Monday, December 6, 2010

ਗੁਰਬਾਣੀ ਵਿਚਾਰ

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ!!
ਭੰਡਰੁ ਹੋਵੈ ਦੋਸਤੀ ਭੰਡਰੁ ਚਲੈ ਰਾਹੁ!
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ!
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ!



ਬਾਬਾ ਨਾਨਕ ਸਾਹਿਬ ਨੇ ਦੁਨੀਆ ਅੰਦਰ ਲਤਾੜੀ ਜਾ ਰਹੀ ਔਰਤ ਦੇ ਹਿਤ ਵਿਚ ਨਾਅਰਾ ਲਾਉਂਦਿਆਂ ਔਰਤ ਨੂੰ ਭੰਡਣ-ਬੁਰਾ ਕਹਿਣ ਵਾਲਿਆਂ ਨੂੰ ਮਤ ਦੇਂਦਿਆਂ ਇਸ ਸ਼ਬਦ ਵਿਚ ਕਿਹਾ ਹੈ:- ਜਿਸ ਔਰਤ ਤੋਂ ਬਿਨ੍ਹਾਂ ਮਨੁੱਖੀ ਹੋਂਦ ਦੀ ਕਲਪਨਾ ਵੀ ਸੰਭਵ ਨਹੀਂ, ਉਸ ਔਰਤ ਨੂੰ ਬੁਰਾ-ਮੰਦਾ ਆਖਣਾ ਠੀਕ ਨਹੀਂ। ਕਿਉਂਕਿ ਅਸੀਂ ਸਾਰੇ ਔਰਤ (ਭੰਡਿ) ਦੇ ਗਰਭ ਵਿਚੋਂ ਹੀ ਪੈਦਾ ਹੋਏ ਹਾਂ। ਔਰਤ ਨਾਲ ਹੀ ਸਾਡਾ ਵਿਆਹ ਹੁੰਦਾ ਹੈ ਔਰਤ ਨਾਲ ਸੰਜੋਗ ਮਿਲਾਪ ਤੋਂ ਹੀ ਮਨੁੱਖਾਂ ਵਿਚ ਵਾਧਾ ਹੁੰਦਾ ਹੈ ਅਤੇ ਮਨੁੱਖੀ ਹੋਂਦ ਦਾ ਸਿਲਸਿਲਾ ਅਗੇ ਵਧਦਾ ਹੈ। ਔਰਤ ਦੀ ਮੌਤ ਤੋਂ ਬਾਅਦ ਮਰਦ ਦੂਜੀ ਔਰਤ ਨਾਲ ਵਿਆਹ ਦੀ ਤਿਆਰੀ ਕਰਦਾ ਹੈ ਕਿਉਂਕਿ ਸਮਾਜਿਕ ਬੰਧਨ (ਮਰਿਯਾਦਾ) ਇਸਤਰੀ ਨਾਲ ਹੀ ਕਾਇਮ ਰਹਿ ਸਕਦੀ ਹੈ।


ਸੋ ਐਸੀ ਔਰਤ ਭੰਡਿ ਨੂੰ ਮੰਦਾ ਕਿਉਂ ਕਿਹਾ ਜਾਂਦਾ ਹੈ ਜਿਸ ਔਰਤ ਦੀ ਬਦੌਲਤ ਹੀ ਯੋਧੇ, ਜਰਨੈਲ, ਰਾਜੇ, ਭਗਤ, ਅਤੇ ਮਹਾਨ ਮਨੁੱਖਾਂ ਦਾ ਸੰਸਾਰ ਵਿਚ ਆਉਣਾ ਹੁੰਦਾ ਹੈ।''


ਗੁਰਮਤਿ ਵਿਚ ਔਰਤ ਅਤੇ ਮਰਦ ਦੀ ਕਾਣੀ ਵੰਡ ਨੂੰ ਮੂਲੋਂ ਹੀ ਨਿਕਾਰ ਦਿੱਤਾ ਗਿਆ ਹੈ ''ਠਾਕੁਰ ਏਕੁ ਸਬਾਈ ਨਾਰਿ'' ਅਤੇ ਔਰਤ ਤੇ ਮਰਦ ਨੂੰ ਇਕ ਰੂਪ, ਇਕ ਜੋਤ ਮੰਨਿਆ ਹੈ। ਰੱਬ ਦੀ ਪ੍ਰਾਪਤੀ ਲਈ ਔਰਤ ਦੇ ਗੁਣਾਂ ਦੀ ਮਹਾਨਤਾ ਨੂੰ ਗੁਰਬਾਣੀ ਵਿਚ ਇੰਝ ਦਰਸਾਇਆ ਗਿਆ ਹੈ:-


''ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤ''
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ! (ਪੰਨਾ ੧੩੮੪)


ਅੱਜ ਇਸ ਗੱਲ ਦਾ ਭਾਰੀ ਦੁਖ ਹੈ ਕਿ ਔਰਤ ਨੂੰ ਅੱਜ ਵੀ ਮਾੜ੍ਹਾ ਸਮਝਿਆ ਜਾ ਰਿਹਾ ਹੈ। ਬੇਟੀ ਦੇ ਪੈਦਾ ਹੋਣ ਤੇ ਮਾਯੂਸੀ ਅਤੇ ਪੁੱਤਰ ਦੇ ਜੰਮਣ ਤੇ ਢੋਲ ਵਜਦੇ ਹਨ ਉਥੇ ਹੀ ਅਨੇਕਾਂ ਥਾਵਾਂ ਤੇ ਬੇਟੀ ਦੇ ਪੈਦਾ ਹੋਣ ਦੀ ਖੁਸ਼ੀ, ਪੁੱਤਰ ਤੋਂ ਵੱਧ ਕੇ ਵੀ ਮਨਾਈ ਜਾਂਦੀ ਹੈ। ਅੱਜ ਕੁੜੀਆਂ ਦੇ ਜੰਮਣ ਤੇ ਮਾਂ-ਬਾਪ ਨੂੰ ਦਾਜ ਅਤੇ ਹੋਰ ਫਜ਼ੂਲ ਖਰਚਿਆਂ ਦਾ ਬੋਝ ਸਤਾਉਣ ਲੱਗ ਪੈਂਦਾ ਹੈ ਜਿਸ ਲਈ ਕਾਫੀ ਹੱਦ ਤੱਕ ਔਰਤ ਦੇ ਰੂਪ 'ਚ ਸੱਸ-ਨਨਾਣ ਅਤੇ ਆਂਢਣਾਂ-ਗੁਆਂਢਣਾਂ ਦਾ ਕਿਰਦਾਰ ਹੀ ਮੁਖ ਦੋਸ਼ੀ ਹੁੰਦਾ ਹੈ। ਜੇ ਅੱਜ ਔਰਤ ਦੇ ਗਰਭ 'ਚ ਬੱਚੀ ਦੀ ਕਬਰ ਬਣਾਈ ਜਾਂਦੀ ਹੈ ਤਾਂ ਇਸ ਵਿਚ ਵੀ ਸੱਸ ਤੇ ਹੋਰ ਰਿਸ਼ਤੇਦਾਰਾਂ ਦੇ ਰੂਪ ਵਿਚ ਔਰਤ ਹੀ ਮੁੱਖ ਦੋਸ਼ੀ ਪਾਈ ਜਾਂਦੀ ਹੈ। ਔਰਤਾਂ ਦੇ ਸੜ• ਕੇ ਮਰਣ ਪਿੱਛੇ ਵੀ ਏਹੀ ਖਬਰਾਂ ਹੁੰਦੀਆਂ ਹਨ। ਫਿਰ ਜੇ ਕੋਈ ਔਰਤ ਵਿਧਵਾ ਜਾਂ ਕਿਸੇ ਦਾ ਤਲਾਕ ਹੋ ਜਾਵੇ ਤਾਂ ਵੀ ਔਰਤ ਨੂੰ ਹੀ ਸਭ ਤੋਂ ਵੱਧ ਔਰਤ ਤੋਂ ਤਾਅਣੇ ਅਤੇ ਕੱਟਾਕਸ਼ ਬਰਦਾਸ਼ਤ ਕਰਨੇ ਪੈਂਦੇ ਹਨ। ਵਿਧਵਾ ਔਰਤ ਦੀ ਦੂਜੀ ਸ਼ਾਦੀ ਦਾ ਵਿਰੋਧ ਵੀ ਸਭ ਤੋਂ ਵੱਧ ਔਰਤਾਂ ਹੀ ਕਰਦੀਆਂ ਹਨ। ਇਹ ਕਹਿਣਾ ਪਵੇਗਾ ਕੇ ਬਾਬਾ ਨਾਨਕ ਸਾਹਿਬ ਨੇ ਜਿਸ ਔਰਤ ਦੀ ਅਜ਼ਾਦੀ ਲਈ ਸੰਘਰਸ਼ ਲੜਿਆ ਹੈ ਉਸ ਔਰਤ ਨੂੰ ਅੱਜ ਖੁਦ ਆਪਣੇ ਫਰਜ਼ਾਂ ਨੁੰ ਸਮਝਣਾ ਚਾਹੀਦਾ ਹੈ ਅਤੇ ਮਰਦ ਵਲੋਂ ਕੀਤੀ ਜਾ ਰਹੀ ਜ਼ਿਆਦਤੀ ਦੇ ਨਾਲ-ਨਾਲ ਔਰਤ ਵਲੋਂ ਔਰਤ ਉੱਤੇ ਹੋ ਰਹੇ ਅਤਿਆਚਾਰਾਂ ਦਾ ਵੀ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ

No comments: