ ਜਿਸ ਨੂੰ ਪਿੱਛੇ ਜਿਹੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ, ਵਿਚ ਇਹ ਖੁਲਾਸਾ ਕੀਤਾ ਸੀ :
‘(ਮਹੰਤ ਨਰੈਣ ਦਾਸ ਵੱਲੋਂ) ਲਾਲਾ ਲਾਜਪਤ ਰਾਏ ਦੇ ‘ਬੰਦੇ ਮਾਤਰਮ‘ ਅਖ਼ਬਾਰ ਨੂੰ 50000 ਰੁਪਿਆ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਸ ਨੇ ਗਲਤ ਫਹਿਮੀ ਪੈਦਾ ਕਰਨ ਵਾਲੇ ਨੋਟ ਲਿਖੇ। ਦੂਜਾ ਲਾਲਾ ਜੀ ਨਾਲ ਇਹ ਫੈਸਲਾ ਹੋਇਆ ਸੀ ਕਿ (ਜਨਮ ਅਸਥਾਨ ਦੇ ਪ੍ਰਬੰਧ ਲਈ) ਇਕ ਟਰੱਸਟ ਬਣਾਇਆ ਜਾਵੇਗਾ ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ। ਮਹੰਤ ਨੂੰ ਗੁਜ਼ਾਰਾ ਦੇ ਕੇ ਬਾਕੀ ਰੁਪਿਆ ਨੈਸ਼ਨਲ ਯੂਨੀਵਰਸਿਟੀ ਤੇ ਪੁਲੀਟੀਕਲ ਕੰਮਾਂ ‘ਤੇ ਖਰਚ ਕੀਤਾ ਜਾਵੇਗਾ।‘ (ਸਫ਼ਾ 129)
ਲਾਲਾ ਲਾਜਪਤ ਰਾਏ ਨੇ ਉਚ ਕੋਟੀ ਦੇ ਕਾਂਗਰਸੀ ਨੇਤਾਵਾਂ ਨੂੰ ਮਹੰਤ ਦੇ ਪੱਖ ਵਿਚ ਲਿਆਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ। (ਇਸ ਕੰਮ ਵਿਚ ਉਸ ਨੂੰ ਕਿੰਨੀ ਕੁ ਸਫ਼ਲਤਾ ਮਿਲੀ, ਇਹ ਵੱਖਰਾ ਵਿਸ਼ਾ ਹੈ) ਇਸਦਾ ਸਬੂਤ ਉਹ ਤਾਰ ਹੈ, ਜੋ ਸਾਕਾ ਵਾਪਰਨ ਤੋਂ ਬਾਅਦ ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਸਮੇਂ ਉਸ ਦੀ ਘਰ ਦੀ ਤਲਾਸ਼ੀ ਲੈਣ ਵੇਲੇ ਮਿਲੀ ਸੀ। ਭਾਈ ਗੁਰਬਖਸ਼ ਸਿੰਘ ‘ਸਮਸ਼ੇਰ‘ ਆਪਣੀ ਰਿਪੋਰਟ ਵਿਚ ਦੱਸਦੇ ਹਨ, ਇਕ ਤਾਰ ਮਿਲੀ ਜੋ ਮਹੰਤ ਨਰੈਣ ਦਾਸ ਦੇ ਨਾਮ ‘ਤੇ ਲਾਲਾ ਲਾਜਪਤ ਰਾਏ ਵੱਲੋਂ ਲਿਖੀ ਗਈ, ਜਿਸ ਵਿਚ ਲਿਖਿਆ ਗਿਆ ਸੀ ਕਿ ਮਹਾਤਮਾ ਗਾਂਧੀ ਜੀ ਨਨਕਾਣੇ ਸਾਹਿਬ ਨਹੀਂ ਆ ਸਕਦੇ‘ (ਉਪਰੋਕਤ)
ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਨੇ ਵੀ ਲਾਲਾ ਲਾਜਪਤ ਰਾਏ ਦੇ ਇਸ ਰੋਲ ਦੀ ਚਰਚਾ ਆਪਣੀ ਕਿਤਾਬ ‘ਸ਼ੁਧਾਰ ਖਾਲਸਾ‘ ਵਿਚ ਕੀਤੀ ਹੈ। ਗਿਆਨੀ ਕਲਾਸਵਾਲੀਆ ਜੀ ਪਹਿਲਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਫਿਰ ਮੁੱਖ ਗ੍ਰੰਥੀ ਰਹੇ ਹਨ। ਉਨ੍ਹਾਂ ਦੀ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ 25ਵੀਂ ਵਰ੍ਹੇਗੰਢ ਸਮੇਂ ਮੁੜ ਛਾਪੀ ਸੀ। ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਦ੍ਰਿਸ਼ ਨੂੰ ਬਿਆਨ ਕਰਦਿਆਂ ਕਲਾਸਵਾਲੀਆ ਜੀ ਨੇ ਮਹੰਤ ਦੇ ਕੁਝ ਯਾਰਾਂ ਦੇ ਇਸ ਤਰ੍ਹਾਂ ਨਾਂਅ ਗਿਣਾਏ ਹਨ :
ਮੁਖੀਏ ਪੰਥ ਦੇ ਕਾਜ ਸੰਭਾਲ ਬੈਠੇ
ਮਹੰਤ ਸਣੇ ਮਹੰਤ ਦੇ ਯਾਰ ਗਏ।
ਕਬਜ਼ਾ ਪੰਥ ਦਾ ਜਨਮ ਅਸਥਾਨ ਉੱਤੇ
ਬੜੇ ਬਾਵੇ ਭੀ ਕਿਧਰੇ ਸਿਧਾਰ ਗਏ।
ਸੰਤ ਸੇਵਕ ਹੋਰੀਂ ਕਿਤੇ ਜਾ ਛੁਪੇ,
ਲੜੇ ਲਾਜਪਤ ਰਾਏ ਪਧਾਰ ਗਏ।
ਸਾਥ ਬੜੇ ਮਹੰਤ ਭੀ ਛੱਡ ਗਏ,
ਹੋ ਅੜੇ ਉਦਾਸੀ ਉਡਾਰ ਗਏ।
ਬੈਠਾ ਜੇਹਲ ਅੰਦਰ ਜਾ ਪਾਪੀ
ਘੁਸੜ ਸਾਰੇ ਹੀ ਬੜੇ ਹੰਕਾਰ ਗਏ (ਸਫ਼ਾ 186)
ਲਾਲਾ ਲਾਜਪਤ ਰਾਏ ਦੇ ਨਾਂਅ ਨਾਲ ਸਟਾਰ ਲਾ ਕੇ ਹੇਠਾਂ ਇਹ ਫੁੱਟ ਨੋਟ ਦਿੱਤਾ ਗਿਆ :
‘ਲਾਜਪਤ ਰਾਏ ਹੋਰਾਂ ਦੀ ਮਨਸ਼ਾ ਸੀ ਕਿ ਮਹੰਤ ਨੂੰ ਅਪਨੇ ਕਾਬੂ ਕਰਕੇ ਏਥੋਂ ਦੇ ਕਾਰਕੁਨ ਅਸੀਂ ਬਣ ਜਾਈਏ ਤੇ ਏਸ ਪੰਥ ਦੀ ਜਾਇਦਾਦ ਪਾਸੋਂ ਪੰਥ ਘਾਤੀ ਪੈਦਾ ਕਰਨ ਦਾ ਕੰਮ ਲਈਏ ਤੇ ਇਕ ਨੈਸ਼ਨਲ ਯੂਨੀਵਰਸਿਟੀ ਕਾਇਮ ਕਰੀਏ ਤੇ ਬਾਕੀ ਦਾ ਪੈਸਾ ਪੋਲੀਟੀਕਲ ਕੰਮਾਂ ਵਿਚ ਖਰਚ ਕਰੀਏ।‘
ਲਾਲਾ ਲਾਜਪਤ ਰਾਏ ਆਪਣੀ ਅਖ਼ਬਾਰ ‘ਬੰਦੇ ਮਾਤਰਮ‘ ਵਿਚ ਨਨਕਾਣਾ ਸਾਹਿਬ ਦੇ ਗੁਰਦੁਆਰੇ ਬਾਰੇ ਕਿਹੋ ਜਿਹੀਆਂ ਲਿਖਤਾਂ ਲਿਖਦੇ ਰਹੇ, ਇਸ ਦੀ ਇਕ ਮਿਸਾਲ ਡਾ. ਕੁਲਵਿੰਦਰ ਸਿੰਘ ਬਾਜਵਾ (ਜੋ ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਖੀ ਰਹੇ ਹਨ) ਨੇ ਆਪਣੀ ਕਿਤਾਬ ‘ਅਕਾਲੀ ਦਲ : ਸੱਚਾ ਸੌਦਾ ਬਾਰ‘ ਦੇ ਸਫ਼ੇ 44-45 ‘ਤੇ ਦਿੱਤੀ ਹੈ। ਇਹ ਕਿਤਾਬ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਮਾਰਚ 2000 ਵਿਚ ਛਾਪੀ ਸੀ।
ਡਾ. ਬਾਜਵਾ ਮੁਤਾਬਕ, ‘16 ਨਵੰਬਰ 1921 ਦੇ ‘ਬੰਦੇ ਮਾਤਰਮ‘ ਵਿਚ ਲਾਲਾ ਲਾਜਪਤ ਰਾਏ ਨੇ ਗੁਰੂ ਨਾਨਕ ਸਾਹਿਬ ਦੇ ਬਚਪਨ ਨਾਲ ਜੁੜੀ ‘ਸੱਚਾ ਸੌਦਾ’ ਦੀ ਸਾਖੀ ਦੇ ਹਵਾਲੇ ਨਾਲ ਲਿਖਿਆ, ‘ਜਿਸ ਸ਼ਖਸ ਨੇ ਆਪਣੇ ਪਿਤਾ ਕੇ ਸਰਮਾਇਆ ਕੋ ਸਾਧੂਓਂ ਕੋ ਖਿਲਾ ਦੀਆ ਅਬ ਉਸ ਕੇ ਨਾਮ ਕੇ ਮੰਦਰ ਮੇਂ ਜਾਇਦਾਦ ਆਮਦਾਨਾਓ ਕੇ ਅਖਤਿਆਰ ਕਾ ਝਗੜਾ ਹੋ ਰਹਾ ਹੈ।‘
ਦੇਖੋ, ਆਰੀਆ ਸਮਾਜ ਦੀ ਬੋਲੀ ਬੋਲਦਾ ਹੋਇਆ ਲਾਲਾ ਸ਼ਰਾਰਤ ਤੇ ਸ਼ੈਤਾਨੀ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘ਸ਼ਖਸ‘ ਕਹਿਣ ਦੀ ਗੁਸਤਾਖੀ਼ ਕਰਦਾ ਹੈ, ਗੁਰਦੁਆਰਾ ‘ਜਨਮ ਅਸਥਾਨ‘ ਨੂੰ ‘ਮੰਦਰ’ ਦਾ ਨਾਂਅ ਦਿੰਦਾ ਹੈ ਅਤੇ ‘ਜਨਮ ਅਸਥਾਨ‘ ਅੰਦਰ ਪ੍ਰਚਲਤ ਹਿੰਦੂਵਾਦੀ ਰਸਮਾਂ ਨੂੰ ਬੰਦ ਕਰਵਾਕੇ ਪੰਥਕ ਮਰਿਆਦਾ ਸ਼ੁਰੂ ਕਰਵਾਉਣ ਦੇ ਸਿਧਾਂਤਕ ਮਾਮਲੇ ਨੂੰ ‘ਆਮਦਾਨਾਓ ਦੇ ਅਖਤਿਆਰ ਦਾ ਝਗੜਾ’ ਕਰਾਰ ਦਿੰਦਾ ਹੈ!
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਨਜ਼ਰਾਂ ਵਿਚ ਲਾਲ ਲਾਜਪਤ ਰਾਏ
ਸ਼ਹੀਦ ਸੁਖਦੇਵ
ਸ਼ਹੀਦ ਸੁਖਦੇਵ ਸਿੰਘ ਦੇ ਛੋਟੇ ਭਰਾ ਮਥਰਾ ਦਾਸ ਥਾਪਰ ਨੇ ‘ਜੀਵਨ ਗਾਥਾ: ਅਮਰ ਸ਼ਹੀਦ ਸੁਖਦੇਵ‘ ਨਾਂਅ ਦੀ ਇਕ ਕਿਤਾਬ ਲਿਖੀ ਹੈ ਜਿਸ ਵਿਚ ਉਸ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਲਾਲਾ ਲਾਜਪਤ ਰਾਏ ਬਾਰੇ ਵਿਚਾਰ ਦਰਜ ਕੀਤੇ ਹਨ। ਮਥਰਾ ਦਾਸ ਮੁਤਾਬਕ, ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਕੀਤੇ ਜਾ ਰਹੇ ਮੁਜ਼ਾਹਰੇ ਦੇ ਦੌਰਾਨ ਪੁਲੀਸ ਦੁਆਰਾ ਕੀਤੇ ਗਏ ਲਾਠੀਚਾਰਜ ਦੀ ਵਜ੍ਹਾ ਕਰਕੇ ‘ਲਾਲਾ ਲਾਜਪਤ ਰਾਏ (ਲਾਠੀ ਦੀ) ਸੱਟ ਖਾ ਕੇ ਫੌਰਨ ਗਰਜ ਕੇ ਬੋਲੇ, ‘ਪੁਲਿਸ ਦੀ ਇਸ ਜ਼ਾਲਮਾਨਾ ਹਰਕਤ ਦੇ ਖਿਲਾਫ਼ ਮੁਜਾਹਰੇ ਨੂੰ ਮੁਅੱਤਲ ਕਰ ਦਿਤਾ ਜਾਵੇ‘। ਨੇਤਾ ਦੀ ਇਸ ਗਰਜ ਨੇ ਨੌਜਵਾਨਾਂ ਨੂੰ ਨਿਰਉਤਸ਼ਾਹ ਕਰ ਦਿੱਤਾ ਤੇ ਉਸ ਦਿਨ ਦਾ ਉਹ ਜੋ਼ਰਦਾਰ ਮੁਜ਼ਾਹਰਾ ਰੱਦ ਕਰ ਦਿਤਾ ਗਿਆ… ਸਟੇਸ਼ਨ ਵਾਲੇ ਮੁਜ਼ਾਹਰੇ ਦਾ ਅਚਾਨਕ ਮੁਅੱਤਲ ਕਰ ਦਿੱਤਾ ਜਾਣਾ ਸੁਖਦੇਵ ਨੂੰ ਚੰਗਾ ਨਹੀਂ ਲੱਗਾ ਸੀ। ਇਸ ਨਾਲ ਉਸ ਦੇ ਮਨ ਵਿਚ ਲਾਲਾ ਜੀ ਪ੍ਰਤੀ ਕੋਈ ਚੰਗੀ ਰਾਇ ਨਹੀਂ ਬਣੀ ਸੀ। ਉਂਝ ਵੀ ਪੰਜਾਬ ਕੇਸਰੀ ਦੇ ਬਦਲਦੇ ਹੋਏ ਚਰਿਤਰ ਨੇ ਨੌਜਵਾਨਾਂ ਨੂੰ ਨਿਰਾਸ਼ ਕਰ ਦਿਤਾ ਸੀ। ਉਹ (ਲਾਲਾ ਜੀ) ਇਨਕਲਾਬੀਆਂ ਤੋਂ ਚਿੜ੍ਹੇ ਹੋਏ ਸੀ ਜਾਂ ਸ਼ਾਇਦ ਉਨ੍ਹਾਂ ਤੋਂ ਡਰਦੇ ਸੀ। ਉਨ੍ਹਾਂ ਨੇ ਤਾਂ ਇਥੋਂ ਤਕ ਵੀ ਕੀਤਾ ਸੀ ਕਿ ਕਾਕੋਰੀ ਕੇਸ ਦੀ ਮਦਦ ਵਾਸਤੇ ਧਨ ਦੇ ਕੇ ਵਾਪਸ ਮੰਗ ਲਿਆ….।‘ (ਸਫ਼ਾ 84)
ਸ਼ਿਵ ਵਰਮਾ
ਸ਼ਹੀਦ ਭਗਤ ਸਿੰਘ ਦੇ ਇਕ ਹੋਰ ਨੇੜਲੇ ਸਾਥੀ ਸ਼ਿਵ ਵਰਮਾ ਜੀ ਲਾਲਾ ਲਾਜਪਤ ਰਾਏ ਬਾਰੇ ਲਿਖਦੇ ਹਨ, ‘ਭਗਤ ਸਿੰਘ ਅਤੇ ਸੁਖਦੇਵ ਵਾਸਤੇ ਤਾਂ ਉਹਨਾਂ ਨੇ ਆਪਣੇ ਬੰਗਲੇ ਦੇ ਫਾਟਕ ਹਮੇਸ਼ਾ ਲਈ ਬੰਦ ਕਰਵਾ ਦਿਤੇ ਸਨ। ਉਹਨਾਂ ਨੇ ਫਿਰਕੂ ਪੁਣੇ ਦਾ ਸਾਥ ਦੇਣਾ ਸ਼ੁਰੂ ਕਰ ਦਿਤਾ ਸੀ।‘ (ਉਪਰੋਕਤ) ਏਨੇ ਵੱਡੇ ਮੱਤਭੇਦਾਂ ਦੇ ਬਾਵਜੂਦ ਸਕਾਟ ਨੂੰ ਮਾਰਨ ਦਾ ਕਿਉਂ ਫੈਸਲਾ ਕੀਤਾ। ਇਸ ਦੀ ਵਿਆਖਿਆ ਸ਼ਿਵ ਵਰਮਾ ਜੀ ਇਸ ਤਰ੍ਹਾਂ ਕਰਦੇ ਹਨ, ‘ਪਰ ਇਹ (ਮੱਤਭੇਦ) ਸਾਡੇ ਦੇਸ਼ ਦੇ ਅੰਦਰ ਦੀ ਗੱਲ ਹੈ। ਦੇਸ਼ ਦੇ ਬਾਹਰ ਲੋਕ ਉਨ੍ਹਾਂ ਨੂੰ ਸਾਡੇ ਰਾਸ਼ਟਰੀ ਅੰਦੋਲਨ ਦੀ ਮੂਹਰਲੀ ਕਤਾਰ ਦੇ ਨੇਤਾ ਦੇ ਰੂਪ ਵਿਚ ਹੀ ਜਾਣਦੇ ਸੀ। ਇਸ ਨਾਤੇ ਲਾਲਾ ਜੀ ‘ਤੇ ਵਾਰ ਸਮੁੱਚੇ ਦੇਸ਼ ਉੱਤੇ ਵਾਰ ਸੀ। ਉਹ ਸਾਡੀ ਮਰਦਾਨਗੀ ਨੂੰ ਲਲਕਾਰ ਸੀ ਤੇ ਅਸੀਂ ਉਸ ਨੂੰ ਮੰਨ ਲਿਆ‘‘ (ਉਪਰੋਕਤ)
‘ਲਾਲੇ ਨੇ ਹਿੰਦੂ-ਮੁਸਲਿਮ ਫਸਾਦਾਂ ਦਾ ਮੁੱਢ ਬੰਨ੍ਹਿਆ’
-ਛੇ ਸੰਪਾਦਕਾਂ ਦਾ ਫਤਵਾ
18 ਸਤੰਬਰ 1927 ਨੂੰ ਛੇ ਸੰਪਾਦਕਾਂ ਅਤੇ 16 ਹੋਰ ਪ੍ਰਮੁੱਖ ਵਿਅਕਤੀਆਂ ਨੇ, ਜਿਨ੍ਹਾਂ ਵਿਚ ਕਈ ਸ਼ਹੀਦ ਭਗਤ ਸਿੰਘ ਦੇ ਬਹੁਤ ਹੀ ਨੇੜੇ ਸਨ, ਲਾਲਾ ਲਾਜਪਤ ਰਾਏ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਜਾਰੀ ਕੀਤੀ ਸੀ ਜਿਸ ਵਿਚ ਲਾਲੇ ਦੇ ਕੁਝ ਕੰਮਾਂ ਨੂੰ ਕਮੀਨੀਆਂ ਕਾਰਵਾਈਆਂ ਕਰਾਰ ਦਿਤਾ ਸੀ ਅਤੇ ਪੰਜਾਬ ਅੰਦਰ ਹਿੰਦੂ-ਮੁਸਲਿਮ ਫਸਾਦ ਕਰਵਾਉਣ ਦਾ ਮੁੱਢ ਬੰਨਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। (ਇਹ ਚਿੱਠੀ ਪੂਰੀ ਦੀ ਪੂਰੀ, ਇਸ ਲਿਖਤ ਦੇ ਅੰਤ ਵਿਚ ਨਾਲ ਅਟੈਚ ਕੀਤੀ ਗਈ ਹੈ)।
ਸੋਹਨ ਸਿੰਘ ਜੋਸ਼
ਕਾਮਰੇਡ ਸੋਹਨ ਸਿੰਘ ਜੋਸ਼ ਦਾ ਸ਼ਹੀਦ ਭਗਤ ਸਿੰਘ ਨਾਲ ਕੁਝ ਸਮਾਂ ਨੇੜ ਰਿਹਾ ਸੀ ਅਤੇ ਉਹਨਾਂ ਨੇ ਹੀ ਆਪਣੇ ਪਰਚੇ ‘ਕਿਰਤੀ‘ ਦੇ ਨਵੰਬਰ 1927 ਦੇ ਅੰਕ ਵਿਚ ਸ਼ਹੀਦ ਦੇ 22 ਸਾਥੀਆਂ ਦੀ ਲਾਲਾ ਲਾਜਪਤ ਰਾਏ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਛਾਪੀ ਸੀ। ਇਸ ਚਿੱਠੀ ਨੂੰ ਛਾਪਣ ਤੋਂ ਪਹਿਲਾਂ ਜੋਸ਼ ਜੀ ਨੇ ਲਿਖਿਆ ਸੀ:
‘ਜਿਹਨਾ ਸੱਜਣਾਂ ਨੂੰ ਲਾਲਾ ਲਾਜਪਤ ਦੇ ਨਾਲ ਰਾਜਸੀ ਮੈਦਾਨ ਵਿਚ ਚੰਗੀ ਤਰ੍ਹਾਂ ਵਰਤਣ ਦਾ ਅਵਸਰ ਮਿਲਿਆ ਹੈ, ਉਹ ਤਾਂ ਪਹਿਲਾਂ ਹੀ ਲਾਲਾ ਜੀ ਦੀ ਲੀਡਰੀ ਦੀ ਫੋਕੀ ਇੱਛਾ ਅਤੇ ਦੇਸ਼ ਖਾਤਰ ਸਵਾਏ ਟੱਰਾਂ ਟੱਰਾਂ ਤੇ ਹੋਰ ਕੁਝ ਨਾ ਕਰਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਪ੍ਰਦੇਸੀ ਵੀਰ ਖਾਸ ਕਰ ਅਮਰੀਕਾ ਤੇ ਕੈਨੇਡਾ ਨਿਵਾਸੀ ਸਿੱਖ ਭਾਈਆਂ ਦਾ ਤਾਂ ਲਾਲਾ ਜੀ ਤੋਂ 1914 ਤੋਂ ਹੀ ਵਿਸ਼ਵਾਸ਼ ਉੱਡ ਚੁੱਕਾ ਸੀ ਜਦੋਂ ਕਿ ਆਪ ਕੈਨੇਡਾ ਅਮਰੀਕਾ ਗਏ ਸਨ ਅਤੇ ਆਪ ਨੂੰ ਉਨ੍ਹਾਂ ਹਿੰਦੁਸਤਾਨੀ ਭਾਈਆਂ ਨੇ ਆਪਣੀ ਗਾੜ੍ਹੀ ਕਮਾਈ ਦਾ ਕਮਾਇਆ ਹੋਇਆ ਚੋਖਾ ਰੁਪਇਆ ਹਿੰਦੁਸਤਾਨ ਵਿਚ ਆਜ਼ਾਦੀ ਦੇ ਕਾਜ਼ ਲਈ ਦਿਤਾ ਸੀ ਅਤੇ ਆਪ ਨੇ ਉਹ ਰੁਪਿਆ ਉਨ੍ਹਾਂ ਦੇ ਕਹੇ ਅਨੁਸਾਰ ਨਹੀਂ ਸਗੋਂ ਆਪਣੀ ਮਰਜ਼ ਨਾਲ ਖਰਚ ਕੀਤਾ ਸੀ ਅਤੇ ਬਹੁਤ ਸਾਰਾ ਆਪ ਹੀ ਹਜ਼ਮ ਕਰ ਗਏ। ਲਾਲਾ ਜੀ ਦੀਆਂ ਆਪ ਹੁਦਰੀਆਂ ਅਤੇ ਟੇਢੀਆਂ ਚਾਲਾਂ ਨੇ ਹਿੁਦੁਸਤਾਨ ਦੇ ਲੋਕਾਂ ਅਤੇ ਰਾਜਸੀ ਹਲਕਿਆਂ ਵਿਚੋਂ ਵੀ ਆਪਣਾ ਭਰੋਸਾ ਗਵਾ ਦਿੱਤਾ ਹੈ।‘
ਸ਼ਹੀਦ ਭਗਤ ਸਿੰਘ
‘…. 1924 ‘ਚ ਕੇਂਦਰੀ ਐਸੰਬਲੀ ਦੀਆਂ ਚੋਣਾਂ ਹੋਈਆਂ। ਲਾਲਾ ਲਾਜਪਤ ਰਾਏ ਨੇ ਇੰਡੀਪੈਂਡੈਂਟ ਕਾਂਗਰਸ ਵਲੋਂ ਚੋਣ ਲੜੀ। ਲਾਲਾ ਜੀ ਦੇ ਧਰਮ ਨਿਰਪੱਖ ਚਰਿਤਰ ਉਤੇ ਕੱਟੜ ਹਿੰਦੂਵਾਦੀ ਸੋਚ ਛਾ ਗਈ ਸੀ। ਉਨ੍ਹਾਂ ਦੇ ਵਿਰੋਧ ਵਿਚ ਦੀਵਾਨ ਚਮਨ ਲਾਲ ਉਮੀਦਵਾਰ ਸੀ। ਭਗਤ ਸਿੰਘ ਅਤੇ ਉਸ ਦੀ ਇਨਕਲਾਬੀ ਟੋਲੀ ਨੇ ਲਾਲਾ ਜੀ ਦੇ ਖਿਲਾਫ ਚੋਣ ਪ੍ਰਚਾਰ ਕੀਤਾ। ਮਾਲਵੀਅ ਜੀ ਦੇ ਜਲਸੇ ਵਿਚ ਇਨ੍ਹਾਂ ਵਲੋਂ ‘ਲੌਸਟ ਲੀਡਰ‘ ਦੇ ਸਿਰਲੇਖ ਵਾਲਾ ਇਕ ਪਰਚਾ ਵੰਡਿਆ ਗਿਆ। ਜਿਸ ਵਿਚ ਲਾਲਾ ਜੀ ਬਾਰੇ ਲਿਖਿਆ ਸੀ ਕਿ ‘ਪੰਜਾਬ ਕੇਸਰੀ ਦੇ ਸੀਨੇ ਵਿਚ ਹੁਣ ਸ਼ੇਰ ਨਹੀਂ ਬਲਕਿ ਮੁਰਗੀ ਦਾ ਦਿਲਬਾਕੀ ਰਹਿ ਗਿਆ ਹੈ’।
ਇਹ ਪਰਚਾ ਅੰਗਰੇਜ਼ੀ ਕਵੀ ਬ੍ਰਾਉਨਿੰਗ ਦੀ ਪ੍ਰਸਿੱਧ ਕਵਿਤਾ ‘ਲੌਸਟ ਲੀਡਰ‘ ਤੇ ਅਧਾਰਤ ਸੀ। ਪਰਚੇ ਦੇ ਸ਼ੁਰੂ ‘ਚ ਹੀ ‘ਸਿਰਫ ਮੁੱਠੀ ਭਰ ਸੋਨੇ ਲਈ ਉਹ ਸਾਨੂੰ ਛੱਡ ਗਿਆ’ ‘ਆਪਣੇ ਕੋਟ ਤੇ ਬੈਜ ਲਟਕਾਉਣ ਲਈ ਉਹ ਸਾਨੂੰ ਛੱਡ ਗਿਆ‘ ਵਰਗੇ ਵਾਕਾਂ ਨਾਲ ਲਾਲਾ ਜੀ ਦੀ ਭੂਮਿਕਾ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ ਸੀ।‘
-ਰਘਬੀਰ ਸਿੰਘ: ਭਗਤ ਸਿੰਘ ਜੀਵਨ ਪਰੀਚੈ
ਉਤਰਾਰਧ (ਹਿੰਦੀ ਪਰਚਾ ਸੰਪਾਦਕ ਸਵੈਸਾਚੀ)
1988-ਅੰਕ 33-34
ਲਾਲਾ ਜੀ ਦੀ ਮੌਤ ਦਾ ਸਬੱਬ ਕੀ ਬਣਿਆ?
ਕੀ ਲ਼ਾਲਾ ਜੀ ਦੀ ਮੌਤ ਵਾਕਿਆ ਹੀ ਮੁਜ਼ਾਹਰੇ ਦੌਰਾਨ ਉਨ੍ਹਾਂ ਦੇ ਸਿਰ ਜਾਂ ਸੀਨੇ ਉਤੇ ਵੱਜੀਆਂ ਦੱਸੀਆਂ ਜਾਂਦੀਆ ਲਾਠੀਆਂ ਦੀਆਂ ‘ਡੂੰਘੀਆਂ ਸੱਟਾਂ’ ਦੀ ਵਜ੍ਹਾ ਕਰਕੇ ਹੋਈ ਸੀ? ਇਸ ਬਾਰੇ ਮੌਕੇ ਦੇ ਚਸ਼ਮਦੀਦ ਗਵਾਹਾਂ ਦੀਆਂ ਰਾਵਾਂ ਹੀ ਵੱਧ ਪ੍ਰਮਾਣੀਕ ਮੰਨੀਆਂ ਜਾ ਸਕਦੀਆਂ ਹਨ। ਇਸ ਕਰਕੇ ਹੇਠਾਂ ਕੁੱਝ ਉਨ੍ਹਾਂ ਨਾਮਵਰ ਦੇਸ਼ਭਗਤਾਂ ਦੀਆਂ ਗਵਾਹੀਆਂ ਪੇਸ਼ ਕਰ ਰਹੇ ਹਾਂ, ਜੋ ਕਿ ਨਾ ਸਿਰਫ ਉਸ ਦਿਨ ਖੁਦ ਮੁਜ਼ਾਹਰੇ ਵਿਚ ਸ਼ਾਮਲ ਸਨ ਸਗੋਂ ਉਨ੍ਹਾਂ ਨੇ ਲਾਲਾ ਜੀ ‘ਤੇ ਹੋਏ ਲਾਠੀਚਾਰਜ ਨੂੰ ਬਹੁਤ ਨੇੜਿਓਂ ਦੇਖਿਆ ਸੀ।
ਗਿਆਨੀ ਗੁਰਮੁਖ ਸਿੰਘ ਮੁਸਾਫਰ
ਗਿਆਨੀ ਗੁਰਮੁਖ ਸਿੰਘ ਮੁਸਾਫਰ, ਜੋ ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਸਨ, ਲਾਹੌਰ ਵਿਖੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲਿਆਂ ਵਿਚ ਸ਼ਾਮਲ ਸਨ। ਉਹ ਦਸਦੇ ਹਨ, ‘ਮੈਂ ਹਾਲੇ ਨਜ਼ਮ ਪੜ੍ਹਕੇ ਹਟਿਆ ਹੀ ਸੀ ਕਿ ਸਾਰਾ ਹਜੂਮ ਹੀ ਇਕ ਪਾਸੇ ਨੂੰ ਦੌੜ ਪਿਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਫਿਰ ਜਦ ਉਨ੍ਹਾਂ ਨੇ ਮੋਤੀ ਦਰਵਾਜੇ ਜਾ ਕੇ ਤਕਰੀਰ ਕੀਤੀ ਕਿ ‘ਇਹ ਅੰਗਰੇਜ਼ ਗੌਰਮਿੰਟ ਦੀ ਇਕ ਇਕ ਲਾਠੀ ਬ੍ਰਿਟਿਸ਼ ਗੌਰਮਿਟ ਦੇ ਕਫਨ ਵਿਚ ਕਿੱਲ ਹੋਵੇਗੀ‘ ਫਿਰ ਪਤਾ ਲਗਿਆ ਕਿ ਉਹ ਜਿੰਦਾ ਨੇ। ਨਹੀਂ ਤਾਂ ਸਾਰੇ ਕਹਿੰਦੇ ਸੀ ਕਿ ਲਾਲਾ ਜੀ ਖ਼ਤਮ ਹੋ ਗਏ। ਲਾਲਾ ਲਾਜਪਤ ਰਾਏ ਨੇ ਸੋਚਿਆ ਕਿ ਇਹ ਲਾਠੀਆਂ ਮੇਰੇ ਦਿਲ ਤੇ ਮਾਰੀਆਂ ਗਈਆਂ ਹਨ। ਉਨ੍ਹਾਂ ਨੇ ਇਸ ਨੂੰ ਆਪਣੀ ਬੇਇਜ਼ਤੀ ਸਮਝਿਆ। ਮੇਰਾ ਖਿਆਲ ਹੈ ਕਿ ਲਾਠੀਚਾਰਜ ਤਾਂ ਬਹੁਤਾ ਨਹੀਂ ਹੋਇਆ ਸੀ। ਉਂਜ ਮੈਂ ਕੁਛ ਦੂਰ ਵੀ ਸਾਂ ਪਰ ਅਸਰ ਇਹ ਹੋਇਆ ਕਿ ਲਾਲਾ ਜੀ ਦੇ ਮਨ ‘ਤੇ ਸੱਟ ਲੱਗੀ ਕਿ ਅੰਗਰੇਜ਼ ਨੇ ਮੇਰੀ ਬੇਇਜ਼ਤੀ ਕੀਤੀ ਐ। ਅਗਰ ਕੋਈ ਐਸਾ ਹੋਇਆ ਤਾਂ ਇਹ ਦਿਲ ਦੀ ਚੋਟ ਦੀ ਗੱਲ ਹੈ।’
(ਪੰਜਾਬ ਯਾਦਾਂ ਦੇ ਝਰੋਖੇ ‘ਚੋ, ਸੰ. ਨਵਤੇਜ ਸਿੰਘ, ਸਫ਼ਾ 45)
ਗਿਆਨੀ ਕਰਤਾਰ ਸਿੰਘ
‘ਦਰਵੇਸ਼ ਸਿਆਸਤਦਾਨ‘ ਦੇ ਤੌਰ ‘ਤੇ ਜਾਣੇ ਜਾਂਦੇ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ, ਜੋ ਬਾਅਦ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਵੀ ਰਹੇ, ਮੌਕੇ ਦੇ ਗਵਾਹ ਹਨ। ਉਹਨਾਂ ਮੁਤਾਬਕ, ‘ਲਾਲਾ ਲਾਜਪਤ ਰਾਏ ਦੇ ਹੱਥ ਵਿਚ ਛਤਰੀ ਸੀ ਜਿਸ ਦੇ ਇਕ ਪਾਸੇ ‘ਸਾਈਮਨ ਗੋ ਬੈਕ, ਸਾਈਮਨ ਗੋ ਬੈਕ‘ ਲਿਖਿਆ ਹੋਇਆ ਸੀ। ਉਸ ਛਤਰੀ ‘ਤੇ ਲਿਖੇ ਨਾਅਰੇ ਪੜ੍ਹ ਕੇ ਲਾਹੌਰ ਦਾ ਗੋਰਾ ਪੁਲਸ ਕਪਤਾਨ ਭੜਕ ਉੱਠਿਆ। ਉਸ ਨੇ ਦੌੜ ਕੇ ਆ ਕੇ ਪੁਲਿਸ ਵਾਲਿਆਂ ਕੋਲ ਜੋ ਛੋਟਾ ਜਿਹਾ ਡੰਡਾ ਹੁੰਦਾ ਹੈ, ਉਸ ਨਾਲ ਦੋ ਡੰਡੇ ਲਾਲਾ ਜੀ ਨੂੰ ਮਾਰੇ। ਕੁਝ ਸਮੇਂ ਤੋਂ ਬਾਅਦ ਲਾਲਾ ਜੀ ਸ਼ਹਿਰ ਆਪਣੀ ਕੋਠੀ ਨੂੰ ਵਾਪਸ ਚਲੇ ਗਏ। ਸ਼ਾਮ ਨੂੰ ਗੋਲ ਬਾਗ ਵਿਚ ਬੜਾ ਭਾਰੀ ਜਲਸਾ ਹੋਇਆ ਜਿਸ ਵਿਚ ਲਾਲਾ ਜੀ ਨੇ ਗੂੰਜ ਪਾ ਦੇਣ ਵਾਲਾ ਲੈਕਚਰ ਕੀਤਾ… ਲੈਕਚਰ ਦੇ ਕੇ ਲਾਲਾ ਜੀ ਵਾਪਸ ਘਰ ਚਲੇ ਗਏ। ਜੇ ਮੈਂ ਗਲਤੀ ਨਹੀਂ ਖਾਂਦਾ ਤਾਂ 17 ਸਿਤੰਬਰ ….. ਰਾਤ ਨੂੰ ਲਾਲਾ ਜੀ ਦੀ ਆਪਣੀ ਕੋਠੀ ਵਿਚ ਮੌਤ ਹੋ ਗਈ। ਲਾਲਾ ਜੀ ਦੀ ਮੌਤ ਦਾ ਫੌਰੀ ਕਾਰਨ ਦਿਲ ਫੇਲ੍ਹ ਹੋ ਜਾਣਾ ਸੀ…. ਕਈ ਲੋਕਾਂ ਨੂੰ ਇਹ ਗਲਤ ਫਹਿਮੀ ਹੈ ਕਿ ਪੁਲਿਸ ਨੇ ਜਲੂਸ ਵਿਚ ਮਾਰਿਆ ਤੇ ਲਾਲਾ ਜੀ ਮੌਕੇ ‘ਤੇ ਮਰ ਗਏ….‘
(ਉਪਰੋਕਤ ਸਫ਼ਾ 187)
ਪ੍ਰੋ. ਅਬਦੁੱਲ ਮਾਜਿਦ ਖਾਂ
ਪ੍ਰੋ. ਐਮ.ਐਸ. ਚੀਮਾ ਨੇ ਪ੍ਰੋ. ਅਬਦੁੱਲ ਮਾਜਿਦ ਖਾਂ ਨਾਲ ਇਕ ਇੰਟਰਵਿਊ ਕੀਤੀ ਸੀ ਜਿਸ ਨੂੰ ਜਲੰਧਰ ਦੂਰਦਰਸ਼ਨ ਨੇ ਲਾਲਾ ਲਾਜਪਤ ਰਾਏ ਦੀ 53ਵੀਂ ਬਰਸੀ ਮੌਕੇ (17 ਨਵੰਬਰ 1981) ਪ੍ਰਸਾਰਤ ਕੀਤਾ ਸੀ। ਇਸ ਇੰਟਰਵਿਊ ਸਮੇਂ ਪ੍ਰੋ. ਮਾਜਿਦ ਖਾਂ ਨੇ ਦੱਸਿਆ ਸੀ ਕਿ ਉਹ ਲਾਹੌਰ ਰੇਲਵੇ ਸਟੇਸ਼ਨ ਦੇ ਬਾਹਰ ਲਾਲਾ ਲਾਜਪਤ ਰਾਏ ਦੇ ਨਜ਼ਦੀਕ ਖੜਾ ਸੀ ਜਦੋਂ ਕਿ ਸੁਪਰਡੈਂਟ ਪੁਲਿਸ ਅਤੇ ਲਾਲਾ ਜੀ ਦਰਮਿਆਨ ਗਰਮਾ-ਗਰਮ ਤੂੰ-ਤੂੰ, ਮੈਂ-ਮੈਂ ਹੋਈ ਸੀ। ਪ੍ਰੋ. ਮਾਜਿਦ ਮੁਤਾਬਕ ਲਾਲਾ ਜੀ ਨੂੰ ਕੋਈ ਗੰਭੀਰ ਸੱਟ ਨਹੀਂ ਸੀ ਲੱਗੀ।
ਯਸ਼ਪਾਲ
ਸ਼ਹੀਦ ਭਗਤ ਸਿੰਘ ਦੇ ਸਾਥੀ ਅਤੇ ਪ੍ਰਸਿੱਧ ਹਿੰਦੀ ਸਾਹਿਤਕਾਰ ਸ੍ਰੀ ਯਸ਼ਪਾਲ ਲਾਹੌਰ ਵਿਚ ਹੋਏ ਲਾਠੀਚਾਰਜ ਸਮੇਂ ਮੌਕੇ ‘ਤੇ ਹਾਜ਼ਰ ਸਨ। ਉਨ੍ਹਾਂ ਨੇ ਇਸ ਲਾਠੀਚਾਰਜ ਦਾ ਅੱਖੀਂ ਡਿੱਠਿਆਂ ਹਾਲ ਆਪਣੀ ਕਿਤਾਬ ਵਿਚ ਇਸ ਤਰ੍ਰਾਂ ਬਿਆਨ ਕੀਤਾ ਹੈ:
‘ਲਾਲਾ ਲਾਜਪਤ ਰਾਏ ਜੀ ਦੇ ਪਿੱਛੇ ਏਨੀ ਭੀੜ ਸੀ ਕਿ ਉਨ੍ਹਾਂ ਲਈ ਪਿੱਛੇ ਹਟਣ ਦਾ ਕੋਈ ਮੌਕਾ ਹੀ ਨਹੀਂ ਸੀ। ਸਾਹਮਣਿਓਂ ਪੁਲਿਸ ਲਾਠੀਚਾਰਜ ਕਰ ਰਹੀ ਸੀ। ਨੌਜਵਾਨਾਂ ਨੇ ਲਾਲਾ ਜੀ ਨੂੰ ਚਾਰੇ ਪਾਸਿਓਂ ਘੇਰ ਕੇ ਸੱਟਾਂ ਲੱਗਣੋਂ ਬਚਾਇਆ ਹੋਇਆ ਸੀ। ਪੁਲਿਸ ਦੀ ਮਾਰ ਦੇ ਬਾਵਜੂਦ ਇਹ ਮੋਰਚਾ ਟੁੱਟ ਨਹੀਂ ਸੀ ਰਿਹਾ। ਭਗਵਤੀ ਚਰਨ ਵੋਹਰਾ (ਸ਼ਹੀਦ), ਸੁਖਦੇਵ (ਸ਼ਹੀਦ) ਤੇ ਮੈਂ ਉਥੇ ਹੀ ਇਕ ਪਾਸੇ ਖੜ੍ਹੇ ਸਾਂ। ਸਾਥੀ ਧਨਵੰਤਰੀ ਅਤੇ ਅਹਿਸਾਨ ਅਲੀ ਆਦਿ ਮੋਰਚੇ ਵਿਚ ਸ਼ਾਮਲ ਸਨ। ਲਾਲਾ ਜੀ ਨੂੰ ਘੇਰੀ ਖੜ੍ਹੇ ਇਸ ਮੋਰਚੇ ਦੇ ਨਾ ਟੁੱਟਣ ਕਾਰਨ ਪੁਲਿਸ ਸੁਪਰਡੈਂਟ (ਐਸ ਪੀ) ਸਕਾਟ ਨੇ ਇਸ ਟੋਲੀ ‘ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਡੀ ਐਸ ਪੀ ਸਾਂਡਰਸ ਆਪ ਹੱਥ ਵਿਚ ਇਕ ਛੋਟੀ ਲਾਠੀ ਅਤੇ ਸਿਪਾਹੀਆਂ ਨੂੰ ਲੈ ਕੇ ਉਸ ਟੋਲੀ ‘ਤੇ ਟੁੱਟ ਪਿਆ। ਉਸ ਦੀ ਇਕ ਲਾਠੀ ਨਾਲ ਲਾਲਾ ਜੀ ਦੇ ਸਿਰ ਉਪਰ ਤਾਣੀ ਹੋਈ ਛਤਰੀ ਟੁੱਟ ਗਈ ਅਤੇ ਉਨ੍ਹਾਂ ਦੇ ਕੰਧੇ ਉਪਰ ਚੋਟ ਲੱਗੀ। ਨੌਜਵਾਨ ਸਾਥੀ ਅਜੇ ਵੀ ਲਾਲਾ ਜੀ ਨੂੰ ਘੇਰੇ ਵਿਚ ਲੈ ਕੇ ਡਟੇ ਰਹਿਣ ਨੂੰ ਤਿਆਰ ਸਨ, ਪ੍ਰੰਤੂ ਚੋਟ ਲੱਗਣ ਤੋਂ ਬਾਅਦ ਲਾਲਾ ਜੀ ਨੇ ਹੁਕਮ ਦੇ ਦਿੱਤਾ, ਪੁਲਿਸ ਦੀ ਇਸ ਜਾਲਮਾਨਾ ਹਰਕਤ ਦੇ ਖਿਲਾਫ਼ ਮੁਜ਼ਾਹਰੇ ਨੂੰ ਮੁਅੱਤਲ ਕਰ ਦਿੱਤਾ ਜਾਵੇ।‘
(ਸਿੰਘਅਵਲੋਕਨ, ਸਫ਼ਾ 124)
ਪੰਡਤ ਕਿਸ਼ੋਰੀ ਲਾਲ
ਪੰਡਤ ਕਿਸ਼ੋਰੀ ਲਾਲ ਜੀ ਵੀ ਸ਼ਹੀਦ ਭਗਤ ਸਿੰਘ ਦੇ ਬਹੁਤ ਨੇੜਲੇ ਸਾਥੀਆਂ ਵਿਚੋਂ ਸਨ। ਉਹ ਵੀ ਸਾਈਮਨ ਕਮਿਸ਼ਨ ਦੇ ਖਿਲਾਫ਼ ਹੋਏ ਮੁਜ਼ਾਹਰੇ ਵਿਚ ਸ਼ਾਮਲ ਸਨ। ਉਹ ਵੀ ਕਹਿੰਦੇ ਹੁੰਦੇ ਸਨ ਕਿ ਲਾਠੀਚਾਰਜ ਸਮੇਂ ਲਾਲਾ ਜੀ ਦੇ ਸਰੀਰ ‘ਤੇ ਕੋਈ ਬਹੁਤੀ ਸਿੱਧੀ ਸੱਟ ਨਹੀਂ ਸੀ ਲੱਗੀ। (ਦੇਖੋ ਫਰੋਚੲੲਦਨਿਗਸ : ਫੁਨਜਅਬ ੍ਹਸਿਟੋਰੇ ਛੋਨਾੲਰੲਨਚੲ ੰਅਰਚਹ 1985 ਵਿਚ ਛਪਿਆ ਪ੍ਰੋ. ਹਜ਼ਾਰਾ ਸਿੰਘ ਦਾ ਲੇਖ)
ਲਾਲਾ ਲਾਜਪਤ ਰਾਏ ਦਾ ਆਪਣਾ ਬਿਆਨ
ਲਾਠੀਚਾਰਜ ਤੋਂ ਬਾਅਦ ਲਾਲਾ ਲਾਜਪਤ ਰਾਏ ਨੇ ਜੋ ਬਿਆਨ ਜਾਰੀ ਕੀਤਾ ਉਹ ਹਿੰਦੁਸਤਾਨ ਟਾਈਮਜ਼ (1 ਨਵੰਬਰ 1928) ਦੇ ਪਹਿਲੇ ਸਫ਼ੇ ‘ਤੇ ਛਪਿਆ ਸੀ। ਇਸ ਬਿਆਨ ਮੁਤਾਬਕ, ‘ਪੁਲਿਸ ਨੇ ਬੇਵਜ੍ਹਾ ਤੇ ਬੇਲੋੜਾ ਲਾਠੀਚਾਰਜ ਕੀਤਾ ਅਤੇ ਦੋਸ਼ ਲਾਇਆ ਜਾਂਦਾ ਹੈ ਕਿ ਇਸ ਲਾਠੀਚਾਰਜ ਦੀ ਅਗਵਾਈ ਖੁਦ ਸੁਪਰਡੈਂਟ ਪੁਲਿਸ ਨੇ ਕੀਤੀ ਸੀ। ਜਿਵੇਂ ਕਿ ਮੈਨੂੰ ਪਤਾ ਲੱਗਾ ਹੈ, ਉਸ ਨੇ ਮੇਰੀ ਛਾਤੀ ਉਤੇ ਦੋ ਡੰਡੇ ਮਾਰੇ ਅਤੇ ਕੁੱਝ ਸਿਪਾਹੀਆਂ ਨੇ ਵੀ ਕੁੱਝ ਡੰਡੇ ਮਾਰੇ, ਖੁਸ਼ਕਿਸਮਤੀ ਨਾਲ ਜੀਹਨਾਂ ਦੀ ਸੱਟ ਬਹੁਤੀ ਜ਼ਿਆਦਾ ਨਹੀਂ ਸੀ। ਸੱਟਾਂ ਨਾਲ ਮੈਨੂੰ ਮਾਮੂਲੀ ਜਿਹਾ ਬੁਖਾਰ ਤੇ ਸੋਜਸ਼ ਹੋਈ।‘
ਇਸੇ ਤਰ੍ਹਾਂ ਲਾਲਾ ਜੀ ਦੀ ਮੌਤ ਬਾਰੇ ਜੋ ਖਬਰ ਉਸ ਸਮੇਂ ਦੀ ਮਸ਼ਹੂਰ ਪੰਜਾਬੀ ਅਖ਼ਬਾਰ ‘ਅਕਾਲੀ ਤੇ ਪ੍ਰਦੇਸੀ‘ (19 ਨਵੰਬਰ 1928) ਨੇ ਦਿਤੀ, ਉਹ ਇਸ ਤਰ੍ਹਾਂ ਸੀ:
‘ਲਾਹੌਰ ਤੋਂ ਨਿਹੈਤ ਹੀ ਰੰਜ ਭਰੀ ਖ਼ਬਰ ਪੁਜੀ ਹੈ ਕਿ ਅਜ ਸਵੇਰੇ ਲਾਲ ਲਾਜਪਤ ਰਾਏ ਜੀ ਅਚਾਨਕ ਹੀ ਦਿਲ ਦੀ ਹਰਕਤ ਬੰਦ ਹੋ ਜਾਣ ਕਾਰਨ ਚਲ ਵਸੇ ਹਨ।‘
ਦੋ ਦਿਨ ਬਾਅਦ ਮੌਤ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਂਦਿਆਂ ਅਖ਼ਬਾਰ ਨੇ ਮੁੜ ਲਿਖਿਆ:
‘ਲਾਲਾ ਲਾਜਪਤ ਰਾਏ ਦੀ ਹਾਲਤ ਕਲ੍ਹ ਤੱਕ ਚੰਗੀ ਸੀ। ਕਲ੍ਹ ਅਚਾਨਕ ਹੀ ਸ਼ਾਮ ਨੂੰ ਆਪ ਦੀ ਛਾਤੀ ਦੇ ਖੱਬੇ ਪਾਸੇ ਦਰਦ ਹੋਣ ਲੱਗਾ। ਉਸ ਵੇਲੇ ਡਾਕਟਰ ਨੂੰ ਬੁਲਾਇਆ ਗਿਆ ਜੋ ਰਾਤ ਦੇ 11 ਵਜੇ ਤੱਕ ਆਪਦੇ ਪਾਸ ਰਿਹਾ ਪਰ ਦਰਦ ਵਿਚ ਕੁਝ ਘਾਟਾ ਨਾ ਪਿਆ। ਅੱਜ ਸਵੇਰੇ ਆਪ ਤੋਂ ਦਰਦ ਦੀ ਹਾਲਤ ਬਾਬਤ ਪੁੱਛਿਆ ਗਿਆ ਤਾਂ ਕਹਿਣ ਲੱਗੇ ਕਿ ਦਰਦ ਅਜੇ ਤੱਕ ਹੋ ਰਹੀ ਹੈ। ਦੁਬਾਰਾ ਜਿਸ ਵੇਲੇ ਮੰਜੇ ਪੁਰ ਲੇਟੇ ਤਾਂ 7 ਵਜੇ ਦੇ ਕਰੀਬ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਆਪ ਚਲਾਣਾ ਕਰ ਗਏ।‘ (ਅਕਾਲੀ ਤੇ ਪ੍ਰਦੇਸੀ 21 ਨਵੰਬਰ 1928)
ਸੋ ਅਖ਼ਬਾਰ ਦੇ ਮੁਤਾਬਕ 17 ਨਵੰਬਰ ਤਕ, ਅਰਥਾਤ ਲਾਠੀਚਾਰਜ ਤੋਂ 17 ਦਿਨ ਬਾਅਦ ਤਕ ‘ਲਾਲਾ ਲਾਜਪਤ ਰਾਏ ਦੀ ਹਾਲਤ ਚੰਗੀ ਭਲੀ ਸੀ।‘ ਸਵਾਲ ਪੈਦਾ ਹੁੰਦਾ ਹੈ ਕਿ ਜੇ 17 ਦਿਨਾਂ ਤੱਕ ਉਨ੍ਹਾਂ ਦੀ ਹਾਲਤ ਚੰਗੀ ਭਲੀ ਸੀ ਤਾਂ ਉਹ ਲਾਠੀਚਾਰਜ ਦੇ ਬਾਅਦ ਦੇ ਦਿਨੀਂ ਕੀ ਕਰਦੇ ਰਹੇ? ਇਸ ਬਾਰੇ ਕੁਝ ਜਾਣਕਾਰੀ ਪ੍ਰੋ. ਹਜਾਰਾ ਸਿੰਘ, ਜੋ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਪੱਤਰਕਾਰੀ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਰਹੇ ਹਨ, ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਪੰਜਾਬ ਹਿਸਟਰੀ ਕਾਨਫਰੰਸ (ਮਾਰਚ 1985) ਸਮੇਂ ਪੜ੍ਹੇ ਅਤੇ ਇਤਿਹਾਸਕਾਰਾਂ ਵੱਲੋਂ ਵਿਚਾਰੇ ਗਏ ਆਪਣੇ ਪਰਚੇ ਵਿਚ ਇਸ ਤਰ੍ਹਾਂ ਦਿਤੀ ਹੈ:
‘30 ਅਕਤੂਬਰ 1928 ਦੀਆਂ ਘਟਨਾਵਾਂ ਤੋਂ ਬਾਅਦ ਲਾਲਾ ਜੀ ਆਮ ਵਰਗੀ ਜਿੰਦਗੀ ਜਿਊ ਰਹੇ ਸਨ। ਉਹਨਾਂ ਨੇ ਉਸੇ ਸ਼ਾਮ ਡਾਕਟਰ ਧਰਮਵੀਰ ਵੱਲੋਂ ਚੈਕ-ਅਪ ਕਰਨ ਤੋਂ ਬਾਅਦ, ਇਕ ਰੋਸ ਮੀਟਿੰਗ ਨੂੰ ਸੰਬੋਧਿਤ ਕੀਤਾ ਸੀ। ਉਸ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਸੈਸਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਉਹ ਆਪਣੇ ਹਫਤਾਵਾਰ ਅਖਬਾਰ ‘ਦ ਪੀਪਲ‘ ਵਿਚ ਲਿਖਦੇ ਰਹੇ ਸਨ।‘
ਕਿਉਂਕਿ ਲਾਲਾ ਲਾਜਪਤ ਰਾਏ ਦੇਸ ਪੱਧਰ ਦੇ ਪ੍ਰਸਿੱਧ ਲੀਡਰ ਸਨ ਇਸ ਲਈ ਉਹਨਾਂ ਦੀ ਮੌਤ ਬਾਰੇ ਉਸ ਸਮੇਂ ਦੇ ਕਈ ਆਗੂਆਂ ਨੇ ਲਿਖਿਆ ਹੈ। ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੀ ਸਵੈ-ਜੀਵਨੀ, ਜੋ ਲਾਲਾ ਲਾਜਪਤ ਰਾਏ ਦੀ ਮੌਤ ਤੋਂ ਅੱਠ ਸਾਲ ਬਾਅਦ ਲੰਡਨ ਵਿਚ ਛਪੀ ਸੀ, ਵਿਚ ਇਸ ਤਰ੍ਹਾਂ ਦੱਸਿਆ ਹੈ:
ਸਰੀਰਕ ਸੱਟਾਂ ਉਸ ਦੀ ਕੁਝ ਕੁ ਹਫ਼ਤੇ ਬਾਅਦ ਹੋਈ ਮੌਤ ਦਾ ਕਿੰਨਾ ਕੁ ਕਾਰਨ ਬਣੀਆਂ, ਇਸ ਬਾਰੇ ਪੱਕ ਨਾਲ ਕੁਝ ਕਹਿਣਾ ਬਹੁਤ ਮੁਸ਼ਕਲ ਹੈ। (ਸਫ਼ਾ 173)
‘ਮੈਂ ਲਾਜਪਤ ਰਾਏ ਨੂੰ ਨਫ਼ਰਤ ਕਰਦਾ ਹਾਂ’ : ਜਸਵੰਤ ਸਿੰਘ ਕੰਵਲ
ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ‘ਪੁੰਨਿਆ ਦਾ ਚਾਨਣ‘ ਦੇ ਸਫ਼ਾ 126 ‘ਤੇ ਲਿਖਦੇ ਹਨ :
‘ਮੈਂ ਆਪਣੇ ਪਿੰਡ (ਢੁੱਡੀਕੇ) ਵਿਚ ਜੰਮੇ ਲਾਲਾ ਲਾਜਪਤ ਰਾਏ ਨੂੰ ਇਸ ਲਈ ਨਫ਼ਰਤ ਕਰਦਾ ਸੀ, (ਕਿਉਂਕਿ) ਪਹਿਲਾਂ ਉਸ ਗ਼ਦਰ ਪਾਰਟੀ ਦਾ ਫੰਡ ਨੱਪਿਆ। ਦੂਜਾ ਮਾਂਡਲੇ ਜੇਲ੍ਹ ਤੋਂ ਛੁੱਟਣ ਲਈ ਵਾਇਸਰਾਏ ਨੂੰ ਮੁਆਫ਼ੀਨਾਮੇ ਦੀਆਂ ਚਿੱਠੀਆਂ ਲਿਖੀਆਂ। ਤੀਜਾ ਕਾਂਗਰਸ ਨੂੰ ਵੀ ਲੱਤ ਮਾਰ ਕੇ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਜਾ ਬਣਿਆ। ਚੌਥੇ ਛਾਤੀ ‘ਤੇ ਕਾਲੀ ਛਤਰੀ ਤੋਂ ਤਿਲਕੇ ਤਿੰਨ ਡੰਡੇ ਜ਼ਰੂਰ ਵੱਜੇ ; ਪਰ ਸਤਾਰਾਂ ਦਿਨ ਬਾਅਦ ਪਲੂਰਸੀ ਦੀ ਬੀਮਾਰੀ ਨਾਲ ਮਰਿਆ। ਇਨ੍ਹਾਂ ਸਤਾਰਾਂ ਦਿਨਾਂ ਵਿਚੋਂ ਦਿੱਲੀ ਜਾ ਕੇ ਇਕ ਮੀਟਿੰਗ ਤੇ ਨਹਿਰੂ ਨਾਲ ਲੜ ਕੇ ਆਇਆ। ਸਤਾਰਾਂ ਦਿਨ ਮਗਰੋਂ ਮਰਨ ਵਾਲਾ ਸ਼ਹੀਦ ਕਿਵੇਂ ਹੋ ਗਿਆ? ਇਹ ਪ੍ਰਾਪੇਗੰਡਾ ਹਿੰਦੂ ਪ੍ਰੈਸ ਦੇ ਝੂਠ ਦਾ ਸੀ‘
ਸ.ਕੰਵਲ ਇਸੇ ਕਿਤਾਬ ਵਿਚ ਇਕ ਥਾਂ ਹੋਰ ਲਿਖਦੇ ਹਨ :
ਇਕ ਵਾਰ ਲਾਜਪਤ ਰਾਏ ਦੇ ਸਾਥੀ ਮੋਹਨ ਲਾਲ ਨੇ ਮੈਨੂੰ ਪੁੱਛਿਆ, ‘ਤੂੰ ਤਾਂ ਕਮਿਊਨਿਸਟ ਐਂ, ਲਾਜਪਤ ਰਾਏ ਦਾ ਸ਼ਰਧਾਲੂ ਕਿਵੇਂ ਬਣ ਗਿਆ?‘ ‘’ਮੈਂ ਕਿਸੇ ਵੀ ਰਾਜਸੀ ਪਾਰਟੀ ਦਾ ਮੈਂਬਰ ਨਹੀਂ। ਨਾ ਹੀ ਕਿਸੇ ਦਾ ਸ਼ਰਧਾਲੂ ਆਂ, ਲੋਕਾਂ ਦੇ ਹਿੱਤ ਨਾਲ ਖਲੋਤਾ ਰਿਹਾ ਆਂ।’ ਮੈਂ ਸਪੱਸ਼ਟ ਜਵਾਬ ਮੋੜਿਆ। ‘ਮੈਂ ਤਾਂ ਦੇਸ਼ ਭਗਤਾਂ ਦੇ ਪਿੱਛੇ ਰਹੇ ਪਿੰਡ ਨੂੰ ਜਾਗਰਤ ਕਰਨ ਲਈ ਇਹ ਬੀੜਾ ਚੁੱਕਿਆ ਏ। ਕਿਉਂਕਿ ਫਿਰਕੂ ਤੇ ਮੁਤੱਸਬੀ ਸਰਕਾਰ ਗ਼ਦਰੀ ਬਾਬਿਆਂ ਦੇ ਨਾਂ ‘ਤੇ ਲੋਕਾਂ ਨੂੰ ਛੜਾਂ ਮਾਰਦੀ ਐ ਤੇ ਫਿਰਕੂ ਲਾਜਪਤ ਰਾਏ ਦੇ ਨਾਂ ‘ਤੇ ਦੁੱਧ ਦੀਆਂ ਧਾਰਾਂ ਦੇਂਦੀ ਐ। ਮੈਂ ਤਾਂ ਪਿੰਡ ਨੂੰ ਜਾਗਰਤ ਕਰਨ ਲਈ ਲਾਜਪਤ ਰਾਏ ਦੇ ਨਾਂ ਦੀ ਨੀਤੀ ਵਰਤੀ ਹੈ। ਊਂ ਮੈਨੂੰ ਚੱਜ ਨਾਲ ਪਤਾ ਹੈ ਕਿ ਲਾਜਪਤ ਰਾਏ ਕਾਂਗਰਸ ਛੱਡ ਕੇ ਫਿਰਕੂ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਜਾ ਬਣਿਆ ਸੀ। ਪਿੰਡ ਦੀ ਤਰੱਕੀ ਲਈ ਲਾਜਪਤ ਰਾਏ ਦਾ ਨਾਂ ਵਰਤਣ ਤੇ (ਗ਼ਦਰੀ) ਬਾਬਾ ਗੁਰਮੁਖ ਸਿੰਘ ਮੈਨੂੰ ਮੇਰੇ ਘਰ ਬੈਠਾ ਇਕ ਤਰ੍ਹਾਂ ਗਾਲ੍ਹਾਂ ਦੇ ਰਿਹਾ ਸੀ। ਬਾਪ ਵਰਗੇ ਬਾਬੇ ਦਾ ਮੈਂ ਗੁੱਸਾ ਨਹੀਂ ਕਰ ਸਕਦਾ ਸੀ। ਜੇ ਦੁਸ਼ਮਣ ਤੋਂ ਲੋਕ ਭਲੇ ਦਾ ਕੰਮ ਲੈ ਲਿਆ ਜਾਵੇ, ਨੀਤੀ ਸ਼ਾਸਤਰ ਇਸ ਨੂੰ ਮਾੜਾ ਨਹੀਂ ਸਮਝਦਾ। ਮੋਹਨ ਲਾਲ ਜੀ, ਦੁਸ਼ਮਣ ਦੇ ਹਥਿਆਰ ਨਾਲ ਵੈਰੀ ਮਾਰਿਆ ਜਾਵੇ; ਇਹ ਸਹੀ ਨੀਤੀ ਨਹੀਂ?
ਮੇਰੀ ਪੂਰੀ ਗੱਲ ਸੁਣ ਕੇ ਮੋਹਨ ਲਾਲ ਐਨਾ ਹੱਸਿਆ ਕਿ ਉਸ ਨੂੰ ਹੁੱਥੂ ਆ ਗਿਆ। (ਸਫ਼ਾ 125-126)
ਜਸਵੰਤ ਸਿੰਘ ਕੰਵਲ ਦੇ ਇਸ ਹਵਾਲੇ ਤੋਂ ਢੁਡੀਕੇ ਪਿੰਡ ਦੀ ਪੰਚਾਇਤ ਤੇ ਕੁੱਝ ਹੋਰਨਾਂ ‘ਜ਼ੋਸ਼ੀਲੇ ਦੇਸ਼ਭਗਤਾਂ’ ਵੱਲੋਂ ਬੱਬੂ ਮਾਨ ਦੇ ਖਿਲਾਫ਼ ਪਾਏ ਜਾ ਰਹੇ ਖਰੂਦ ਦੀ ਅਸਲੀਅਤ ਆਪਣੇ ਆਪ ਉਘੜ ਆਉਂਦੀ ਹੈ, ਕਿ ਉਨ੍ਹਾਂ ਲਈ ਪਿੰਡ ਦਾ ਵਿਕਾਸ ਇਤਿਹਾਸਕ ਸੱਚਾਈ ਨਾਲੋਂ ਵੱਧ ਮਹੱਤਵਪੂਰਨ ਹੈ! ਅਜਿਹੀ ਗਰਜ਼ਮੁਖੀ ਸੋਚ ਵਿਅਕਤੀਆਂ ਨੂੰ ਅਚੇਤ ਤੌਰ ‘ਤੇ ਹੀ ਅਨੈਤਿਕਤਾ ਦੇ ਕੁਰਾਹੇ ਪਾ ਦਿੰਦੀ ਹੈ।
ਲਾਲਾ ਲਾਜਪਤ ਰਾਏ
ਦੇਸ਼ ਭਗਤ ਜਾਂ ਹਿੰਦੂ ਭਗਤ ?
ਲਾਲਾ ਲਾਜਪਤ ਰਾਏ ਬਾਰੇ ਪ੍ਰਸਿੱਧ ਹੈ ਕਿ ਉਹ ਇਕ ਉਚ ਕੋਟੀ ਦੇ ਦੇਸ਼ ਭਗਤ ਸਨ। ਸਕੂਲਾਂ, ਕਾਲਜਾਂ ਵਿਚ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਵਿਚ ਇਹੀ ਲਿਖਿਆ ਹੁੰਦਾ ਹੈ। ਮੀਡੀਏ ਰਾਹੀਂ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਜੇ ਲਾਲੇ ਦੀਆਂ ਸਿਆਸੀ ਸਰਗਰਮੀਆਂ ਅਤੇ ਲਿਖਤਾਂ ਨੂੰ ਨੀਝ ਨਾਲ ਪੜ੍ਹਿਆ ਜਾਵੇ ਤਾਂ ਤਸਵੀਰ ਕੁਝ ਹੋਰ ਹੀ ਉਭਰਦੀ ਹੈ।
ਲਾਲਾ ਲਾਜਪਤ ਰਾਏ ਆਪਣੀ ਸਵੈ ਜੀਵਨੀ ਦੇ ਸਫ਼ਾ 80 ‘ਤੇ ਲਿਖਦੇ ਹਨ : ‘ਹਿੰਦੀ ਅਤੇ ਉਰਦੂ ਦੇ ਰੱਫੜ ਨੇ ਮੈਨੂੰ ਹਿੰਦੂ ਰਾਸ਼ਟਰਵਾਦ ਦਾ ਪਹਿਲਾ ਸ਼ਬਦ ਸਿਖਾਇਆ।’ ਇਸ ਤਰ੍ਹਾਂ ਇਥੇ ਉਹ ਭਾਰਤੀ ਰਾਸ਼ਟਰਵਾਦ ਦੀ ਨਹੀਂ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਹਨ। ਅਸੀਂ ਪਹਿਲਾਂ ਦੇਖ ਆਏ ਹਾਂ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਲਾਲਾ ਜੀ ਨੂੰ ਹਿੰਦੂ ਫਿਰਕਾਪ੍ਰਸਤੀ ਫੈਲਾਉਣ ਲਈ ਜਿੰਮੇਵਾਰ ਠਹਿਰਾਉਂਦੇ ਰਹੇ ਹਨ। ਲਾਲਾ ਜੀ ਲਈ ਸਵਰਾਜ ਨਾਲੋਂ ਹਿੰਦੂ ਹਿੱਤਾਂ ਦੀ ਰਾਖੀ ਵੱਧ ਮਹੱਤਵਪੂਰਨ ਸੀ। ਉਹ ਵਾਰ ਵਾਰ ਕਿਹਾ ਕਰਦੇ ਸਨ, ‘ਹਿੰਦੂਆਂ ਦੇ ਹਿੱਤਾਂ ਦੀ ਰੱਖਿਆ ਕਰਨ ਤੋਂ ਬਿਨਾਂ ਸਵਰਾਜ ਦਾ ਕੋਈ ਅਰਥ ਨਹੀਂ‘
1927 ਨੂੰ ‘ਦ ਟ੍ਰਿਬਿਊਨ’ ਵਿਚ ਹੀ ਲਿਖੇ ਇਕ ਲੇਖ ਵਿਚ ਉਨ੍ਹਾਂ ਨੇ ਹਿੰਦੂਆਂ ਨੂੰ ਸਲਾਹ ਦਿੱਤੀ ਸੀ ਕਿ ਤੁਹਾਨੂੰ ਪਹਿਲਾਂ ਆਪਣੇ (ਹਿੰਦੂ) ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ ਤੋਂ ਬਿਨਾਂ ਸਵਰਾਜ ਦਾ ਕੋਈ ਅਰਥ ਨਹੀਂ‘
1927 ਨੂੰ ‘ਦ ਟ੍ਰਿਬਿਊਨ’ ਵਿਚ ਹੀ ਲਿਖੇ ਇਕ ਲੇਖ ਵਿਚ ਉਨ੍ਹਾਂ ਨੇ ਹਿੰਦੂਆਂ ਨੂੰ ਸਲਾਹ ਦਿੱਤੀ ਸੀ ਕਿ ਤੁਹਾਨੂੰ ਪਹਿਲਾਂ ਆਪਣੇ (ਹਿੰਦੂ) ਭਾਈਚਾਰੇ ਦੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਫਿਰ ਰਾਸ਼ਟਰ ਦਾ‘
(ਪੰਜਾਬ ਪਾਸਟ ਐਂਡ ਪ੍ਰੈਜੈਂਟ, ਅਪ੍ਰੈਲ 1898, ਸਫ਼ਾ 191)
ਦੇਸ਼ ਨਾਲੋਂ ਹਿੰਦੂ ਹਿੱਤਾਂ ਨੂੰ ਪਹਿਲ ਦੇਣ ਦੇ ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੀ ਲਾਲਾ ਲਾਜਪਤ ਰਾਏ ਕਾਂਗਰਸ ਨੂੰ ਛੱਡ ਕੇ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਬਣ ਗਏ ਸਨ। ਹਿੰਦੂ ਹਿੱਤਾਂ ਨੂੰ ਦੇਸ਼ ਦੇ ਹਿੱਤਾਂ ਨਾਲੋਂ ਪਹਿਲ ਦੇਣ ਵਾਲੇ ਨੂੰ ‘ਹਿੰਦੂ ਭਗਤ’ ਕਿਹਾ ਜਾਣਾ ਚਾਹੀਦਾ ਹੈ ਜਾਂ ‘ਦੇਸ਼ ਭਗਤ’, ਇਸ ਦਾ ਫੈਸਲਾ ਪਾਠਕ ਆਪ ਹੀ ਕਰ ਲੈਣ।
20ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਨੂੰ ਇਕ ਪੱਖੋਂ ਭਾਸ਼ਾ ਦੇ ਮਾਮਲੇ ਤੇ ਰੱਫੜਾਂ ਦਾ ਇਤਿਹਾਸ ਵੀ ਕਿਹਾ ਜਾ ਸਕਦਾ ਹੈ। ਲਾਲਾ ਲਾਜਪਤ ਰਾਏ ਨੇ ਪੰਜਾਬੀ ਹਿੰਦੂਆਂ ਨੂੰ ਹਿੰਦੀ ਨਾਲ ਜੋੜਨ ਲਈ ਬਹੁਤ ਜੋਰ ਮਾਰਿਆ। ਉਨ੍ਹਾਂ ਨੇ ਲਿਖਿਆ ਹੈ : ‘ਮੇਰੇ ਮਾਪਿਆਂ ਨੇ ਜਿਹੜੀ ਮੈਨੂੰ ਸਿੱਖਿਆ ਦਿੱਤੀ ਸੀ, ਉਹ ਮੰਗ ਕਰਦੀ ਹੈ ਕਿ ਮੈਂ ਉਰਦੂ ਦਾ ਪੱਖ ਲਵਾਂ…। ਮੈਂ ਫਾਰਸੀ ਨੂੰ ਪੜ੍ਹਨ ‘ਤੇ ਕਈ ਸਾਲ ਲਾਏ ਅਤੇ ਉਰਦੂ ਸਾਹਿਤ ਨਾਲ ਮੇਰੀ ਚੰਗੀ ਵਾਕਫ਼ੀ ਸੀ। ਹਿੰਦੀ ਦਾ ਤਾਂ ਮੈਨੂੰ ਕਾ ਖਾ ਵੀ ਨਹੀਂ ਸੀ ਆਉਂਦਾ। ਪਰ ਜਦੋਂ ਮੈਨੂੰ ਇਹ ਗੱਲ ਜਚ ਗਈ ਕਿ ਸਿਆਸੀ ਇਕਮੁੱਠਤਾ (ਫੋਲਟਿਚਿਅਲ ਸੋਲਦਿਅਰਟਿੇ) ਮੰਗ ਕਰਦੀ ਹੈ ਕਿ ਹਿੰਦੀ ਅਤੇ ਦੇਵਨਗਰੀ ਦਾ ਪਸਾਰ ਕੀਤਾ ਜਾਵੇ ਤਾਂ ਮੈਂ… ਹਿੰਦੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਕੰਮ ਲਈ ਮੈਂ ਅੰਬਾਲੇ ਗਿਆ ਅਤੇ ਹਿੰਦੀ ਦੀ ਵਕਾਲਤ ਕਰਦਿਆਂ… ਪਬਲਿਕ ਵਿਚ ਭਾਸ਼ਨ ਦਿੱਤਾ, ਉਸ ਸਮੇਂ ਵੀ ਮੈਨੂੰ ਹਿੰਦੀ ਦੀ ਕੋਈ ਜਾਣਕਾਰੀ ਨਹੀਂ ਸੀ।‘ (ੰਟੋਰੇ ੋਾ ੰੇ ਼ਾਿੲ, ਫ।80)
ਲਾਲਾ ਜੀ ਅਤੇ ਉਸ ਦੀ ਜਥੇਬੰਦੀ ਆਰੀਆ ਸਮਾਜ ਨੇ ਹਿੰਦੀ ਦੇ ਪੱਖ ਵਿਚ ਪ੍ਰਚਾਰ ਕਰਕੇ ਪੰਜਾਬ ਵਿਚ ਜਿਹੇ ਜਹੇ ਕੰਡੇ ਬੀਜ ਦਿੱਤੇ ਸਨ, ਉਸ ਬਾਰੇ ਪਾਠਕ ਭਲੀਭਾਂਤ ਜਾਣਦੇ ਹਨ। ਇਸ ਬਾਰੇ ਵਿਸਥਾਰ ਵਿਚ ਜਾਣ ਦੀ ਬਹੁਤ ਲੋੜ ਨਹੀਂ ਜਾਪਦੀ।
ਇਤਿਹਾਸ ਨੂੰ ਵਿਗਾੜਨ ਦਾ ਬੌਧਿਕ ਕੁਕਰਮ: ਦੋ ਉਘੜਵੇਂ ਨਮੂਨੇ
ਅਸੀਂ ਦੇਖ ਲਿਆ ਹੈ ਕਿ ਇਤਿਹਾਸ ਦੇ ਪ੍ਰਮਾਣਿਕ ਸੋਮਿਆਂ ਤੋਂ ਇਹ ਗੱਲ ਮੁਕੰਮਲ ਤੌਰ ‘ਤੇ ਸਾਬਤ ਹੋ ਜਾਂਦੀ ਹੈ ਕਿ ਪੁਲੀਸ ਦੁਆਰਾ ਕੀਤੇ ਗਏ ਲਾਠੀਚਾਰਜ ਨਾਲ ਲਾਲਾ ਲਾਜਪਤ ਰਾਏ ਦੇ ਸਿਰ ਤੇ ਤਾਣੀ ਛਤਰੀ ਮਚਕੋੜੀ ਗਈ ਸੀ ਅਤੇ ਇਸ ਦੇ ਨਾਲ ਹੀ ਪੁਲਸ ਅਫਸਰ ਦੇ ਡੰਡੇ ਦੀਆਂ ਸੱਟਾਂ ਨਾਲ ਉਸ ਦੇ ਮੋਢੇ ਤੇ ਸੀਨੇ ਉਤੇ ਵੀ ਦੋ ਮਮੂਲੀ ਜਿਹੇ ਜ਼ਖ਼ਮ ਹੋ ਗਏ ਸਨ, ਜਿਨ੍ਹਾਂ ਨੂੰ ਲਾਸਾਂ ਜਾਂ ਝਰੀਟਾਂ (ਬਰੁਸਿੲਸ) ਕਹਿਣਾ ਵੱਧ ਠੀਕ ਹੈ। ਪਰ ਲਾਲਾ ਲਾਜਪਤ ਰਾਏ ਨੂੰ ਹੀਰੋ ਤੇ ‘ਸ਼ਹੀਦ’ ਬਣਾ ਕੇ ਪੇਸ਼ ਕਰਨ ਲਈ ਬਿਹਵਲ ਲੇਖਕਾਂ ਨੇ ਇਸ ਇਤਿਹਾਸਕ ਤੱਥ ਨੂੰ, ਗਿਣੇ ਮਿਥੇ ਰੂਪ ਵਿਚ, ਕਿੰਨਾ ਤੋੜ ਮਰੋੜ ਕੇ ਤੇ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ, ਨਾਮਵਰ ਪੰਜਾਬੀ ਪੱਤਰਕਾਰ ਕੁਲਦੀਪ ਨਈਅਰ ਦੀ ‘ਇਤਿਹਾਸਕ’ ਰਚਨਾ ਇਸ ਦਾ ਸਭ ਤੋਂ ਭੱਦਾ ਨਮੂਨਾ ਹੈ। ਖਾੜਕੂ ਸਿੱਖ ਸੰਘਰਸ਼ ਦੇ ਦੋ ਗੌਰਵਮਈ ਸ਼ਹੀਦਾਂ-ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ-ਵੱਲੋਂ ਕੁਲਦੀਪ ਨਈਅਰ ਨੂੰ ਲਿਖੇ ਗਏ ਇਕ ਪੱਤਰ ਦੇ ਜੁਆਬ ਵਿਚ ਨਈਅਰ ਸਾਹਿਬ ਨੇ ਸ਼ਹੀਦ ਭਗਤ ਸਿੰਘ ਬਾਰੇ ਅੰਗਰੇਜ਼ੀ ਵਿਚ ਇਕ ਪੂਰੀ ਕਿਤਾਬ ( ਠਹੲ ੰਅਰਟੇਰ ਭਹਅਗਅਟ ੰਨਿਗਹ-ਓਣਪੲਰਮਿੲਨਟਸ ਅਨਦ ੍ਰੲਵੋਲੁਟੋਿਨ) ਲਿਖ ਮਾਰੀ ਸੀ, ਜਿਸ ਨੂੰ ‘ਅਜੀਤ’ ਅਖਬਾਰ ਨੇ ਪੰਜਾਬੀ ਵਿਚ ਤਰਜਮਾ ਕਰਕੇ ਪੂਰੀ ਦੀ ਪੂਰੀ ਲੜੀਵਾਰ ਛਾਪਿਆ ਸੀ। ਇਸ ਕਿਤਾਬ ਵਿਚ ਕੁਲਦੀਪ ਨਈਅਰ ਨੇ ਲਾਲੇ ਨੂੰ ਵੱਜੇ ਦੋ ਮਾਮੂਲੀ ਡੰਡਿਆਂ ਦੇ ਤੱਥ ਨੂੰ ਵਧਾ ਕੇ ‘ਵਹਿਸ਼ੀਆਨਾ ਲਾਠੀਚਾਰਜ’ ਦਾ ਨਾਉਂ ਦੇ ਦਿੱਤਾ ਸੀ ਅਤੇ ਨਾਲ ਹੀ ਲਾਲਾ ਜੀ ਦੇ ‘ਲਹੂ-ਲੁਹਾਣ’ ਤੇ ‘ਬੇਹੋਸ’਼ ਹੋ ਜਾਣ ਦੀ ਮਨਘੜਤ ਕਹਾਣੀ ਵੀ ਜੋੜ ਦਿਤੀ ਸੀ। ਕੁਲਦੀਪ ਨਈਅਰ ਦੇ ਲਿਖਣ ਅਨੁਸਾਰ ਵਰ੍ਹਦੀਆਂ ਲਾਠੀਆਂ ਦੀ ਮਾਰ ਨਾਲ ਡਿੱਗੇ ਪਏ ਲਾਲਾ ਜੀ ਨੇ ਬੇਹੋਸ਼ ਹੋਣ ਤੋਂ ਪਹਿਲਾਂ ਗਰਜ਼ ਕੇ ਕਿਹਾ ਸੀ ਕਿ ਮੇਰੇ ਜਿਸਮ ਉਤੇ ਵੱਜੀ ਇਕ ਇਕ ਲਾਠੀ ਅੰਗਰੇਜ਼ ਸਰਕਾਰ ਦੇ ਕਫ਼ਨ ਵਿਚ ਕਿੱਲ ਸਾਬਤ ਹੋਵੇਗੀ। (ਦੇਖੋ ਸਫੇ 33-34) ਐਨਾ ਨੰਗਾ ਚਿੱਟਾ ਝੂਠ ਬੋਲਣ ਵੇਲੇ ਬਜ਼ੁਰਗ ਪੱਤਰਕਾਰ ਨੂੰ ਇਹ ਵੀ ਚੇਤੇ ਨਾ ਰਿਹਾ ਕਿ ‘ਕਫ਼ਨ ਵਿਚ ਕਿੱਲ’ ਵਾਲੀ ਗੱਲ ਤਾਂ ਲਾਲੇ ਨੇ ਲਾਠੀਚਾਰਜ ਦੀ ਘਟਨਾ ਤੋਂ ਕਈ ਘੰਟੇ ਬਾਅਦ ਉਸੇ ਦਿਨ ਸ਼ਾਮ ਨੂੰ ਇਕ ਰੋਸ ਜਲਸੇ ਨੂੰ ਸੰਬੋਧਨ ਕਰਦਿਆਂ ਕਹੀ ਸੀ। ਐਨਾ ਨੰਗਾ ਚਿੱਟਾ ਝੂਠ ਬੋਲਣ ਲਈ ਜਿਥੇ ਕੁਲਦੀਪ ਨਈਅਰ ਦੀ ‘ਦਲੇਰੀ’ ਦੀ ਦਾਦ ਦੇਣੀ ਬਣਦੀ ਹੈ, ਉਥੇ ਨਾਲ ਹੀ ਪੰਜਾਬੀ ਦੇ ਦਾਨਸ਼ਵਰ ਵਰਗ ਦੇ ‘ਹਾਜ਼ਮੇ’ ਉਤੋਂ ਵੀ ਅਸ਼ਕੇ ਜਾਣ ਨੂੰ ਚਿੱਤ ਕਰਦਾ ਹੈ, ਜਿਸ ਨੇਂ ਇਸ ਬੱਜਰ ਝੂਠ ਨੂੰ ਪੂਰੇ ਸ਼ਰਧਾ ਭਾਵ ਨਾਲ ਸੱਤ ਵਚਨ ਕਹਿਕੇ ਪਰਵਾਨ ਕਰ ਲਿਆ ਅਤੇ ਇਸ ਬੌਧਿਕ ਕੁਕਰਮ ਦੇ ਖਿਲਾਫ਼ ਉਂਗਲ ਖੜ੍ਹੀ ਕਰਨ ਦੀ ਕੋਈ ਲੋੜ ਮਹਿਸੂਸ ਨਾ ਕੀਤੀ।
ਖੈਰ ਕੁਲਦੀਪ ਨਈਅਰ ਵਰਗੇ ਵਿਅਕਤੀ ਵੱਲੋਂ ਅਜਿਹੀ ਹੋਛੀ ਤੇ ਗੈਰ-ਜੁੰਮੇਵਾਰ ਹਰਕਤ ਕਰਨਾ ਬਹੁਤੀ ਓਪਰੀ ਗੱਲ ਨਹੀਂ। ਅਜਿਹੇ ਮਨਘੜਤ ਝੂਠ ਬੋਲਣਾ ਉਹ ਆਪਣਾ ‘ਰਾਸ਼ਟਰਵਾਦੀ ਧਰਮ’ ਸਮਝਦਾ ਹੈ। ਇਸ ਦਾ ਸਬੂਤ ਉਸ ਵੱਲੋਂ 1971 ਦੀ ਹਿੰਦ-ਪਾਕਿ ਜੰਗ ਨਾਲ ਸਬੰਧਤ ਲਿਖੀਆਂ ਯਾਦਾਂ ਤੋਂ ਮਿਲ ਜਾਂਦਾ ਹੈ, ਜਿਥੇ ਉਸ ਨੇ ਰਾਸ਼ਟਰ ਦੀ ਸੇਵਾ ਲਈ ਗਿਣ ਮਿਥ ਕੇ ਝੂਠ ਬੋਲਣ ਦੇ ਇਕ ਉਘੜਵੇਂ ਤੱਥ ਦਾ ਖੁਲ੍ਹੇਆਮ ਇਕਬਾਲ ਕੀਤਾ ਹੈ। (ਦੇਖੋ ‘ਅਜੀਤ’, ਕੁਲਦੀਪ ਨਈਅਰ, ‘ਮੇਰੀਆਂ ਯਾਦਾਂ’ ) ਪਰ ਮੈਨੂੰ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਦੀ ਇਕ ਲਿਖਤ ਪੜ੍ਹ ਕੇ ਬਹੁਤ ਦੁੱਖ ਵੀ ਹੋਇਆ ਤੇ ਹੈਰਾਨੀ ਵੀ ਹੋਈ ਕਿ ਰਾਸ਼ਟਰਵਾਦ ਦਾ ਜਨੂੰਨ ਕਿਸ ਤਰ੍ਹਾਂ ਉਸ ਵਰਗੇ ਜ਼ਹੀਨ ਵਿਅਕਤੀ ਨੂੰ ਵੀ ਗਿਣਿਆ ਮਿਥਿਆ ਝੂਠ ਬੋਲਣ ਲਈ ਉਤੇਜਿਤ ਕਰ ਦਿੰਦਾ ਹੈ। ਉਨ੍ਹਾਂ ਨੇ ਆਪਣੀ ਇਕ ਪ੍ਰਸਿੱਧ ਕਿਤਾਬ- ਭਗਤ ਸਿੰਘ ਅਮਰ ਵਿਦਰੋਹੀ- ਵਿਚ ਲਾਲਾ ਲਾਜਪਤ ਰਾਏ ਉਤੇ ਹੋਏ ਲਾਠੀਚਾਰਜ ਦੀ ਘਟਨਾ ਦਾ ਵੇਰਵਾ ਸ਼ਹੀਦ ਭਗਤ ਸਿੰਘ ਦੇ ਸਾਥੀ ਯਸ਼ਪਾਲ ਦੀ ਹਿੰਦੀ ਵਿਚ ਲਿਖੀ ਇਕ ਲਿਖਤ ਦੇ ਹਵਾਲੇ ਨਾਲ ਦਿਤਾ ਹੈ। ਪਰ ਪ੍ਰੋ: ਸਾਹਿਬ ਨੇ ਹਿੰਦੀ ਵਿਚੋਂ ਪੰਜਾਬੀ ਵਿਚ ਤਰਜਮਾ ਕਰਨ ਵੇਲੇ ਤੱਥਾਂ ਦਾ ਮੂੰਹ-ਮੱਥਾ ਹੀ ਵਿਗਾੜ ਦਿਤਾ ਹੈ। ਯਸ਼ਪਾਲ ਲਿਖਦਾ ਹੈ ਕਿ ‘ਡੀ ਐਸ ਪੀ ਸਾਂਡਰਸ ….. ਦੀ ਇਕ ਲਾਠੀ ਨਾਲ ਲਾਲਾ ਜੀ ਦੇ ਸਿਰ ਉਪਰ ਤਾਣੀ ਹੋਈ ਛਤਰੀ ਟੁੱਟ ਗਈ ਅਤੇ ਉਨ੍ਹਾਂ ਦੇ ਕੰਧੇ ਉਪਰ ਚੋਟ ਲੱਗੀ। ਨੌਜਵਾਨ ਸਾਥੀ ਅਜੇ ਵੀ ਲਾਲਾ ਜੀ ਨੂੰ ਘੇਰੇ ਵਿਚ ਲੈ ਕੇ ਡਟੇ ਰਹਿਣ ਨੂੰ ਤਿਆਰ ਸਨ, ਪ੍ਰੰਤੂ ਚੋਟ ਲੱਗਣ ਤੋਂ ਬਾਅਦ ਲਾਲਾ ਜੀ ਨੇ ਹੁਕਮ ਦੇ ਦਿੱਤਾ, ਪੁਲਿਸ ਦੀ ਇਸ ਜਾਲਮਾਨਾ ਹਰਕਤ ਦੇ ਖਿਲਾਫ਼ ਮੁਜ਼ਾਹਰੇ ਨੂੰ ਮੁਅੱਤਲ ਕਰ ਦਿੱਤਾ ਜਾਵੇ।‘ ਹੁਣ ਦੇਖੋ ਪ੍ਰੋ: ਸਾਹਿਬ ਇਸ ਗੱਲ ਨੂੰ ਕਿਵੇਂ ਪੇਸ਼ ਕਰਦੇ ਹਨ। ਉਹ ਲਿਖਦੇ ਹਨ: ‘ਏ ਐਸ ਪੀ ਸਾਂਡਰਸ ਨੇ ਨਾ ਸਿਰਫ ਆਪਣੇ ਸਿਪਾਹੀਆਂ ਨੂੰ ਲਾਠੀਆਂ ਵਰਸਾਉਣ ਲਈ ਹੀ ਉਕਸਾਇਆ, ਸਗੋਂ ਉਹ ਆਪ ਵੀ ਹੱਥ ਵਿਚ ਡੰਡਾ ਲੈ ਕੇ ਵਾਰ ਕਰਨ ਲੱਗ ਪਿਆ। ਫਿਰ ਇਕ ਡੰਡਾ ਲਾਲਾ ਜੀ ਦੇ ਸਿਰ ਉਪਰ ਲੱਗਿਆ, ਜਿਹੜਾ ਛਤਰੀ ਨੂੰ ਤੋੜਦਾ ਹੋਇਆ ਉਨ੍ਹਾਂ ਦੀ ਛਾਤੀ ਵਿਚ ਜਾ ਵੱਜਾ’। ਲਾਲਾ ਜੀ ਦੇ ‘ਸਿਰ ਉਤੇ ਡੰਡਾ’ ਵੱਜਣ ਵਾਲੀ ਗੱਲ ਯਸ਼ਪਾਲ ਜੀ ਨੇ ਕਿਤੇ ਵੀ ਨਹੀਂ ਲਿਖੀ। ਇਹ ਪ੍ਰੋ ਸਾਹਿਬ ਦੀ ਆਪਣੀ ਘਾੜਤ ਹੈ। ਏਥੇ ਹੀ ਬੱਸ ਨਹੀਂ। ਪ੍ਰੋ: ਸਾਹਿਬ ਨੇ ਮਾਮੂਲੀ ਜ਼ਖ਼ਮ ਨੂੰ ਵਧਾ ਕੇ ‘ਗਹਿਰਾ ਜ਼ਖ਼ਮ’ ਬਣਾ ਦਿਤਾ ਅਤੇ ਇਸ ਝੂਠ ਨੂੰ ਪ੍ਰਮਾਣੀਕ ਬਨਾਉਣ ਲਈ, ਇਸ ਨੂੰ ਧੱਕੇ ਨਾਲ ਹੀ ‘ਯਸ਼ਪਾਲ ਵੱਲੋਂ ਦਰਜ ਕੀਤੇ ਵਿਵਰਣ’ ਦੇ ਖਾਤੇ ਵਿਚ ਪਾ ਦਿਤਾ। (ਦੇਖੋ ਸਫਾ 77) ਆਪਣੀ ਕਿਤਾਬ ਵਿਚ ਲਾਲਾ ਜੀ ਦੇ ਜ਼ਖ਼ਮਾਂ ਦੀ ਤਸਵੀਰ ਛਾਪਣ ਵੇਲੇ ਪ੍ਰੋ: ਸਾਹਿਬ ਨੇ ਜ਼ਖ਼ਮਾਂ ਦਾ ਵੱਧ ਗੰਭੀਰ ਪਰਭਾਵ ਦੇਣ ਲਈ, ਤਸਵੀਰ ਵਿਚ ਸਾਫ ਦਿਖਾਈ ਦਿੰਦੀਆਂ ਝਰੀਟਾਂ ਨੂੰ ‘ਫੱਟ’ ਕਹਿਣ ਦੀ ਅਤਿਕਥਨੀ ਤੋਂ ਗੁਰੇਜ਼ ਨਾ ਕੀਤਾ, ਜਦੋਂ ਕਿ ਕਾਬਲ ਵਕੀਲ ਹੋਣ ਦੇ ਨਾਤੇ ਉਹ ‘ਫੱਟ’ ਲਫ਼ਜ਼ ਦੇ ਪ੍ਰਚਲਤ ਅਰਥਾਂ (ਚੋਨਨੋਟਅਟੋਿਨ) ਤੋਂ ਅਨਜਾਣ ਨਹੀਂ ਹਨ।
‘ਸ਼ੇਰੇ-ਪੰਜਾਬ’ ਦਾ ਗੀਦੀਪੁਣਾ!
ਅੰਗਰੇਜ਼ ਸਰਕਾਰ ਤੋਂ ਮੁਆਫ਼ੀ ਲਈ
ਮਾਂਡਲੇ ਜੇਲ੍ਹ ਤੋਂ ਲਿਖੇ ਦੋ ਪੱਤਰ
ਇਹ ਦੋਵੇਂ ਪੱਤਰ ਪ੍ਰਸਿੱਧ ਖੋਜੀ (ਮਰਹੂਮ) ਭਾਈ ਨਾਹਰ ਸਿੰਘ ਐਮ ਏ ਨੇ ਲੱਭੇ ਸਨ ਤੇ ਦਿੱਲੀ ਤੋਂ ਛਪਦੇ ਰਹੇ ‘ਆਰਸੀ’ ਨਾਂ ਦੇ ਪ੍ਰਸਿੱਧ ਮਾਸਕ ਰਸਾਲੇ ਨੇ ਆਪਣੇ ਫਰਵਰੀ 1969 ਦੇ ਅੰਕ ਵਿਚ ਛਾਪੇ ਸਨ। ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਸੱਤਿਆ ਐਮ ਰਾਏ ਨੇ ਇਨ੍ਹਾਂ ਪੱਤਰਾਂ ਬਾਰੇ ਪ੍ਰਸਿੱਧ ਗ਼ਦਰੀ ਬਾਬੇ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਲਹਿਰ ਨਾਲ ਗ਼ਦਾਰੀ ਅਤੇ ਨੰਗਾ ਚਿੱਟਾ ਮੁਆਫ਼ੀਨਾਮਾ ਕਰਾਰ ਦਿੱਤਾ ਸੀ। ਸ. ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਨੇ ਵੀ ਲਾਲਾ ਲਾਜਪਤ ਰਾਏ ਵੱਲੋਂ ਲਿਖੇ ਗਏ ਇਨ੍ਹਾਂ ਪੱਤਰਾਂ ਦਾ ਬੇਹੱਦ ਬੁਰਾ ਮਨਾਇਆ ਸੀ। ਇਨ੍ਹਾਂ ਪੱਤਰਾਂ ਦੀ ਪੂਰੀ ਇਬਾਰਤ ਇਸ ਤਰ੍ਹਾਂ ਹੈ:
ਸੇਵਾ ਵਿਖੇ,
ਹਿਜ਼ ਐਕਸੀਲੈਂਸੀ ਵਾਇਸਰਾਏ
ਤੇ ਗਵਰਨਰ ਜਨਰਲ ਆਫ਼ ਇੰਡੀਆ
ਤੇ ਅਧੀਨ ਦੇਸ
ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ : ਤੁਹਾਡਾ ਨਿਮਾਨਾ ਫਰਿਆਦੀ ਇਕ ਸਰਕਾਰੀ ਕੈਦੀ ਹੈ, ਜੋ ਮਾਂਡਲੇ (ਅਪਰ ਬਰਮਾ) ਦੇ ਕਿਲ੍ਹੇ ਵਿਚ ਬੰਦੀ ਹੈ, ਜਿਸ ਨੂੰ ਲਾਹੌਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਤੁਹਾਡੇ ਹੁਕਮ ਨਾਲ ਜਲਾਵਤਨ ਕਰ ਕੇ ਇਸ ਥਾਂ ਭੇਜਿਆ ਗਿਆ। ਇਹ ਹੁਕਮ ਹਜ਼ੂਰ ਦੇ ਅਧਿਕਾਰ ਹੇਠ 7 ਮਈ 1907 ਨੂੰ ਕੱਢਿਆ ਗਿਆ।
ਤੁਹਾਡੇ ਇਸ ਫਰਿਆਦੀ ਨੂੰ ਨਾ ਤਾਂ ਉਦੋਂ ਅਤੇ ਨਾ ਹੀ ਹੁਣ ਤੱਕ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ, ਜਿਨ੍ਹਾਂ ਨੂੰ ਆਧਾਰ ਬਣਾ ਕੇ 1818 ਦੀ ਧਾਰਾ 3 ਦੇ ਅਧੀਨ ਹਜ਼ੂਰ ਵੱਲੋਂ ਕਾਰਵਾਈ ਕੀਤੀ ਗਈ, ਦੇ ਸੁਭਾਵ ਤੇ ਵੇਰਵੇ ਬਾਰੇ ਦੱਸਿਆ ਗਿਆ।
ਤੁਹਾਡਾ ਇਹ ਫਰਿਆਦੀ ਕਦੇ ਵੀ ਅਜਿਹਾ ਕੁਝ ਕਰਨ ਲਈ ਤਾਂਘ ਨਹੀਂ ਸੀ ਰੱਖਦਾ, ਜਿਸ ਦਾ ਉਦੇਸ਼ ਭਾਰਤ ਦੇ ਸ਼ਹਿਨਸ਼ਾਹ ਦੀ ਸਲਤਨਤ ਦੇ ਕਿਸੇ ਹਿੱਸੇ ਦੇ ਵਿਰੁੱਧ ਹੁੱਲੜ ਮਚਾਣਾ ਹੋਵੇ। ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ, ਪਰ ਜ਼ੋਰ ਨਾਲ ਤਰਦੀਦ ਕਰਦਾ ਹੈ ਕਿ ਉਸ ਨੇ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਕੀਤੀ ਜਿਸ ਸਦਕਾ ਇਹ ਧਾਰਾ ਉਸ ਵਿਰੁੱਧ ਲਾਗੂ ਹੋ ਸਕਦੀ ਹੋਵੇ।
ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਤਰਦੀਦ ਕਰਦਾ ਹੈ ਕਿ ਉਸ ਦੇ ਗ੍ਰਿਫਤਾਰ ਕਰਨ ਦੇ ਸਮੇਂ ਜਾਂ ਉਸ ਤੋਂ ਕੁਝ ਪਹਿਲਾਂ ਜਾਂ ਫਿਰ ਕੁਝ ਪਿੱਛੋਂ, ਕਦੇ ਵੀ, ਬਾਦਸ਼ਾਹ ਸਲਾਮਤ ਦੀ ਹਿੰਦੁਸਤਾਨ ਦੇ ਸਲਤਨਤ ਦੇ ਕਿਸੇ ਹਿੱਸੇ ਵਿਚ ਕਿਸੇ ਭਾਂਤ ਦਾ ਉਚਿਤ ਸੰਸਾ ਨਹੀਂ ਸੀ, ਜਿਸ ਤੋਂ ਬਚਾਓ ਲਈ ਤੁਹਾਡੇ ਇਸ ਫਰਿਆਦੀ ਦੀ ਗ੍ਰਿਫਤਾਰੀ ਤੇ ਜਲਾਵਤਨੀ ਜ਼ਰੂਰੀ ਜਾਂ ਦਲੀਲ ਪੂਰਬਕ ਹੋਵੇ।
ਤੁਹਾਡੇ ਇਸ ਫਰਿਆਦੀ ਦਾ ਯਕੀਨ ਹੈ ਕਿ ਉਹ ਦੁਸ਼ਮਣਾਂ ਵੱਲੋਂ ਪਹੁੰਚਾਈ ਗਈ ਝੂਠੀ ਤੇ ਮੰਦਭਾਵਨਾ ਵਾਲੀ ਜਾਣਕਾਰੀ ਦਾ ਸ਼ਿਕਾਰ ਬਣਿਆ ਰਿਹਾ ਹੈ ਤੇ ਬਣਿਆ ਹੋਇਆ ਹੈ। ਜਾਂ ਫਿਰ ਉਸ ਵਿਰੁੱਧ ਰਿਪੋਰਟਾਂ ਪੱਖਪਾਤੀ ਜਾਂ ਗ਼ਲਤਫਹਿਮੀ ਵਿਚ ਪਏ ਅਧਿਕਾਰੀਆਂ ਦੇ ਕਿਸੇ ਭੁਲੇਖੇ ਜਾਂ ਸੰਸੇ ‘ਤੇ ਆਧਾਰਤ ਹਨ।
ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਅਰਜ਼ ਕਰਦਾ ਹੈ ਕਿ ਇਨਸਾਫ਼ ਤੇ ਹਕ-ਨਿਆਂ ਦੇ ਨਾਂ ਉੱਤੇ ਉਸ ਨੂੰ ਉਸ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਹਜ਼ੂਰ ਦੇ ਵਿਚਾਰ ਗੋਚਰੇ ਆਪਣਾ ਪੱਖ ਰੱਖ ਸਕੇ।
ਤੁਹਾਡਾ ਇਹ ਫਰਿਆਦੀ ਹਮੇਸ਼ਾ ਹੀ ਆਪਣੇ ਨਿਮਾਣੇ ਜਿਹੇ ਢੰਗ ਨਾਲ ਸਦਾ ਸ਼ਾਂਤਮਈ ਕੰਮਾਂ ਵਿਚ ਰੁਝਿਆ ਰਿਹਾ ਹੈ ਅਤੇ ਆਪਣੇ ਵਸੀਲਿਆਂ ਤੇ ਗਿਆਨ ਅਨੁਸਾਰ ਵਿਭਿੰਨ ਢੰਗਾਂ ਨਾਲ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰਦਾ ਰਿਹਾ ਹੈ, ਜਿਹਾ ਕਿ ਸਿਖ਼ਸ਼ਾ ਨੂੰ ਫੈਲਾਣ ਦਾ ਕੰਮ, ਯਤੀਮਾਂ ਜਾਂ ਵਿਧਵਾਵਾਂ ਦੀ ਸਹਾਇਤਾ ਲਈ ਦਾਨ ਇਕੱਤਰ ਕਰਨਾ, ਕਾਲ ਦੇ ਸਮੇਂ ਕਾਲ ਪੀੜਤਾਂ ਲਈ ਦਾਨ ਇਕੱਠਾ ਕਰਨਾ ਤੇ ਵੰਡਣਾ ਅਤੇ 1905 ਦੇ ਭੂਚਾਲ ਸਮੇਂ ਬਣੀ ਵੱਡੀ ਭੀੜ ਵੇਲੇ ਲੋਕਾਂ ਨੂੰ ਸਹਾਇਤਾ ਦੇਣੀ। ਤਿੰਨ ਸਾਲਾਂ ਦੇ ਸਮੇਂ ਤੱਕ ਉਹ ਪੰਜਾਬ ਦੇ ਇਕ ਨਗਰ ਵਿਚ ਮਿਊਂਸਪਲ ਕਮਿਸ਼ਨਰ ਰਿਹਾ। ਪਿਛਲੇ 25 ਸਾਲਾਂ ਦੇ ਲੰਮੇ ਸਮੇਂ ਵਿਚ ਉਸ ‘ਤੇ ਕਦੇ ਵੀ ਹਿਜ਼ ਮੈਜਸਟੀ ਦੀ ਸਰਕਾਰ ਵਿਰੁੱਧ ਕਿਸੇ ਤਰ੍ਹਾਂ ਦੇ ਕੋਈ ਵੀ ਕੰਮ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਜਾਂ ਸੰਦੇਹ ਨਹੀਂ ਕੀਤਾ ਗਿਆ। ਤੁਹਾਡੇ ਇਸ ਫਰਿਆਦੀ ਵਰਗੀ ਨਿਮਾਣੀ ਥਾਂ-ਥਿਤ ਵਾਲੇ ਸ਼ਖਸ ਲਈ ਇਸ ਤਰ੍ਰਾਂ ਇਕ ਦਮ ਆਪਣੇ ਪ੍ਰਵਾਰ ਤੋਂ ਵੱਖ ਹੋ ਜਾਣ ਅਤੇ ਆਪਣੇ ਰੁਜ਼ਗਾਰ ਦੇ ਵਸੀਲਿਆਂ ਤੋਂ ਵਾਂਝੇ ਜਾਣ ਨਾਲ ਬੜੀ ਦੁਖਦਾਈ ਅਵਸਥਾ ਵਿਚੋਂ ਲੰਘਣਾ ਪੈ ਰਿਹਾ ਹੈ। ਵੱਡੀ ਗੱਲ ਤਾਂ ਇਹ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਉਸ ਨਾਲ ਕਿਉਂ ਇਉਂ ਹੋਇਆ ਤੇ ਫਿਰ ਉਸ ਨੂੰ ਜਵਾਬ ਦੇਹੀ ਦਾ ਮੌਕਾ ਨਹੀਂ ਦਿੱਤਾ ਗਿਆ। ਤੁਹਾਡਾ ਇਹ ਫਰਿਆਦੀ ਤਾਂ ਅਸਾਧ ਅਪਚ ਦਾ ਰੋਗੀ ਹੈ, ਉਸ ਦਾ ਜਿਗਰ ਅਤੇ ਮੇਹਦਾ ਖਰਾਬ ਰਹਿੰਦਾ ਹੈ, ਤਿਲੀ ਵਧੀ ਹੋਈ ਹੈ ਅਤੇ ਉਸ ਨੂੰ ਯਰਕਾਨ ਵੀ ਹੋ ਜਾਂਦਾ ਹੈ ਤੇ ਉਹ ਕਈ ਕਈ ਮਹੀਨੇ ਨਿਸੱਤਾ ਹੋ ਕੇ ਪਿਆ ਰਹਿੰਦਾ ਹੈ, ਇਹ ਇਕ ਅਜਿਹੀ ਸਚਾਈ ਹੈ ਜਿਸ ਦੀ ਤਸੱਲੀ ਲਾਹੌਰ ਵਿਚ ਉਸ ਦੇ ਇਲਾਜ ਕਰਦੇ ਡਾਕਟਰਾਂ ਤੋਂ ਕੀਤੀ ਜਾ ਸਕਦੀ ਹੈ। ਤੁਹਾਡਾ ਇਹ ਫਰਿਆਦੀ ਇਸ ਸਮੇਂ ਉਨੀਂਦਰੇ ਦੀ ਬੀਮਾਰੀ ਦਾ ਸ਼ਿਕਾਰ ਹੈ। ਇਕ ਓਪਰੇ ਦੇਸ਼ ਵਿਚ ਲੰਮੇ ਸਮੇਂ ਤੱਕ ਦੀ ਕੈਦ, ਤੇ ਇਕ ਅਜਿਹੇ ਜਲਵਾਯੂ ਵਿਚ ਜੋ ਉਸ ਲਈ ਓਪਰੀ ਹੈ ਤੇ ਜਿਥੇ ਕਸਰਤ ਲਈ ਚੋਖੇ ਮੌਕੇ ਨਹੀਂ, ਜਿਥੇ ਘਰ ਦੀਆਂ ਸਹੂਲਤਾਂ ਨਹੀਂ, ਅਜਿਹੇ ਜੀਵਨ ਦੀ ਸੁੰਞ ਤੇ ਅਕਾ ਦੇਣ ਵਾਲੀ ਇਕਸਾਰਤਾ ਸੇਹਤ ‘ਤੇ ਕਾਫ਼ੀ ਬੁਰਾ ਅਸਰ ਪਾ ਰਹੀ ਹੈ। ਤੁਹਾਡਾ ਇਹ ਫਰਿਆਦੀ ਅਰਜ਼ ਗੁਜ਼ਾਰਦਾ ਹੈ ਕਿ ਹਿਜ਼ ਐਕਸੀਲੈਂਸੀ ਇਨ ਕੌਂਸਲ ਉਸ ਦੀ ਰਿਹਾਈ ਦਾ ਹੁਕਮ ਦੇਣ, ਜਾਂ ਉਸ ਵਿਰੁੱਧ ਲਗਾਏ ਗਏ ਦੂਸ਼ਣ ਜਾਂ ਦੂਸ਼ਣਾਂ ਤੋਂ ਉਸ ਨੂੰ ਜਾਣੂ ਕਰਾਣ, ਜੇ ਕਿਸੇ ਕਾਰਨ ਹਜ਼ੂਰ ਮੇਰੀ ਇਹ ਨਿਮਾਣੀ ਅਰਜ਼ ਪ੍ਰਵਾਨ ਨਾ ਕਰ ਸਕਦੇ ਹੋਣ, ਤਾਂ ਹਜੂਰ ਕ੍ਰਿਪਾ ਕਰਕੇ ਇਸ ਨਿਮਾਣੀ ਫਰਿਆਦ ਨੂੰ ਭਾਰਤ ਦੇ ਸ਼ਹਿਨਸ਼ਾਹ ਮੁਹਤਮਿਮ ਦੇ ਵਿਚਾਰ ਗੋਚਰਾ ਰੱਖਣ।
ਜਦੋਂ ਤੱਕ ਇਸ ਫਰਿਆਦ ‘ਤੇ ਵਿਚਾਰ ਨਹੀਂ ਹੋ ਜਾਂਦੀ, ਉਦੋਂ ਤੱਕ ਹਜ਼ੂਰ ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਇਨ੍ਹਾਂ ਗੱਲਾਂ ਦੀ ਆਗਿਆ ਦੇਣ।
(ੳ) ਇਥੋਂ ਦੇ ਰਹਿਣ ਵਾਲੇ ਨਿੱਜੀ ਨੌਕਰ ਦੀ ਸੇਵਾ ਤੇ ਸਾਥ ਦੀ ਸਹੂਲਤ
(ਅ) ਅੰਗਰੇਜ਼ੀ ਤੇ ਹਿੰਦੁਸਤਾਨੀ ਅਖ਼ਬਾਰ ਪੜ੍ਹਨ ਦੀ ਆਗਿਆ ਜਿਨ੍ਹਾਂ ਬਿਨ੍ਹਾਂ ਇਹ ਫਰਿਆਦੀ ਬਹੁਤ ਇਕੱਲਤਾ ਜਿਹੀ ਮਹਿਸੂਸ ਕਰਦਾ ਹੈ। ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਇਹ ਵੀ ਦੱਸਣ ਦੀ ਮਿਹਰਬਾਨੀ ਕਰਨੀ ਕਿ ਉਸ ਨੂੰ ਕਦੋਂ ਤੱਕ ਇਥੇ ਕੈਦ ਰੱਖਿਆ ਜਾਵੇਗਾ। ਇਹ ਮਿਹਰਬਾਨੀ ਤੇ ਹੱਕ-ਨਿਆਂ ਦੇ ਬਦਲੇ ਤੁਹਾਡਾ ਇਹ ਫਰਿਆਦੀ ਹਜ਼ੂਰ ਦੀ ਦੀਰਘ ਆਯੂ ਲਈ ਪ੍ਰਾਰਥਨਾ ਕਰਨਾ ਆਦਿ, ਆਦਿ, ਆਪਣਾ ਫਰਜ਼ ਸਮਝੇਗਾ।
ਮਾਂਡਲੇ ਫ਼ੋਰਟ ਡਫ਼ਰਿਨ ਹਜ਼ੂਰ ਦਾ ਨਿਮਾਣਾ ਫਰਿਆਦੀ
29 ਜੂਨ 1907 ਲਾਜਪਤ ਰਾਏ ਆਫ਼ ਲਾਹੌਰ
ਮੇਜਰਨਾਮਾ
ਸੇਵਾ ਵਿਖੇ, ਆਦਰਯੋਗ
ਇੰਡੀਅਨ ਰਾਜ ਪ੍ਰਬੰਧ ਸਬੰਧੀ ਸਕੱਤਰ
ਬ੍ਰਿਟਿਸ਼ ਪਾਰਲੀਮੈਂਟ, ਲੰਡਨ।
ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ :
1. ਤੁਹਾਡਾ ਇਹ ਫਰਿਆਦੀ ਸਰਕਾਰੀ ਕੈਦੀ ਹੈ ਅਤੇ ਮਾਂਡਲੇ (ਬਰਮਾ) ਦੇ ਕਿਲ੍ਹੇ ਵਿਚ ਬੰਦ ਹੈ। ਇਸ ਨੂੰ ਲਾਹੌਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ‘ਵਰੰਟ ਆਫ਼ ਕਮਿਟਮੈਂਟ‘ ਦੀ ਤਹਿਮੀਲ ਵਿਚ ਇਸ ਥਾਂ ਜਲਾਵਤਨ ਕਰਕੇ ਭੇਜਿਆ ਗਿਆ। ਸੁਣਵਾਈ ਦੀ ਮਿਤੀ 7 ਮਈ 1907 ਸੀ, ਤੇ ਇਹ ਵਰੰਟ 1818 ਦੀ ਧਾਰਾ 3 ਦੇ ਅਧੀਨ ਹਜ਼ੂਰ ਗਵਰਨਰ ਜਨਰਲ ਆਫ਼ ਇੰਡੀਆ ਇਨ ਕੌਂਸਲ ਦੇ ਅਧਿਕਾਰ ਹੇਠ ਜਾਰੀ ਕੀਤੇ ਗਏ।
2. ਇਸ ਫਰਿਆਦੀ ਨੂੰ ਨਾ ਤਾਂ ਗ੍ਰਿਫਤਾਰੀ ਸਮੇਂ ਅਤੇ ਨਾ ਹੀ ਪਿੱਛੋਂ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ ਬਾਰੇ ਦੱਸਿਆ ਗਿਆ ਜਿਨ੍ਹਾਂ ਦੇ ਆਧਾਰ ‘ਤੇ ਉਪਰੋਕਤ ਧਾਰਾ ਦੇ ਅਧੀਨ ਉਸ ਵਿਰੁਧ ਕਾਰਵਾਈ ਕੀਤੀ ਗਈ।
3. ਤੁਹਾਡੇ ਇਸ ਫਰਿਆਦੀ ਨੇ ਅੱਗੇ ਇਕ ਬਿਨੈਪੱਤਰ ਵਿਚ, ਜੋ ਹਜ਼ੂਰ ਵਾਇਸਰਾਏ ਤੇ ਗਵਰਨਰ ਜਨਰਲ ਆਫ਼ ਇੰਡੀਆ ਨੂੰ ਘਲਿਆ ਗਿਆ, ਲਿਖਿਆ ਸੀ ਕਿ ਉਸ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਉਪਰੋਕਤ ਧਾਰਾ ਨਿਆਂ-ਪੂਰਵਕ ਉਸ ਉੱਤੇ ਲਾਗੂ ਹੋ ਸਕੇ, ਉਸ ਨੇ ਕਦੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਹਜ਼ੂਰ ਦੀ ਭਾਰਤ ਦੀ ਸਲਤਨਤ ਦੇ ਕਿਸੇ ਹਿੱਸੇ ਵਿਚ ‘ਹੁੱਲੜ‘ ਮਚਿਆ ਹੋਵੇ ਜਾਂ ਮਚਣ ਦੀ ਸੰਭਾਵਨਾ ਹੋਵੇ। ਹਕੀਕਤ ਤਾਂ ਇਹ ਹੈ ਕਿ ਫਰਿਆਦੀ ਦੀ ਗ੍ਰਿਫ਼ਤਾਰੀ ਸਮੇਂ ਅਜਿਹੇ ਕਿਸੇ ‘ਹੁੱਲੜ‘ ਮਚਣ ਦਾ ਕੋਈ ਡਰ ਨਹੀਂ ਸੀ। ਤੁਹਾਡਾ ਇਹ ਫਰਿਆਦੀ ਝੂਠੀ ਸੂਹ ਦਾ ਸ਼ਿਕਾਰ ਬਣਿਆ ਹੈ, ਜੋ ਉਸ ਦੇ ਵਿਰੁਧ ਉਸ ਦੇ ਦੁਸ਼ਮਣਾਂ ਜਾਂ ਪੱਖਪਾਤੀ ਸਰਕਾਰੀ ਅਧਿਕਾਰੀਆਂ ਨੇ, ਆਪਣਾ ਪੱਖ ਪੂਰਨ ਲਈ ਦਿੱਤੀ ਅਤੇ ਕਿ ਜੇ ਉਸ ਨੂੰ ਦੇਸ਼ ਨਿਕਾਲੇ ਦੇ ਕਾਰਨਾਂ ਬਾਰੇ ਦੱਸਿਆ ਹੁੰਦਾ ਤਾਂ ਉਨ੍ਹਾਂ ਬਾਰੇ ਆਪਣੀ ਜਵਾਬਦੇਹੀ ਹਜ਼ੂਰ ਤੇ ਕੌਂਸਲ ਦੀ ਤਸੱਲੀ ਲਈ ਦੇਂਦਾ।
4. ਫਰਿਆਦੀ ਨੂੰ ਉਸ ਵਿਰੁੱਧ ਲਗਾਏ ਗਏ ਦੂਸ਼ਣਾਂ ਤੋਂ ਬਿਲਕੁਲ ਅਗਿਆਤ ਰੱਖਿਆ ਗਿਆ ਹੈ ਤੇ ਉਹ ਕੋਈ ਨਿਸਚਿਤ ਬਿਆਨ ਦੇਣ ਤੇ ਆਪਣੀ ਨਿਰਦੋਸ਼ਤਾ ਦੇ ਸਬੂਤ ਦੇਣ ਦੀ ਸਥਿਤੀ ਵਿਚ ਨਹੀਂ ਹੈ। ਕਿਉਂ ਜੋ ਅਖ਼ਬਾਰ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ। ਇਸ ਲਈ ਤੁਹਾਡਾ ਫਰਿਆਦੀ ਗਵਰਨਮੈਂਟ ਆਫ਼ ਇੰਡੀਆ ਦੇ ‘ਕਿਆਸੇ ਆਧਾਰਾਂ‘ ਦੀ ਖੰਡਨਾ ਜਾਂ ਜਵਾਬਦੇਹੀ ਦੀ ਸਥਿਤੀ ਵਿਚ ਨਹੀਂ। ਪ੍ਰੰਤੂ ਉਹ ਆਦਰ ਨਾਲ ਇਹ ਦੁਹਰਾਣ ਦੀ ਖੁੱਲ੍ਹ ਲੈਂਦਾ ਹੈ ਕਿ ਗਵਰਨਮੈਂਟ ਆਫ਼ ਇੰਡੀਆ ਦੀ ਕਾਰਵਾਈ, ਜੋ 1818 ਦੀ ਧਾਰਾ 3 ਦੇ ਅਧਾਰ ‘ਤੇ ਉਸ ਵਿਰੁਧ ਕੀਤੀ ਗਈ, ਉਹ ਅਨਿਆਂ ਪੂਰਬਕ ਤੇ ਬੇਲੋੜੀ ਹੈ, ਅਜਿਹੀ ਕਾਰਵਾਈ ਲਈ ਅਵਸਰ ਬਣਿਆ ਹੀ ਨਹੀਂ ਸੀ ਅਤੇ ਇਹ ਧਾਰਾ ਟਿਕਵੇਂ ਰਾਜ ਪ੍ਰਬੰਧ ਦੇ ਦਿਨਾਂ ਲਈ ਅਤੇ ਤੁਹਾਡੇ ਇਸ ਫਰਿਆਦੀ ਜਿਹੇ ਸ਼ਖਸ ਲਈ ਜੋ ਜੀਵਨ ਵਿਚ ਨਿਮਾਣੀ ਥਾਂ ਰੱਖਦਾ ਹੈ, ਨਹੀਂ ਮੰਨੀ ਗਈ ਸੀ।
5. ਤੁਹਾਡਾ ਇਹ ਫਰਿਆਦੀ ਇਹ ਵੀ ਬਿਨੈ ਕਰਦਾ ਹੈ ਕਿ ਉਸ ਨੇ ਲਾਹੌਰ ਜਾਂ ਰਾਵਲਪਿੰਡੀ ਦੇ ਫਸਾਦਾਂ ਵਿਚ ਕੋਈ ਭਾਗ ਨਹੀਂ ਲਿਆ, ਉਸ ਨੇ ਸਿੱਧੇ ਜਾਂ ਪਰੋਖੇ ਢੰਗ ਨਾਲ ਕਿਸੇ ਸ਼ਖਸ ਨੂੰ ਗੜਬੜ ਮਚਾਣ ਲਈ ਉਤਸ਼ਾਹ ਨਹੀਂ ਦਿੱਤਾ, ਉਸ ਨੇ ਕੋਈ ਰਾਜ ਧਰੋਹ ਵਾਲਾ ਭਾਸ਼ਣ ਨਹੀਂ ਦਿੱਤਾ, ਅਤੇ ਸਰਕਾਰ ਵੱਲੋਂ ਚੁੱਕੇ ਕੁਝ ਕਦਮਾਂ, ਜੋ ਉਸ ਦੀ ਗ੍ਰਿਫਤਾਰੀ ਦੇ ਝਟ ਕੁ ਪਹਿਲਾਂ ਦੇ ਸਮੇਂ ਜਾਂ ਉਨ੍ਹੀਂ ਦਿਨੀਂ ਲੋਕਾਂ ਦੇ ਦਿਲ ਮੱਲੀ ਬੈਠੇ ਸਨ, ਦਾ ਖੰਡਨ ਕਰਦਿਆਂ ਉਸ ਨੇ ਕਾਨੂੰਨ ਤੇ ਵਿਧਾਨ ਦੀਆਂ ਹੱਦਾਂ ਨਹੀਂ ਉਲੰਘੀਆਂ, ਉਸ ਨੇ ਕਦੇ ਵੀ ਨਵਿਰਤੀ ਲਈ ਅਹਿੰਸਕ ਜਾਂ ਗੈਰਕਾਨੂੰਨੀ ਵਿਧੀਆਂ ਅਪਨਾਣ ਦਾ ਪ੍ਰਚਾਰ ਨਹੀਂ ਕੀਤਾ, ਨਾ ਹੀ ਉਸ ਨੇ ਕਦੇ ਅਜਿਹੇ ਸ਼ਖਸ ਨਾਲ ਸਬੰਧ ਰੱਖੇ ਹਨ, ਜੋ ਉਸ ਦੀ ਸਮਝ ਅਨੁਸਾਰ ਅਜਿਹੀਆਂ ਵਿਧੀਆਂ ਦਾ ਪ੍ਰਚਾਰ ਕਰਦਾ ਹੋਵੇ। ਉਸ ਵਿਰੁਧ ਜੋ ਇਹ ਸੰਦੇਹ ਕੀਤਾ ਜਾਂਦਾ ਹੈ ਕਿ ਉਸ ਹਜ਼ੂਰ ਦੀ ਭਾਰਤੀ ਫੌਜ ਦੇ ਸਿਪਾਹੀਆਂ ਨੂੰ ਹਜ਼ੂਰ ਦਾ ਵਫ਼ਾਦਾਰ ਨਾ ਰਹਿਣ ਲਈ ਵਰਗਲਾਇਆ ਹੈ, ਇਹ ਬਿਲਕੁਲ ਨਿਰਮੂਲ ਹੈ, ਤੁਹਾਡੇ ਫਰਿਆਦੀ ਨੂੰ ਤੇ ਉਨ੍ਹਾਂ ਨਾਲ ਸੰਚਾਰ ਰੱਖਣ ਦਾ ਕਦੇ ਕਿਸੇ ਤਰ੍ਹਾਂ ਦਾ ਅਵਸਰ ਹੀ ਨਹੀਂ ਬਣਿਆ।
6. ਫਰਿਆਦੀ ਬੜੇ ਆਦਰ ਨਾਲ ਇਹ ਬਿਨੈ ਕਰਦਾ ਹੈ ਕਿ ਉਸ ਨੂੰ ਸ਼ਖਸੀ ਆਜ਼ਾਦੀ ਤੋਂ ਵਾਂਝਿਆ ਰੱਖ ਕੇ, ਅਜਿਹੀ ਕਾਰਵਾਈ ਦੇ ਆਧਾਰ ਕਾਰਨ ਨੂੰ ਦੱਸੇ ਬਿਨਾਂ, ਉਸ ਨੂੰ ਸੁਣੇ ਬਿਨਾਂ ਤੇ ਆਪਣੀ ਰੱਖਿਆ ਵਿਚ ਕੁਝ ਕਹਿਣ ਦਾ ਕੋਈ ਹੱਕ ਦਿੱਤੇ ਬਿਨਾਂ, ਉਸ ਨੂੰ ਰੱਦ ਕੇ, ਉਸ ਜਾਣਕਾਰੀ ਉੱਤੇ ਕਾਰਵਾਈ ਕਰਨੀ ਜੋ ਉਸ ਦੀ ਪਿੱਠ ਪਿੱਛੇ ਕੀਤੀ ਗਈ ਹੈ ਅਤੇ ਉਸ ਨੂੰ ਕਾਨੂੰਨੀ ਸਲਾਹ ਲੈਣ ਲਈ ਸਹੂਲਤਾਂ ਨਾ ਦੇ ਕੇ ਗਵਰਨਮੈਂਟ ਆਫ਼ ਇੰਡੀਆ, ਇਸ ਅਵਸਰ ਉੱਤੇ, ਇਨਸਾਫ਼ ਤੇ ਹੱਕ-ਨਿਆਂ ਦੇ ਉਨ੍ਹਾਂ ਪ੍ਰਚੱਲਤ ਅਸੂਲਾਂ ਅਨੁਸਾਰ ਕਾਰਵਾਈ ਕਰਨੋਂ ਅਸਮਰਥ ਰਹੀ ਹੈ, ਜਿਹੜੇ ਬਰਤਾਨਵੀ ਰਾਜ ਪ੍ਰਬੰਧ ਦੇ ਸਾਧਾਰਨ ਗੁਣ ਮੰਨੇ ਜਾਂਦੇ ਹਨ। ਇਹ ਫਰਿਆਦੀ ਇਹ ਸੋਚਣ ਲਈ ਸਮਰੱਥ ਹੈ ਕਿ ਜਿਹੜੀ ਧਾਰਾ ਉਸ ਵਿਰੁਧ ਲਗਾਈ ਗਈ ਹੈ ਉਹ ਹੁਣ ਖਤਮ ਹੋ ਚੁੱਕੀ ਈਸਟ ਇੰਡੀਆ ਕੰਪਨੀ ਦਾ ਇਕ ਗੈਰ ਸੰਵਿਧਾਨਕ ਕਾਨੂੰਨ ਸੀ, ਅਤੇ ਚਾਰਟਰ ਅਨੁਸਾਰ ਮਿਲੀ ਸ਼ਕਤੀ ਤੋਂ ਬਾਹਰਾ ਸੀ, ਅਤੇ ਬਰਤਾਨਵੀ ਵਿਧਾਨ ਤੇ ਬਰਤਾਨਵੀ ਕਾਨੂੰਨਾਂ ਦੀ ਭਾਵਨਾ ਅਨੁਸਾਰ ‘ਅਧਿਕਾਰੋਂ ਬਾਹਰਾ‘ ਸੀ ਅਤੇ ਬਰਤਾਨਵੀ ਲੋਕ ਸਭਾ ਵੱਲੋਂ ਕਦੇ ਵੀ ਸਵੀਕਾਰ ਜਾਂ ਪ੍ਰਵਾਨ ਨਹੀਂ ਕੀਤਾ ਗਿਆ ਸੀ, ਉਪਰੋਕਤ ਧਾਰਾ ਅਨੁਸਾਰ ਐਗਜ਼ੈਕਟਿਵ ਸਰਕਾਰ ਨੂੰ ਹਮੇਸ਼ਾ ਲਈ ਇਹ ਸਦੀਵੀ ਸ਼ਕਤੀ ਪ੍ਰਦਾਨ ਕਰ ਦੇਣੀ ਕਿ ਉਹ ਬਰਤਾਨਵੀ ਪਰਜਾ ਨੂੰ ਅਦਾਲਤ ਵਿਚ ਬਿਨਾਂ ਯੋਗ ਢੰਗ ਨਾਲ ਮੁਕੱਦਮਾ ਚਲਾਏ ਦੇ, ਸ਼ਖਸੀ ਆਜ਼ਾਦੀ ਤੋਂ ਵਾਂਝਿਆਂ ਕਰ ਦੇਵੇ, ਸੁਭਾਵਕ ਨਿਆਂ ਤੇ ਕਾਨੂੰਨ ਅਨੁਸਾਰ ਚੱਲ ਰਹੀ ਸਰਕਾਰ ਦੇ ਸਭ ਸੰਕਲਪਾਂ ਦੇ ਵਿਰੁੱਧ ਹੈ।
7. ਇਹ ਫਰਿਆਦੀ ਬੜੇ ਆਦਰ ਨਾਲ ਬਿਨੈ ਕਰਦਾ ਹੈ ਕਿ ਉਪਰੋਕਤ ਧਾਰਾ ਅਨੁਸਾਰ ਜਿਹੜੇ ਸ਼ਖਸੀ ਬੰਧੇਜ ਵਰਨਣ ਕੀਤੇ ਗਏ ਹਨ, ਉਹ ਪ੍ਰਸਤਾਵਨਾ ਵਿਚ ਦਿੱਤੇ ਗਏ ਮੰਤਵਾਂ ਨੂੰ ਧਿਆਨ ਵਿਚ ਰੱਖ ਕੇ, ਉਸ ਤੋਂ ਬਾਹਰ ਨਹੀਂ ਸੋਚੇ ਜਾ ਸਕਦੇ, ਅਤੇ ਉਪਰੋਕਤ ਧਾਰਾ ਜ਼ਾਹਿਰੀ ਤੌਰ ‘ਤੇ ਸਿਰਫ਼ ਨਿਰੋਧ ਲਈ ਹੈ ਨਾ ਕਿ ਉਸ ਸ਼ਖ਼ਸ ਨੂੰ ਸਜ਼ਾ ਦੇਣ ਲਈ ਜਿਸ ਉੱਤੇ ਮੁਕੱਦਮਾ ਹੀ ਨਹੀਂ ਚਲਾਇਆ ਗਿਆ। ਇਸ ਰੌਸ਼ਨੀ ਵਿਚ ਵੇਖਿਆ ਗਵਰਨਮੈਂਟ ਆਫ਼ ਇੰਡੀਆ ਦਾ ਇਹ ਫੈਸਲਾ ਕਿ ਫਰਿਆਦੀ ਨੂੰ ਅਖਬਾਰਾਂ ਨਾ ਪਹੁੰਚਾਈਆਂ ਜਾਣ ਅਤੇ ਉਸ ਨੂੰ ਇਕ ਆਪਣਾ ਨਿੱਜੀ ਨੌਕਰ ਜਾਂ ਆਪਣੀ ਕੌਮੀਅਤ ਦਾ ਇਕ ਬਾਵਰਚੀ ਰੱਖਣ ਦੀ ਆਗਿਆ ਨਾ ਦਿੱਤੀ ਜਾਵੇ, ਨਿਆਂਪੂਰਬਕ ਤੇ ਲੋੜੀਂਦਾ ਨਹੀਂ ਕਿਹਾ ਜਾ ਸਕਦਾ, ਇਹ ਗੱਲ ਵੀ ਨਿਆਂ ਪੂਰਵਕ ਨਹੀਂ ਕਿ ਉਸ ਨੂੰ ਆਪਣੇ ਕਿਸੇ ਮਿੱਤਰ ਨਾਲ ਬਿਲਕੁਲ ਹੀ ਨਾ ਮਿਲਣ ਦਿੱਤਾ ਜਾਵੇ ਤੇ ਇਹ ਗੱਲ ਕਰ ਦਿੱਤੀ ਜਾਵੇ ਕਿ ਸਿਰਫ਼ ਉਹੀ ਸਬੰਧੀ ਉਸ ਨੂੰ ਮਿਲ ਸਕਦਾ ਹੈ ਜਿਸਨੇ ਪਹਿਲਾਂ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਆਗਿਆ ਲੈ ਲਈ ਹੋਵੇ, ਤੇ ਉਹ ਸਿਰਫ਼ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿਚ, ਨਿਕਟ ਬਹਿ ਕੇ ਮਿਲੇ। ਇਹ ਬੰਦਸ਼ਾਂ ਬਰਤਾਨੀਆ ਵਿਚ ਰਾਜਸੀ ਕੈਦੀ, ਜਾਂ ਲੋਕ ਸਭਾ ਦੇ ਕਿਸੇ ਵਿਸ਼ੇਸ਼ ਕਾਨੂੰਨ ਅਧੀਨ, ਬਿਨਾਂ ਮੁਕੱਦਮਾ ਚਲਾਏ ਬੰਦੀ ਵਿਚ ਪਾਏ ਗਏ ਬੰਦੀਵਾਨਾਂ ਨਾਲ ਕੀਤੇ ਜਾਂਦੇ ਸਲੂਕਾਂ ਦੇ ਵਿਰੁੱਧ ਹੈ। ਤੁਹਾਡੇ ਇਸ ਫਰਿਆਦੀ ਦੀ ਇਕ ਪਤਨੀ ਤੋਂ ਕਈ ਬੱਚੇ ਹਨ (ਜਿਨ੍ਹਾਂ ਵਿਚ ਇਕ ਜਵਾਨ ਵਿਧਵਾ ਲੜਕੀ ਤੇ ਉਸ ਦੀ ਬੱਚੀ ਵੀ ਸ਼ਾਮਲ ਹੈ) ਉਸ ਦੀ ਸੰਭਾਲ, ਸਿਖਸ਼ਾ ਤੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਹੈ ਤੇ ਕਿਸੇ ਹਾਲਤ ਵਿਚ ਵੀ ਫਰਿਆਦੀ ਨੂੰ ਬੰਦੀ ‘ਚ ਰੱਖੀ ਰੱਖਣਾ ਨਿਆਂ ਪੂਰਵਕ ਨਹੀਂ, ਜਦੋਂ ਕਿ ਕਿਆਸ ਕੀਤੇ ਜਾਂਦੇ ਹੁੱਲੜ ਦਾ ਡਰ ਹੁਣ ਖਤਮ ਹੋ ਗਿਆ ਹੈ।
8. ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਬਿਨੈ ਕਰਦਾ ਤੇ ਦਿਲੋਂ ਉਮੀਦ ਕਰਦਾ ਹੈ ਕਿ ਹਜ਼ੂਰ ਦੀ ਵੱਡੇ ਪ੍ਰਤਾਪ ਵਾਲੀ ਸਰਕਾਰ ਉਸ ਇਨਸਾਫ਼ ਤੇ ਨਿਆਂ ਹੱਕ ਤੋਂ ਫਰਿਆਦੀ ਨੂੰ ਵਾਂਝਿਆਂ ਨਹੀਂ ਰੱਖੇਗੀ ਜਿਸ ਲਈ ਬਰਤਾਨਵੀ ਕੌਮ ਤੇ ਉਨ੍ਹਾਂ ਦੀ ਸਰਕਾਰ ਪ੍ਰਸਿੱਧ ਹੈ ਅਤੇ ਉਹ ਫਰਿਆਦੀ ਨੂੰ ਰਿਹਾਅ ਕਰਨ ਦਾ ਹੁਕਮ ਦੇਵੇਗੀ ਅਤੇ ਆਪਣੇ ਘਰ ਵਾਪਸ ਜਾਣ ਅਤੇ ਜਿੰਦਗੀ ਵਿਚ ਆਪਣਾ ਸਾਧਾਰਨ ਪੇਸ਼ਾ ਕਰਨ ਦੀ ਆਗਿਆ ਦੇਵੇਗੀ।
9. ਅਖ਼ੀਰ ਵਿਚ ਜੇ ਹਜ਼ੂਰ ਦੀ ਸਰਕਾਰ ਫਰਿਆਦੀ ਨੂੰ ਬਿਨਾਂ ਸ਼ਰਤ ਰਿਹਾ ਤੇ ਵਾਪਸ ਪਰਿਵਾਰ ਵਿਚ ਜਾ ਕੇ ਰਹਿਣ ਦਾ ਹੁਕਮ ਦੇਣਾ ਅਸੰਭਵ ਸਮਝੇ ਤਾਂ ਉਹ ਬੜੀ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਉਸ ਨੂੰ ਉਸ ਸਮੇਂ ਤੱਕ ਲਈ ਭਾਰਤ ਛੱਡ ਦੇਣ ਦੀ ਆਗਿਆ ਦੇਵੇ। ਜਿਹੜਾ ਸਰਕਾਰ ਉਸ ਬਦਲੇ ਵਿਚ ਨੀਯਤ ਕਰਨਾ ਠੀਕ ਸਮਝਦੀ ਹੋਵੇ, ਅਤੇ ਉਸ ਨੂੰ ਗਰੇਟ ਬ੍ਰਿਟੇਨ ਜਾਂ ਯੂਰਪ ਦੇ ਮਹਾਂਦੀਪ ਜਾਂ ਅਮਰੀਕਾ ਵਿਚ ਆਜ਼ਾਦੀ ਨਾਲ ਰਹਿਣ ਦੀ ਖੁੱਲ੍ਹ ਦੇਵੇ। ਤੁਹਾਡੀ ਇਸ ਮਿਹਰਬਾਨੀ ਲਈ ਤੁਹਾਡਾ ਫਰਿਆਦੀ ਫਰਜ਼ ਵਿਚ ਬੱਝਿਆ ਹੋਇਆ ਹਜ਼ੂਰ ਤੇ ਹਜ਼ੂਰ ਦੇ ਮੰਤਰੀਆਂ ਲਈ ਪ੍ਰਾਰਥਨਾ ਕਰੇਗਾ।
ਮਾਂਡਲੇ, ਫੋਰਟ ਡਫ਼ਰਿਨ ਤੁਹਾਡਾ ਫਰਿਆਦੀ
22 ਸਤੰਬਰ 1907 ਹਜ਼ੂਰ ਦਾ ਨਿਮਾਣਾ ਦਾਸ
ਲਾਜਪਤ ਰਾਏ ਆਫ਼ ਲਾਹੌਰ
ਚਿੱਠੀ 3
ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵੱਲੋਂ
ਲਾਲਾ ਲਾਜਪਤ ਰਾਏ ਜੀ ਦੇ ਨਾਉਂ ਖੁੱਲ੍ਹੀ ਚਿੱਠੀ
ਲਾਲਾ ਲਾਜਪਤ ਰਾਏ ਨੂੰ ਦੇਸ਼ ਦਾ ਇਕ ਬਜ਼ੁਰਗ ਨੇਤਾ ਮੰਨਦੇ ਹੋਏ ਵੀ, ਇਨਕਲਾਬੀ ਉਨ੍ਹਾਂ ਦੇ ਕੁਝ ਵਿਚਾਰਾਂ ਨਾਲ ਅਸਹਿਮਤੀ ਰੱਖਦੇ ਸਨ। ਲਾਲਾ ਜੀ ਅਤੇ ਭਗਤ ਸਿੰਘ ਦੇ ਸਾਥੀਆਂ ਵਿਚ ਇਕ ਬਹਿਸ ਚੱਲ ਪਈ ਸੀ। ਨਵੰਬਰ 1927 ਵਿਚ ਲਾਲਾ ਲਾਜਪਤ ਰਾਏ ਜੀ ਦੇ ਨਾਂ ਇਕ ਖੁੱਲ੍ਹੀ ਚਿੱਠੀ ਛਾਪੀ ਗਈ ਸੀ। ਇਸ ਚਿੱਠੀ ‘ਤੇ ਦਸਤਖਤ ਕਰਨ ਵਾਲਿਆਂ ਨਾਲ ਸ਼ਹੀਦ ਭਗਤ ਸਿੰਘ ਦਾ ਨਜ਼ਦੀਕੀ ਸਬੰਧ ਸੀ। 22 ਸੱਜਣਾਂ ਵੱਲੋਂ ਜਾਰੀ ਕੀਤੀ ਗਈ ਇਸ ਚਿੱਠੀ ਦਾ ਅਨੁਵਾਦ ਹੇਠਾਂ ਪੇਸ਼ ਕੀਤਾ ਜਾਂਦਾ ਹੈ।
ਲਾਹੌਰ, 18 ਸਤੰਬਰ, 1927
ਪਿਆਰੇ ਲਾਲਾ ਲਾਜਪਤ ਰਾਏ ਜੀ!
ਜਦੋਂ ਅਸੈਂਬਲੀ ਦੀ ਚੋਣ ਲਈ ਜਲਸੇ ਕੀਤੇ ਜਾਂਦੇ ਸਨ ਤਾਂ ਆਪ ਨੇ ਇਕ ਵਾਰੀ ਦਸ ਹਜ਼ਾਰ ਹਿੰਦੂਆਂ ਦੇ ਜਲਸੇ ਦੇ ਸਾਹਮਣੇ ਆਪਣੇ ਆਪ ਨੂੰ ਸਿਪਾਹੀ ਹੋਣ ਦਾ ਐਲਾਨ ਕੀਤਾ ਸੀ। ਇਕ ਦੂਸ਼ਣ ਦੇ ਉਤਰ ਵਿਚ ਕਿ ਆਪ ਇਕ ਮਰ ਚੁੱਕੇ ਲੀਡਰ ਹੋ, ਆਪ ਨੇ ਕਿਹਾ ਸੀ ਕਿ ਬੇਸ਼ੱਕ ਹਿੰਦੂਆਂ ਦੇ ਹੱਥੋਂ ਇਕ ਲੀਡਰ ਜਾਂਦਾ ਰਿਹਾ ਹੈ ਪਰ ਲੀਡਰ ਦੀ ਥਾਂ ਉਨ੍ਹਾਂ ਨੂੰ ਇਕ ਸਿਪਾਹੀ ਮਿਲ ਗਿਆ ਹੈ। ਆਪ ਜੀ ਦੇ ਇਸ ਐਲਾਨ ਨੂੰ ਸੁਣ ਕੇ ਅਸੀਂ ਵੀ ਬੜੇ ਪ੍ਰਸੰਨ ਹੋਏ ਸਾਂ ਕਿਉਂਕਿ ਅਸੀਂ ਵੀ ਅਜਿਹੇ ਲੀਡਰਾਂ ਪਾਸੋਂ, ਜੋ ਕਿ ਰਾਜਸੀ ਮਸਲਿਆਂ ਸਬੰਧੀ ਬੜੀਆਂ ਸੌਖੀਆਂ ਸੌਖੀਆਂ ਗੱਲਾਂ ਕਰਿਆ ਕਰਦੇ ਸਨ, ਤੰਗ ਆਏ ਹੋਏ ਸਾਂ। ਪਿਛਲੇ ਭਲੇ ਦਿਨਾਂ ਵਿਚ ਜਦੋਂ ਆਪ ਬਾਦਲੀਲ ਲੈਕਚਰਾਂ ਵਿਚ ਇਹੋ ਆਖਦੇ ਨਹੀਂ ਥੱਕਦੇ ਸੋ ਕਿ ‘ਮੈਂ ਤਾਂ ਤਖਤ ਲਵਾਂਗਾ ਜਾਂ ਤਖ਼ਤਾ‘ ਲਾਹੌਰ ਦੇ 16 ਨੌਜਵਾਨਾਂ ਨੇ ਜੋ ਐਲਾਨ ‘ਨੌਜਵਾਨ ਪੰਜਾਬ ਅੱਗੇ ਅਪੀਲ‘ ਦੇ ਸਿਰਲੇਖ ਹੇਠਾਂ ਕੀਤਾ ਸੀ, ਉਸ ਦੇ ਜਵਾਬ ਵਿਚ ਆਪ ਨੇ ਉਨ੍ਹਾਂ ਪਰ ਇਹ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਆਪ ਪਰ ਇਕ ਗ਼ਲਤ ਧੱਬਾ ਲਾ ਕੇ ਆਪ ਨੂੰ ਇਕ ਰਾਜਸੀ ਮੈਦਾਨ ਵਿਚੋਂ ਕੱਢਣ ਦਾ ਯਤਨ ਕੀਤਾ ਹੈ।
ਇਹ ਦੂਸ਼ਣ ਵੇਖਣ ਤੋਂ ਵੀ ਕੋਝਾ ਜਾਪਦਾ ਸੀ। ਅਸੀਂ ਆਪ ਨੂੰ ਮੁੜ ਮੈਦਾਨ-ਏ-ਜੰਗ ਵਿਚ ਲਿਆਉਣਾ ਚਾਹੁੰਦੇ ਹਾਂ ਅਤੇ ਆਪ ਵਿਚ ਇਹ ਸ਼ਤਰੰਜੀ ਚਾਲਾਂ ਖੇਡਣ ਦੀ ਜੋ ਚਾਅ ਪੈਦਾ ਹੋ ਗਈ ਹੈ, ਇਸ ਨੂੰ ਤਬਾਹ ਕਰਨਾ ਚਾਹੁੰਦੇ ਹਾਂ। ਆਪ ਨੇ ਕਿਹਾ ਸੀ ਕਿ ਇਹ ਤਾਂ ਬਲਾਸ਼ਵਿਕ ਹਨ ਅਤੇ ਆਪਣਾ ਆਗੂ ਲੈਨਿਨ ਮੰਨਦੇ ਹਨ। ਬਾਲਸ਼ਵਿਕ ਹੋਣਾ ਕੋਈ ਗੁਨਾਹ ਨਹੀਂ ਹੈ ਅਤੇ ਅੱਜ ਹਿੰਦੁਸਤਾਨ ਨੂੰ ਲੈਨਿਨ ਦੀ ਸਭ ਤੋਂ ਵੱਧ ਲੋੜ ਹੈ। ਕੀ ਆਪ ਨੇ ਇਨ੍ਹਾਂ ਨੌਜਵਾਨਾਂ ਨੂੰ ਸੀ ਆਈ ਡੀ ਦੀਆਂ ਮਿਹਰ ਦੀਆਂ ਨਜ਼ਰਾਂ ਵਿਚ ਲਿਆਉਣ ਦੀ ਕਮੀਨੀ ਕੋਸ਼ਿਸ਼ ਨਹੀਂ ਕੀਤੀ? ਆਪ ਦੀ ਇਸ ਬੁਰੀ ਇੱਛਾ ਨੂੰ ਫ਼ਲ ਲੱਗ ਗਿਆ ਅਤੇ ਆਪ ਆਪਣੇ ਆਪ ਨੂੰ ਇਸ ਸਫ਼ਲਤਾ ਦੀ ਵਧਾਈ ਦੇ ਸਕਦੇ ਹੋ। ਆਪ ਨੇ ਲੰਗੇ ਮੰਡੀ ਵਿਚ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਉਪਰ ਕੇਵਲ ਇਸ ਲਈ ਚਿੱਕੜ ਸੁੱਟਿਆ, ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਅਸਲੀ-ਅਸਲੀ ਹਾਲਾਤ ਦੱਸਣ ਦਾ ਹੌਂਸਲਾ ਕੀਤਾ। ਇਸ ਦਿਨ ਆਪ ਦੀ ਚੋਣ ਸਬੰਧੀ ਲੜਾਈ ਦਾ ਆਰੰਭਿਕ ਦਿਨ ਸੀ, ਪੰਡਿਤ ਮਾਲਵੀਆ ਜੀ ਨੂੰ ਸ਼ੁਭ ਆਰੰਭਿਕ ਕਾਰਵਾਈ ਕਰਨ ਲਈ ਸੱਦਿਆ ਗਿਆ ਸੀ ਅਤੇ ਆਪ ਨੇ ਕੁਝ ਥੋੜੇ ਜਿਹੇ ਪ੍ਰਧਾਨਗੀ ਸ਼ਬਦ ਹੀ ਉਚਾਰਨੇ ਸਨ। ਆਪਣੇ ਬੁਰੇ ਕਾਰਨਾਮਿਆਂ ਨੂੰ ਦੇਖ ਕੇ ਆਪ ਆਪਣਾ ਆਪ ਭੁੱਲ ਗਏ। ਪੰਡਿਤ ਮਾਲਵੀਆ ਨੂੰ ਆਪਣੀ ਸੁਭਾਵਿਕ ਲੰਬੀ ਤਕਰੀਰ ਕਰਨ ਦਾ, ਜਿਸ ਲਈ ਕਿ ਉਹ ਤਿਆਰ ਹੋ ਕੇ ਆਇਆ ਸੀ, ਸਮਾਂ ਨਾ ਮਿਲਿਆ। ਆਪ ਨੇ ਦੋ ਘੰਟੇ, ਸਗੋਂ ਇਸ ਤੋਂ ਵੀ ਵੱਧ ਚੋਖੇ ਸਮੇਂ ਵਿਚ ‘ਨੌਜਵਾਨ ਪੰਜਾਬ ਅੱਗੇ ਅਪੀਲ‘ ਦੀ ਕੜਕਵੀਂ ਆਵਾਜ਼ ਵਿਚ ਵਿਰੋਧਤਾ ਕੀਤੀ। ਆਪ ਨੇ ਇਨ੍ਹਾਂ ਨੌਜਵਾਨਾਂ ਪਰ ਦਿਲ ਖੋਲ੍ਹ ਕੇ ਦੂਸ਼ਣ ਲਾਏ ਅਤੇ ਇਨ੍ਹਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਆਪਣੀ ਸਾਰੀ ਤਕਰੀਰ ਵਿਚ ਹੀ ਆਪ ਨੇ ਦਲੀਲਬਾਜ਼ੀ ਨੂੰ ਉੱਕਾ ਹੀ ਲਾਂਭੇ ਛੱਡ ਛੱਡਿਆ। ਅਸੀਂ ਆਪ ਪਰ ਹੇਠ ਲਿਖੇ ਦੂਸ਼ਣ ਲਾਉਂਦੇ ਹਾਂ :
1. ਰਾਜਸੀ ਥਿੜਕੇਵਾਂ।
2. ਕੌਮੀ ਵਿੱਦਿਆ ਨਾਲ ਗ਼ਦਾਰੀ।
3. ਸਵਰਾਜ ਪਾਰਟੀ ਨਾਲ ਗ਼ਦਾਰੀ।
4.ਹਿੰਦੂ ਮੁਸਲਿਮ ਖਿੱਚੋਤਾਣ ਦਾ ਵਧਾਉਣਾ।
5. ਮੋਡਰੇਟ ਬਣ ਜਾਣਾ।
ਇਨ੍ਹਾਂ ਦੂਸ਼ਣਾਂ ਵਿਚੋਂ ਇਕ ਦੀ ਵੀ ਆਪ ਨੇ ਬਾਦਲੀਲ ਤਰਦੀਦ ਅੱਜ ਤੱਕ ਨਹੀਂ ਕੀਤੀ। ਜਦੋਂ ਚੋਣ ਦਾ ਜੋਸ਼ ਮੱਠਾ ਪੈ ਗਿਆ ਅਤੇ ਅਸੈਂਬਲੀ ਦਾ ਸਮਾਗਮ ਖ਼ਤਮ ਹੋ ਗਿਆ ਤਾਂ ਅਸੀਂ ਬੜੀ ਚਿੰਤਾ ਨਾਲ ਫਿਰ ਇਹ ਸੁਣਿਆ ਕਿ ਆਪ ਦੇ ਜਿਸਮ ਨੂੰ ਫਿਰ ਕੋਈ ਨਾ ਕੋਈ ਬੀਮਾਰੀ ਹੋ ਗਈ ਹੈ।
ਅਫ਼ਸੋਸ ! ਭੈੜੀ ਸਿਹਤ ਸਾਡੇ ਲੀਡਰਾਂ ਦਾ ਇਕ ਆਮ ਅੰਗ ਹੈ। ਉਹ ਭੈੜੀ ਸਿਹਤ ਹੋਣ ਦੀ ਉਸ ਸਮੇਂ ਸ਼ਿਕਾਇਤ ਕਰਨ ਲੱਗ ਜਾਂਦੇ ਹਨ, ਜਦੋਂ ਕਿ ਉਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਹੁਣ ਅਸਾਥੋਂ ਪਿੰਡਾਂ ਦੇ ਉਸਾਰੂ ਅਤੇ ਜਥੇਬੰਦੀ ਦੇ ਇਕਰਾਰਾਂ ਨੂੰ ਪੂਰਾ ਕਰਨ ਸਬੰਧੀ ਪੁੱਛਣਾ ਕਰੇਗਾ। ਇਹ ਇਕਰਾਰ ਅਜਿਹੇ ਹਨ, ਜੋ ਕਿ ਹਜ਼ਾਰਾਂ ਵਾਰੀ ਕੀਤੇ ਗਏ, ਪ੍ਰੰਤੂ ਪੂਰੇ ਕਦੇ ਨਹੀਂ ਕੀਤੇ।
ਹਿੱਕਮਤ ਵਿੱਦਿਆ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਭੈੜੀ ਸਿਹਤ ਦੀ ਬੀਮਾਰੀ ਕੇਵਲ ਯੂਰਪ ਦੇ ਸਿਹਤਗਾਹਾਂ ਪਰ ਹੀ ਠੀਕ ਹੁੰਦੀ ਹੈ, ਕੀ ਇਹ ਗੱਲ ਸੱਚੀ ਨਹੀਂ? ਬੀਮਾਰੀ ਦੇ ਰੋਕਣ ਲਈ ਜੋ ਰਾਏ ਡਾਕਟਰ ਦੇਣ ਉਸ ਨੂੰ ਮੰਨਣੋਂ ਕੌਣ ਇਨਕਾਰੀ ਹੋ ਸਕਦਾ ਹੈ। ਹਿੰਦੁਸਤਾਨ ਇਕ ਬੱਦਖ਼ਤ ਦੇਸ਼ ਹੈ ਅਤੇ ਜੰਗਲਾਂ ਅਤੇ ਦਲਦਲਾਂ ਨਾਲ ਭਰਪੂਰ ਹੈ। ਇਥੇ ਕੋਈ ਪਹਾੜੀ ਸਥਾਨ ਨਹੀਂ ਹਨ ਅਤੇ ਨਾ ਕੋਈ ਸਿਹਤਗਾਹ ਹੈ। ਇਨ੍ਹਾਂ ਲੀਡਰਾਂ ਦਾ ਕਸ਼ਮੀਰ ਕੇਵਲ ਇਟਲੀ ਦੇ ਉਤਰ ਵਿਚ ਹੀ ਹੈ। ਮਰੀ, ਮਸੂਰੀ ਅਤੇ ਨੈਨੀਤਾਲ ਵੀ ਯੂਰਪ ਵਿਚ ਹੀ ਮਿਲਦੇ ਹਨ, ਆਪ ਜਾਣਦੇ ਹੋ ਕਿ ਆਪਣੇ ਦੇਸ਼ ਦੀ ਸੇਵਾ ਲਈ ਜ਼ਰੂਰੀ ਜਿਊਣਾ ਚਾਹੀਦਾ ਹੈ। ਜਿੰਦਗੀ ਕੀਮਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਸਿਪਾਹੀ ਲਈ ਕੋਈ ਆਰਾਮ ਨਹੀਂ ਹੈ। ਉਹ ਮਰਨ ਖ਼ਾਤਰ ਹੀ ਜਿਊਂਦਾ ਹੈ ਤਾਂ ਕਿ ਉਹ ਹਮੇਸ਼ਾ ਦੁੱਖ ਝੱਲ ਰਹੀ ਕੌਮ ਦੀ ਸੇਵਾ ਵਿਚ ਰਹਿੰਦਾ ਹੋਇਆ ਹੀ ਮਰੇ ਅਤੇ ਦੁਖੀ ਕੌਮ ਦੇ ਵਾਸਤੇ ਮਰਨ ਖ਼ਾਤਰ ਕਮਰਕੱਸੇ ਹੋਏ ਹੀ ਜੰਗ ਵਿਚ ਮਰਨਾ ਉਸ ਦੀ ਭਾਰੀ ਇੱਛਾ ਹੁੰਦੀ ਹੈ।
ਪ੍ਰੰਤੂ ਯੂਰਪ ਨੂੰ ਤੁਰਨ ਤੋਂ ਪਹਿਲਾਂ ਜਦੋਂ ਕਿ ਆਪ ਅਜੇ ਹਿੰਦੁਸਤਾਨ ਦੀ ਹਵਾ ਹੀ ਖਾ ਰਹੇ ਸੀ ਅਤੇ ਹਿੰਦੁਸਤਾਨ ਦੀ ਧਰਤੀ ਪਰ ਚੱਲ ਫਿਰ ਰਹੇ ਸੀ, ਤਾਂ ਆਪ ਦੇ ਅਤੇ ਆਪ ਦੇ ਸਾਥੀਆਂ ਦੇ ਬੀਜੇ ਹੋਏ ਕੰਡੇ ਉਗ ਪਏ। ਆਪ ਨੇ ‘ਹਿੰਦੂਓ, ਮਾਰੋ।‘ ਦਾ ਪ੍ਰਚਾਰ ਕੀਤਾ ਸੀ ਅਤੇ ਹਿੰਦੂ ਹੀ ਮਾਰੇ ਗਏ।
ਆਪ ਜੈਸੇ ਹੀ ਹੋਰ ਸੱਜਣਾਂ ਨੇ ‘ਮੁਸਲਮਾਨੋਂ, ਮਾਰੋ!‘ ਦਾ ਪ੍ਰਚਾਰ ਕੀਤਾ, ਜਦੋਂ ਮੁਸਲਮਾਨਾਂ ਦੇ ਮਾਰੇ ਜਾਣ ਦਾ ਸਮਾਂ ਆਇਆ ਤੇ ਉਨ੍ਹਾਂ ਦੇ ਲੀਡਰਾਂ ਨੇ ਵੀ ਇਹ ਬੁਜਦਿਲੀ ਦਿਖਾਈ ਕਿ ਉਹ ਸਿਪਾਹੀਆਂ ਵਾਲਾ ਕੰਮ ਨਾ ਕਰ ਸਕੇ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਵੀ ਕਾਫ਼ੀ ਮਾਰ ਪਈ। ਪ੍ਰੰਤੂ ਅਸਾਡਾ ਸਿਪਾਹੀ ਉਸ ਵੇਲੇ ਬੁਜ਼ਦਿਲੀ ਦਿਖਾਉਣ ਵਿਚ ਬਹਾਦਰ ਨਿਕਲਿਆ। ਜਦੋਂ ਹਿੰਦੂ ਮਾਰੇ ਜਾਣ ਦਾ ਆਪਣਾ ਹਿੱਸਾ, ਸਗੋਂ ਹਿੱਸੇ ਤੋਂ ਵੱਧ ਲੈਣ ਲੱਗੇ ਤਾਂ ਆਪ ਨੇ ਫਸਟ ਕਲਾਸ ਦੇ ਗਦੈਲਿਆਂ ਪਰ ਬੈਠ ਕੇ ਯੂਰਪ ਨੂੰ ਤੁਰ ਜਾਣਾ ਹੀ ਚੰਗਾ ਸਮਝਿਆ। ਆਪ ਨੇ ਲਾਹੌਰ ਦੇ ਹਿੰਦੂਆਂ ਦੀ ਇਸ ਮੁਸੀਬਤ ਸਮੇਂ ਸਹਾਇਤਾ ਕਰਨੋਂ ਅਸਮਰੱਥਤਾ ਪ੍ਰਗਟ ਕੀਤੀ। ਚੋਣ ਦੇ ਦਿਨਾਂ ਵਿਚ ਆਮ ਤੌਰ ‘ਤੇ ਹਿੰਦੂਆਂ ਦੀ ਮੁਸਲਮਾਨਾਂ ਹੱਥੋਂ ਰੱਖਿਆ ਕਰਨ ਦੀਆਂ ਡੀਂਗਾਂ ਮਾਰਿਆ ਕਰਦੇ ਸਨ।
ਪ੍ਰੰਤੂ ਅਫ਼ਸੋਸ ਹੈ ਕਿ ਇਹ ਸਭ ਕੁਝ ਆਪ ਦਾ ਚੋਣ ਦੀ ਸਫ਼ਲਤਾ ਤੱਕ ਹੀ ਮਹਿਦੂਦ ਸੀ। ਇਸ ਦੇ ਸਬੂਤ ਵਿਚ ਅਸੀਂ ਕੇਵਲ ਇੰਨਾ ਕਹਿਣਾ ਹੀ ਕਾਫ਼ੀ ਸਮਝਦੇ ਹਾਂ ਕਿ ਆਪ ਨੇ ਯੂਰਪ ਤੋਂ ਵਾਪਸ ਆ ਕੇ ਵੀ ਲਾਹੌਰ ਦੇ ਗਰੀਬ ਅਤੇ ਦੁਖੀ ਹਿੰਦੂਆਂ ਦੀ ਮਦਦ ਲਈ ਲਾਹੌਰ ਪੁੱਜਣ ਦੀ ਵੀ ਖੇਚਲ ਨਹੀਂ ਕੀਤੀ ਅਤੇ ਸਾਨੂੰ ਪਤਾ ਨਹੀਂ ਕਿ ਆਪ ਨੇ ਸਰਹੱਦ ਤੋਂ ਪਾਗ਼ਲ ਪਠਾਣਾਂ ਦੇ ਕੱਢੇ ਹੋਏ ਹਿੰਦੂਆਂ ਦੀ ਰੱਖਿਆ ਲਈ ਕੀ ਤਰੀਕੇ ਵਰਤੇ ਹਨ। ਇਸ ਦੇ ਉਲਟ ਆਪ ਸਿੱਧੇ ਹੀ ਸ਼ਿਮਲੇ ਨੂੰ ਅਸੈਂਬਲੀ ਵਿਚ ਹਿੱਸਾ ਲੈਣ ਲੲਂੀ ਅਤੇ ਆਪਣੇ ਸਾਥੀਆਂ ਪਰ ਤਕਰੀਰਾਂ ਦਾ ਅਸਰ ਪਾਉਣ ਲਈ ਚਲੇ ਗਏ। ਬਿਪਤਾ ਸਮੇਂ ਅੱਡਾ ਰਹਿਣਾ ਆਪਦੀ ਬਹਾਦਰੀ ਦਾ ਵੱਡਾ ਹਿੱਸਾ ਹੈ।
ਕਈ ਨੌਜਵਾਨ ਇਸਤਰੀਆਂ ਦੇ ਸਿਰਾਂ ਦੇ ਸਾਈਂ ਮਰ ਜਾਣ ਨਾਲ ਉਨ੍ਹਾਂ ਦੀ ਸਾਰੀ ਉਮਰ ਦੁੱਖ ਭਰੀ ਅਤੇ ਇਕੱਲੀ ਹੋ ਗਈ, ਕਈ ਕਵਾਰੀਆਂ ਦੇ ਸਤਿ ਭੰਗ ਕੀਤੇ ਜਾਣ ਕਰਕੇ ਉਹ ਆਪਣੇ ਅੰਦਰ ਹੰਝੂਆਂ ਨਾਲ ਰੋ ਰਹੀਆਂ ਹਨ। ਕਈ ਮਾਸੂਮਾਂ ਦਾ ਕਤਲ ਕੀਤਾ ਗਿਆ, ਤੀਹ ਲੱਖ ਜਾਨਾਂ ਭਿਆਨਕ ਨਰਕ ਵਿਚ ਦੀ ਲੰਘ ਰਹੀਆਂ ਹਨ। ਲਾਟ ਪੰਜਾਬ ਵੀ ਆਪਣੀ ਪਹਾੜੀ ਅਰਾਮਗਾਹ ਛੱਡ ਕੇ ਇਨ੍ਹਾਂ ਲੋਕਾਂ ਦੇ ਬੀਜੇ ਹੋਏ ਕੰਡਿਆਂ ਨੂੰ ਵਢਾਉਣ ਲਈ ਲਾਹੌਰ ਪੁੱਜਦਾ ਹੈ, ਪ੍ਰੰਤੂ ਸਾਡਾ ਸਿਪਾਹੀ (ਲਾਲਾ ਲਾਜਪਤ ਰਾਏ) ਇੰਨਾ ਬੀਮਾਰ ਹੈ ਕਿ ਆਪਣੀ ਡਿਊਟੀ ਪਰ ਨਹੀਂ ਪੁੱਜ ਸਕਦਾ ਅਤੇ ਕਹਿ ਛੱਡਦਾ ਹੈ : ਲਾਹੌਰ ਜਾਣ ਲਈ ਗਰਮੀ ਬਹੁਤ ਹੈ ਅਤੇ ਰੇਲ ਦੀਆਂ ਸੀਟਾਂ ਪਹਿਲਾਂ ਹੀ ਰੋਕੀਆਂ ਜਾ ਚੁੱਕੀਆਂ ਹਨ, ਰੋਣ ਦਿਓ ਇਨ੍ਹਾਂ ਵਿਧਵਾ ਹੋ ਚੁੱਕੀਆਂ ਇਸਤਰੀਆਂ ਨੂੰ ਅਤੇ ਯਤੀਮ ਹੋ ਚੁੱਕੇ ਬੱਚਿਆਂ ਨੂੰ, ਸਾਨੂੰ ਇਨ੍ਹਾਂ ਨਾਲ ਕੀ ਹੈ। ਤੰਗੀ ਅਜੀਬ-ਅਜੀਬ ਆਦਮੀਆਂ ਨੂੰ ਇਕੱਠੇ ਕਰ ਦਿੰਦੀ ਹੈ। ਖ਼ਲਕਤ ਸਾਹਮਣੇ, ਜਿਨ੍ਹਾਂ ਪਰ ਆਪ ਇਹ ਦੂਸ਼ਣ ਲਾਉਂਦੇ ਸੀ ਕਿ ਇਹ ਲੋਕੀਂ ਆਮ ਜਨਤਾ ਦੇ ਇਤਬਾਰਯੋਗ ਨਹੀਂ ਹਨ, ਕੀ ਹੁਣ ਉਨ੍ਹਾਂ ਦੇ ਦਰ ਤੋਂ ਮੰਗਣਾ ਬਹੁਤ ਨਿੱਘ ਦਿੰਦਾ ਹੈ? ਹੁਸ਼ਿਆਰ ਰਹੋ ਕਿ ਆਦਮੀ ਆਪਣੇ ਸਾਥੀਆਂ ਤੋਂ ਹੀ ਜਾਣਿਆ ਜਾਂਦਾ ਹੈ। ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਆਪ ਇਕ ਮੌਡਰੇਟ ਗਿਣੇ ਜਾਣ ਲੱਗ ਪਏ ਹੋ ਜਦੋਂ ਕਿ ਆਪ ਜੀ ਹਜ਼ੂਰੀਆਂ ਅਤੇ ਝੋਲੀਚੁੱਕਾਂ ਨਾਲ ਬਾਂਹ ਵਿਚ ਬਾਂਹ ਪਾ ਕੇ ਤੁਰਦੇ ਹੋ।
1. ਕੇਦਾਰ ਨਾਥ ਸਹਿਗਲ (ਮੈਂਬਰ ਸਰਬ ਹਿੰਦ ਕਾਂਗਰਸ ਕਮੇਟੀ, ਪ੍ਰਧਾਨ ਪੰਜਾਬ ਪੁਲੀਟੀਕਲ ਸਫ਼ਰਰਜ਼ ਕਾਨਫਰੰਸ)
2. ਮੇਲਾ ਰਾਮ ਵਫ਼ਾ (ਐਡੀਟਰ), ਬੰਦੇ ਮਾਤਰਮ ਅਤੇ ਨੈਸ਼ਨਲ ਕਾਲਜ ਦਾ ਪੁਰਾਣਾ ਪ੍ਰੋਫੈਸਰ।
3. ਪ੍ਰੇਮ ਪ੍ਰਕਾਸ਼ ਦੇਵੀਸ਼ਵਰ, ਜਨਰਲ ਸਕੱਤਰ ਪੰਜਾਬ ਸਨਾਤਨ ਧਰਮ ਪੁਲੀਟੀਕਲ ਕਾਨਫਰੰਸ।
4. ਅਬਦਲ ਮਜੀਦ ਸਕੱਤਰ, ਪੰਜਾਬ ਪ੍ਰੈਸ ਵਰਕਰਜ਼ ਯੂਨੀਅਨ।
5. ਭਗਵਾਨ ਚਰਨ ਕੌਮੀ ਬੀ.ਏ., ਸਕੱਤਰ, ਕੌਮੀ ਗਰੈਜੂਏਟਸ ਯੂਨੀਅਨ।
6. ਨਰਿੰਦਰਾ ਨਾਥ, ਕੌਮੀ ਬੀ.ਏ. ਲੇਟ ਜੁਆਇੰਟ ਐਡੀਟਰ, ਭੀਸ਼ਮ।
7. ਧਰਮ ਚੰਦ ਕੌਮੀ, ਬੀ.ਏ.
8. ਗਨਪਤ ਰਾਏ ਕੌਮੀ, ਬੀ.ਏ.
9. ਬਾਬੂ ਸਿੰਘ ਕੌਮੀ, ਬੀ.ਏ.
10. ਜੀ.ਆਰ. ਦਰਵੇਸ਼ੀ, ਐਡੀਟਰ ਮਿਹਨਤਕਸ਼
11. ਕਰਮ ਚੰਦ ਐਡੀਟਰ, ਲਾਹੌਰ
12. ਮੁਹੰਮਦ ਯੂਸਫ਼ ਕੌਮੀ, ਬੀ.ਏ. ਜੁਆਇੰਟ ਐਡੀਟਰ, ਅਕਾਲੀ
13. ਸੀਤਾ ਰਾਮ ਮਾਸਟਰ, ਪੁਲੀਟੀਕਲ ਵਰਕਰ ਪੰਜਾਬ
14. ਹਰਦਿਆਲ ਹਿੰਦੀ, ਸਾਹਿਤਆ ਭਵਨ
15. ਧਰਮਿੰਦਰਾ ਕੌਮੀ, ਬੀ.ਏ.
16. ਸਰਿੰਦਰਾ ਨਾਥ
17. ਐਨ. ਕਾਲਮ ਉੱਲਾ
18. ਪਿੰਡੀਦਾਸ ਸੋਢੀ, ਲੇਟ ਮੈਨੇਜਰ ਭੀਸ਼ਮ ਲਾਹੌਰ।
19 ਧਰਮਿੰਦਰਾ ਠਾਕਰ, ਲੇਟ ਉਪਦੇਸ਼ਕ ਹਿੰਦੂ ਸਭਾ।
20. ਡਾਕਟਰ ਇੰਦਰ ਲਾਲ ਕਪੂਰ।
21. ਲੱਧਾ ਰਾਮ ਲੇਟ, ਐਡੀਟਰ ਸਵਰਾਜੀਆ ਅਲਾਹਾਬਾਦ।
22. ਵੇਦ ਰਾਜ ਭੱਲਾ, ਕੌਮੀ ਬੀ.ਏ.

No comments: