Thursday, December 9, 2010

ਚੱਪੜ ਚਿੜੀ ਦੀ ਲੜਾਈ

ਚੱਪੜ-ਚਿੜੀ ਦੀ ਲੜਾਈ 22 ਮਈ, 1710 ਨੂੰ ਲੜੀ ਗਈ ਸੀ। ਸਿੱਖ ਇਤਿਹਾਸ ਵਿਚ ਇਹ ਇਸ ਲੜਾਈ ਦਾ ਬੜਾ ਹੀ ਮਹੱਤਵ ਹੈ। ਇਸ ਵਿਚ ਚੱਪੜ-ਚਿੜੀ ਦੇ ਅਸਥਾਨ ਤੇ ਸਰਹਿੰਦ ਪਰਾਂਤ ਦੀਆਂ ਮੁਗਲ ਫੌਜਾਂ ਨੂੰ ਲੱਕ-ਤੋੜਵੀਂ ਹਾਰ ਦਿੱਤੀ ਗਈ ਸੀ ਅਤੇ ਖਾਲਸਾ ਦਲਾਂ ਦੀ ਸਪਸ਼ਟ ਰੂਪ ਵਿਚ ਜਿੱਤ ਹੋਈ ਸੀ। ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਹਮਲਿਆਂ ਤੋਂ ਲੈ ਕੇ ਹਿੰਦੁਸਤਾਨ ਵਿਚ ਸਥਾਪਤ ਹੋਏ ਇਸਲਾਮੀ ਰਾਜ ਦੇ ਲੰਮੇ ਸਮੇਂ ਦੌਰਾਨ ਉਤਰੀ- ਭਾਰਤ ਵਿਚ ਇਹ ਲੜਾਈ ਪਹਿਲੀ ਲੜਾਈ ਸੀ ਜਿਸ ਵਿਚ ਇਸਲਾਮੀ ਫੌਜਾਂ ਨੂੰ ਸਪਸ਼ਟ ਰੂਪ ਵਿਚ ਹਰਾ ਦਿੱਤਾ ਗਿਆ ਸੀ। ਉਤਰੀ-ਭਾਰਤ ਵਿਚ ਅਨੇਕਾਂ ਹੀ ਲੜਾਈ ਦੇ ਮੈਦਾਨ ਹਨ ਜਿਵੇਂ ਕਿ ਜਿਹਲਮ, ਭੇਰਾ ਅਤੇ ਪਾਣੀਪਤ ਦੇ ਮੈਦਾਨ, ਲਾਹੌਰ, ਦੀਪਾਲਪੁਰ ਅਤੇ ਮੁਲਤਾਨ ਆਦਿ ਖੇਤਰਾਂ ਦੇ ਮੈਦਾਨ। ਪਰ ਇਨ੍ਹਾਂ ਮੈਦਾਨਾਂ ਵਿਚ ਲੜੀਆਂ ਗਈਆਂ ਸਭ ਲੜਾਈਆਂ ਵਿਚ ਹਿੰਦੁਸਤਾਨੀ ਤਾਕਤਾਂ ਨੂੰ ਹਾਰ ਹੋਈ ਸੀ ਅਤੇ ਬਾਹਰੋਂ, ਉਤਰ-ਪੱਛਮੀ ਸਰਹੱਦ ਨੂੰ ਪਾਰ ਕਰ ਕੇ ਆਉਣ ਵਾਲੀਆਂ ਇਸਲਾਮੀ ਤਾਕਤਾਂ ਨੂੰ ਜ਼ਬਰਦਸਤ ਜਿੱਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਜਿੱਤਾਂ ਸਦਕਾ ਹੀ ਹਿੰਦੁਸਤਾਨ ਵਿਚ ਇਸਲਾਮੀ ਸਾਮਰਾਜ ਸਥਾਪਤ ਹੋਇਆ ਸੀ।
ਇਸ ਤਰ੍ਹਾਂ ਗਿਆਰਵੀਂ ਸਦੀ ਤੋਂ ਹਿੰਦੁਸਤਾਨ ਵਿਚ ਸਥਾਪਤ ਹੋਇਆ ਇਸਲਾਮੀ ਸਾਮਰਾਜ 1710 ਵਿਚ ਚੱਪੜ-ਚਿੜੀ ਦੇ ਅਸਥਾਨ ਤੇ ਪਹਿਲੀ ਵਾਰ ਬੁਰੀ ਤਰ੍ਹਾਂ ਲਿਤਾੜ ਦਿੱਤਾ ਗਿਆ। ਇਹ ਲੜਾਈ ਖਾਲਸਾ ਦਲਾਂ ਅਤੇ ਮੁਗਲ ਫੌਜਾਂ ਵਿਚਕਾਰ ਲੜੀ ਗਈ ਸੀ। ਖਾਲਸਾ ਦਲਾਂ ਦੇ ਨੇਤਾ ਬੰਦਾ ਸਿੰਘ ਬਹਾਦਰ ਸੀ ਅਤੇ ਮੁਗਲ ਫੌਜਾਂ ਦੇ ਨੇਤਾ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਸੀ। ਕਿਉਂਕਿ ਇਸ ਲੜਾਈ ਵਿਚ ਇਤਨੀਆਂ ਸਦੀਆਂ ਬਾਅਦ ਪਹਿਲੀ ਵਾਰ ਜੇਤੂ ਇਸਲਾਮੀ ਸੈਨਾਵਾਂ ਨੂੰ ਹਾਰ ਦਿੱਤੀ ਗਈ ਸੀ ਇਸ ਲਈ ਇਸ ਲੜਾਈ ਦਾ ਹਿੰਦੁਸਤਾਨ ਦੇ ਇਤਿਹਾਸ ਵਿਚ ਤਾਂ ਮਹੱਤਵਪੂਰਨ ਅਸਥਾਨ ਹੋਣਾ ਹੀ ਹੋਣਾ ਹੈ ਇਸ ਦੇ ਨਾਲ-ਨਾਲ ਇਸ ਦਾ ਸਿੱਖ ਇਤਿਹਾਸ ਵਿਚ ਵੀ ਆਪਣਾ ਇਕ ਵਿਸ਼ੇਸ਼ ਅਸਥਾਨ ਹੈ। ਇਸ ਲੜਾਈ ਦੇ ਬੜੇ ਹੀ ਮਹੱਤਵਪੂਰਨ ਸਿੱਟੇ ਹਨ। ਇਕ, ਇਸ ਲੜਾਈ ਵਿਚ ਹੋਈ ਜਿੱਤ ਨੇ ਸਤਲੁਜ ਅਤੇ ਜਮੁਨਾ ਦਰਿਆਵਾਂ ਵਿਚਕਾਰ ਫੈਲੇ ਵਿਸ਼ਾਲ ਪਰਾਂਤ ਸਰਹਿੰਦ ਵਿਚੋਂ ਮੁਗਲ ਹਕੂਮਤ ਦਾ ਖਾਤਮਾ ਕਰ ਦਿੱਤਾ ਸੀ ਅਤੇ ਇਸ ਦੀ ਥਾਂ ਖ਼ਾਲਸੇ ਦਾ ਰਾਜ ਸਥਾਪਤ ਕਰ ਦਿੱਤਾ ਸੀ। ਦੋ, ਸਿੱਖਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆਨ ਸੀ ਕਿ ਜੇਕਰ ਉਨ੍ਹਾਂ ਦੀ ਯੋਗ ਲੀਡਰਸ਼ਿਪ ਹੋਵੇ ਤਾਂ ਉਹ ਤਕੜੀਆਂ ਤੋਂ ਤਕੜੀਆਂ ਫੌਜਾਂ ਨੂੰ ਵੀ ਹਰਾ ਸਕਦੇ ਹਨ। ਇਨ੍ਹਾਂ ਦੋ ਗੱਲਾਂ ਨੇ ਖ਼ਾਲਸੇ ਨੂੰ ਆਪਣੀ ਪ੍ਰਭੂਸੱਤਾ ਸਥਾਪਤ ਕਰਨ ਲਈ ਲਗਾਤਾਰ ਹਥਿਆਰਬੰਦ-ਸੰਘਰਸ਼ ਨੂੰ ਚਾਲੂ ਰੱਖਣ ਲਈ ਜ਼ਬਰਦਸਤ ਪਰੇਰਨਾ ਦਿੱਤੀ ਸੀ। ਇਸ ਤਰ੍ਹਾਂ ਚੱਪੜ-ਚਿੜੀ ਦੀ ਲੜਾਈ ਸਾਡੇ ਲਈ ਇਹ ਮਹਾਨ ਪਰੇਰਨਾ- ਸਰੋਤ ਇਤਿਹਾਸਕ ਘਟਨਾ ਹੈ। ਇਸ ਮਹਾਨ ਪਰੇਰਨਾ-ਸਰੋਤ ਇਤਿਹਾਸਕ ਘਟਨਾ ਹੋਣ ਕਰਕੇ ਲੜਾਈ ਦਾ ਇਹ ਮੈਦਾਨ ਵੀ ਸਾਡੇ ਲਈ ਮਹਾਨ ਇਤਿਹਾਸਕ ਯਾਦਗਾਰ ਹੈ। ਇਹ ਹੀ ਇਕੋ-ਇਕ ਲੜਾਈ ਦਾ ਮੈਦਾਨ ਹੈ ਜਿਸ ਬਾਰੇ ਪੂਰੇ ਮਾਣ ਨਾਲ ਅਸੀਂ ਆਪਣੇ ਬੱਚਿਆਂ ਨੂੰ ਜਾਣਕਾਰੀ ਦੇ ਸਕਦੇ ਹਾਂ। ਇਸ ਲੜਾਈ ਦਾ ਅਤੇ ਇਸ ਮੈਦਾਨ ਦਾ ਸਾਡੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪੜ੍ਹਾਈ ਦੇ ਕਿਸੇ ਵੀ ਸਿਲੇਬਸ ਵਿਚ ਕੋਈ ਥਾਂ ਨਹੀਂ ਹੈ ਇਹ ਗੱਲ ਸਾਡੇ ਲਈ ਬਹੁਤ ਅਫ਼ਸੋਸਨਾਕ ਹੈ।
ਚੱਪੜ-ਚਿੜੀ ਦੀ ਲੜਾਈ ਨੂੰ ਸਿਰਫ ਇਕੋ ਲੜਾਈ ਤਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਇਸ ਤੋਂ ਪਹਿਲਾਂ ਲੜੀਆਂ ਗਈਆਂ ਕਈ ਲੜਾਈਆਂ ਦਾ ਸਿਖਰ ਸੀ। ਇਸ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਕੈਂਥਲ, ਸਮਾਣਾ, ਸਢੌਰਾ, ਘੁੜਾਮ, ਕਪੂਰੀ ਅਤੇ ਬਨੂੜ ਆਦਿ ਸ਼ਹਿਰਾਂ ਨੂੰ ਬੁਰੀ ਤਰ੍ਹਾਂ ਲਿਤਾੜ ਸੁੱਟਿਆ ਸੀ। ਇਹ ਸ਼ਹਿਰ ਸਰਹਿੰਦ ਦੇ ਪਰਗਨਿਆਂ ਦੇ ਕੇਂਦਰ ਸਨ ਜਿਥੇ ਕਿ ਮੁਗਲ ਫੌਜਾਂ ਰੱਖੀਆਂ ਹੋਈਆਂ ਸਨ। ਇਨ੍ਹਾਂ ਸ਼ਹਿਰਾਂ ਨੂੰ ਜੇਕਰ ਸਰਹਿੰਦ ਦੇ ਪਰਾਂਤ ਦੀਆਂ ਸੈਨਿਕ ਛਾਉਣੀਆਂ ਵੀ ਕਹਿ ਦਿੱਤਾ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਇਹ ਸੈਨਿਕ ਛਾਉਣੀਆਂ ਸਰਹਿੰੰਦ ਲਈ ਇਕ ਬੁੱਲਵਰਕ ਦਾ ਕੰਮ ਕਰਦੀਆਂ ਸਨ। ਇਸ ਕਰਕੇ ਜਦੋਂ ਇਹ ਛਾਉਣੀਆਂ ਜਾ ਪਰਗਨੇ ਇਕ-ਇਕ ਕਰਕੇ ਬਰਬਾਦ ਕੀਤੇ ਜਾ ਰਹੇ ਸਨ ਤਾਂ ਇਸ ਨਾਲ ਸਰਹਿੰਦ ਦੀ ਸੈਨਿਕ ਤਾਕਤ ਵੀ ਉਸੇ ਤਰ•ਾਂ ਘਟਦੀ ਜਾ ਰਹੀ ਸੀ। ਸਰਹਿੰਦ ਦਾ ਗਵਰਨਰ ਵਜ਼ੀਰ ਖਾਨ ਇਸ ਸਭ ਕੁਝ ਨੂੰ ਬੜੇ ਗੋਹ ਨਾਲ ਦੇਖ ਰਿਹਾ ਸੀ ਪਰ ਉਹ ਕਰ ਕੁਝ ਨਹੀਂ ਸਕਿਆ ਸੀ। ਉਸ ਦੇ ਮਨ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਬੱਚਿਆਂ ਨੂੰ ਮਾਰਨ ਦਾ ਪਾਪ ਘਰ ਕਰੀ ਬੈਠਾ ਸੀ। ਇਹ ਪਾਪ ਉਸ ਨੂੰ ਇਸ ਗੱਲ ਦਾ ਸੰਦੇਸ਼ ਲਗਾਤਾਰ ਦੇ ਰਿਹਾ ਸੀ ਕਿ ਸਿੱਖਾਂ ਨੇ ਕਦੇ ਨਾ ਕਦੇ ਉਸ ਤੋਂ ਬਦਲਾ ਜ਼ਰੂਰ ਲੈਣਾ ਹੈ। ਆਪਣੀਆਂ ਛਾਉਣੀਆਂ ਨੂੰ ਖ਼ਤਮ ਹੁੰਦਾ ਦੇਖ ਕੇ ਉਹ ਸਰਹਿੰਦ ਵਿਚ ਹੀ ਬੰਦ ਹੋ ਕੇ ਰਹਿ ਗਿਆ ਸੀ। ਉਹ ਇਕ ਵਾਰ ਵੀ ਉਕਤ ਸ਼ਹਿਰਾਂ ਦੇ ਹੁਕਮਾਂ ਦੀ ਮਦਦ ਤੇ ਨਹੀਂ ਪਹੁੰਚ ਸਕਿਆ ਸੀ।
ਬੰਦਾ ਸਿੰਘ ਬਹਾਦੁਰ ਦਾ ਸਭ ਤੋਂ ਵੱਡਾ ਨਿਸ਼ਾਨਾ ਸਰਹਿੰਦ ਉਪਰ ਹਮਲਾ ਕਰਕੇ ਵਜ਼ੀਰ ਖਾਨ ਨੂੰ ਸਜ਼ਾ ਦੇਣ ਦਾ ਸੀ ਇਸ ਲਈ ਉਹ ਸਭ ਤੋਂ ਪਹਿਲਾਂ ਇਹੋ ਕੰਮ ਹੀ ਕਰਨਾ ਚਾਹੁੰਦਾ ਸੀ। ਇਸ ਕੰਮ ਨੂੰ ਕਰਨ ਲਈ ਪਹਿਲਾਂ ਬੰਦਾ ਸਿੰਘ ਬਹਾਦੁਰ ਨੇ ਇਸ ਦੇ ਸੈਨਿਕ ਤਾਣੇ-ਬਾਣੇ ਨੂੰ ਤੋੜਨ ਦੀ ਗੱਲ ਸੋਚੀ ਸੀ। ਸਮਾਣਾ ਅਤੇ ਸਢੌਰਾ ਆਦਿ ਪਰਗਾਨਿਆਂ ਨੂੰ ਹਰਾ ਕੇ ਬੰਦਾ ਸਿੰਘ ਨੇ ਵਜ਼ੀਰ ਖਾਨ ਦੇ ਸੈਨਿਕ ਬੁੱਲਵਰਕ ਨੂੰ ਤੋੜਿਆ ਸੀ। ਇਸ ਨੂੰ ਤੋੜਨ ਬਾਅਦ ਹੀ ਸਰਹਿੰਦ ਉਪਰ ਚੜ•ਾਈ ਕੀਤੀ ਸੀ।
ਜਦੋਂ ਸਰਹਿੰਦ ਉਪਰ ਚੜਾਈ ਕੀਤੀ ਗਈ ਸੀ ਤਾਂ ਉਸ ਸਮੇਂ ਵਜ਼ੀਰ ਖਾਨ ਬਿਲਕੁਲ ਲੁੰਜਾ ਜਾਂ ਨਿਹੱਥਾ ਹੋ ਚੁੱਕਿਆ ਸੀ। ਜਨਵਰੀ, 1709 ਤੋਂ ਲੈ ਕੇ ਜਨਵਰੀ, 1710 ਤਕ ਦੇ ਵਿਚਕਾਰਲੇ ਇਕ ਸਾਲ ਦੇ ਸਮੇਂ ਵਿਚ ਬੰਦਾ ਸਿੰਘ ਬਹਾਦੁਰ ਵਲੋਂ ਸਰਹਿੰਦ ਦੇ ਪਰਗਨਿਆਂ ਦੀ ਜੋ ਦੁਰਦਸ਼ਾ ਕੀਤੀ ਗਈ ਸੀ ਉਸ ਦਾ ਖੁਲਾਸਾ ਉਸ ਖ਼ਬਰ ਵਿਚ ਦਿੱਤਾ ਗਿਆ ਹੈ ਜਿਹੜੀ ਸਰਹਿੰਦ ਦੇ ਨਾਮਾ-ਨਿਗਾਰਾਂ ਨੇ ਬਾਦਸ਼ਾਹ ਬਹਾਦੁਰ ਸ਼ਾਹ ਨੂੰ ਭੇਜੀ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ''ਸਿੱਖ ਪੰਜਾਬ ਪਰਾਂਤ ਵਿਚ ਅਤੇ ਸਰਹਿੰਦ ਦੇ ਆਲੇ-ਦੁਆਲੇ ਦੇ ਖੇਤਰ ਵਿਚ ਗੜਬੜ ਪੈਦਾ ਕਰ ਰਹੇ ਹਨ। ਇਸ ਤਰ੍ਹਾਂ ਦੀ ਗੜਬੜ ਵਾਲੀਆਂ ਥਾਵਾਂ ਦਾ ਕਿੰਨਾ ਕੁ ਵਿਸਥਾਰ ਦਿੱਤਾ ਜਾ ਸਕਦਾ ਹੈ? ਉਨ੍ਹਾਂ ਨੇ ਖੁਸ਼ਹਾਲ ਪਰਗਨਿਆਂ ਨੂੰ ਉਜਾੜ ਦਿੱਤਾ ਹੈ। ਖ਼ਬਰਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਨੇ ਬੂੜੀਆਂ ਅਤੇ ਸਢੌਰੇ ਦੇ ਪਰਗਨਿਆਂ ਨੂੰ ਲੁੱਟ ਲਿਆ ਹੈ ਵਜ਼ੀਰ ਖਾਨ ਦੇ ਬੰਦੇ ਮਾਰੇ ਜਾ ਰਹੇ ਹਨ। ਵਾਮਲਾ (ਦਾਮਲਾ) ਪਠਾਣ ਜਿਹੜੇ ਕਿ ਮੁਸਲਮਾਨਾਂ ਵਿਚ ਬਹੁਤ ਸਤਿਕਾਰਵਾਲਾ ਦਰਜਾ ਰੱਖਦੇ ਹਨ ਮਿੱਟੀ ਵਿਚ ਮਿਲਾ ਦਿੱਤੇ ਗਏ ਹਨ। ਵਜ਼ੀਰ ਖਾਨ ਦੇ ਵਕੀਲ ਨੇ ਦੱਸਿਆ ਹੈ ਕਿ ਇਸ ਫਿਰਕੇ (ਸਿੱਖਾਂ) ਦੇ ਫਸਾਦਾਂ ਨੂੰ ਮਹੱਤਵਹੀਣ ਨਹੀਂ ਸਮਝਣਾ ਚਾਹੀਦਾ। ਉਹ ਸੱਤਰ ਹਜ਼ਾਰ ਦੇ ਕਰੀਬ ਦੀ ਗਿਣਤੀ ਵਿਚ ਸਢੌਰੇ ਵਿਖੇ ਇਕੱਠੇ ਹੋਏ ਖੜੇ ਹਨ। ਇਸ ਮੌਕੇ ਉਹ ਆਪਣੇ ਗੁਰੂ ਦਾ ਨਾਮ ਜਪਦੇ ਹਨ ਅਤੇ ਇਹ ਵੀ ਪਤਾ ਲਗਿਆ ਹੈ ਕਿ ਇਕ ਮੁਸਲਮਾਨ ਧਾਰਮਿਕ ਸੰਤ (ਸ਼ਾਇਦ ਪੀਰ ਬੁੱਧੂ ਸ਼ਾਹ ਦਾ ਕੋਈ ਉਤਰ-ਅਧਿਕਾਰੀ) ਵੀ ਉਨ੍ਹਾਂ ਨਾਲ ਮਿਲ ਗਿਆ ਹੈ। ਉਹ ਦੁਆਬੇ ਦੇ ਪਰਗਨਿਆਂ ਨੂੰ ਵੀ ਉਜਾੜ ਚੁੱਕੇ ਹਨ ਅਤੇ ਦਰਿਆ ਫਤਿਹਾਬਾਦ (ਘੱਗਰ-ਸਰਸਵਤੀ) ਤਕ ਵੀ ਫੈਲ ਚੁੱਕੇ ਹਨ। ਵਜ਼ੀਰ ਖਾਨ ਵੱਲੋਂ ਭੇਜੇ ਇਨ੍ਹਾਂ ਵੇਰਵਿਆਂ ਤੋਂ ਜਾਣੂੰ ਹੋਣ ਉਪਰੰਤ ਨਿਜ਼ਾਮ-ਉਲ-ਮੁਲਕ (ਮੁਲਕ ਦੇ ਪਰਧਾਨ ਵਜ਼ੀਰ) ਨੇ ਇਸ ਖੇਤਰ ਦੇ ਕਿਲ•ੇਦਾਰਾਂ ਨੂੰ ਹਿਦਾਇਤਾਂ ਭੇਜੀਆਂ ਹਨ ਕਿ ਉਹ ਵਜ਼ੀਰ ਖਾਨ ਨਾਲ ਰਲ ਕੇ ਉਸ ਦੀ ਮਦਦ ਕਰਨ। ਇਹ ਲੋਕ ਵੀ ਸੱਤਾਹੀਣ ਹੋ ਗਏ ਹਨ। ਹੁਣ ਰੱਬ ਹੀ ਜਾਣਦਾ ਹੈ ਕਿ ਇਨ੍ਹਾਂ ਦੀ ਕਿਸਮਤ ਵਿਚ ਕੀ ਵਾਪਰਨਾ ਲਿਖਿਆ ਹੈ।''
ਇਸ ਰਿਪੋਰਟ ਤੋਂ ਵਜ਼ੀਰ ਖਾਨ ਦੀ ਹਾਲਤ ਦਾ ਭਲੀ-ਭਾਂਤ ਪਤਾ ਲਗ ਜਾਂਦਾ ਹੈ। ਇਹ ਰਿਪੋਰਟ 25 ਫਰਵਰੀ, 1710 ਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤੀ ਗਈ ਸੀ ਅਤੇ 28 ਅਪਰੈਲ ਨੂੰ ਬਦਸ਼ਾਹ ਵੱਲੋਂ ਇਸ ਰਿਪੋਰਟ ਦੇ ਜਵਾਬ ਵਿਚ ਹੁਕਮ ਜਾਰੀ ਕੀਤਾ ਗਿਆ ਸੀ ਕਿ ਨੇਜਾ ਬਰਦਾਰ, ਬਾਦਸ਼ਾਹ ਦੇ ਇਨ੍ਹਾਂ ਫੁਰਮਾਨਾਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਪਾਸ ਪਹੁੰਚਾ ਦੇਣ। ਐਮਨਾਬਾਦ ਦੇ ਫੌਜਦਾਰ ਨੂੰ ਵੀ ਤੁਰੰਤ ਫੁਰਮਾਨ ਭੇਜਿਆ ਗਿਆ ਸੀ ਕਿ ਉਹ ਲਾਹੌਰ ਦੇ ਦੀਵਨ ਰੁਸਤਮ ਖਾਨ ਨਾਲ ਮਿਲ ਕੇ ਨਾਨਕ ਨਾਮ ਲੇਵਾ ਸਾਰੇ ਪੈਰੋਕਾਰਾਂ ਨੂੰ ਪਕੜ ਲੈਣ। 12 ਮਈ, 1710 ਨੂੰ ਜੋ ਰਿਪੋਰਟ ਬਾਦਸ਼ਾਹ ਨੇ ਪੇਸ਼ ਕੀਤੀ ਗਈ ਸੀ ਉਸ ਵਿਚ ਦੱਸਿਆ ਗਿਆ ਸੀ ਕਿ 'ਸਰਹਿੰਦ ਅਤੇ ਲਾਹੌਰ ਦੇ ਨੇੜਲੇ ਖੇਤਰਾਂ ਵਿਚ, ਇਕ ਬੰਦੇ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਐਲਾਨ ਕਰ ਦਿੱਤਾ ਹੈ ਅਤੇ ਆਪਣੇ ਆਲੇ-ਦੁਆਲੇ ਬਹੁਤ ਵੱਡੀ ਗਿਣਤੀ ਵਿਚ ਬੰਦੇ ਇਕੱਠੇ ਕਰ ਲਏ ਹਨ। ਮੁਸਲਮਾਨ ਨਾਮਾ-ਨਿਗਾਰਾਂ ਨੂੰ ਜਾਂ ਆਮ ਆਦਮੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਅਤੇ ਉਨ•ਾਂ ਦੇ ਉਤਰ-ਅਧਿਕਾਰੀ ਵਿਚ ਕੀ ਵਖਰੇਵਾਂ ਹੁੰਦਾ ਹੈ। ਇਸ ਲਈ ਉਹ ਹਰ ਸਿੱਖ ਨੇਤਾ ਨੂੰ ਗੁਰੂ ਦੇ ਤਖੱਲਸ ਨਾਲ ਹੀ ਸੰਬੋਧਨ ਕਰਦੇ ਸਨ।
ਜਿਵੇਂ ਉਪਰ ਦਿੱਤੀ ਗਈ ਖੁਫ਼ੀਆ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬੰਦਾ ਸਿੰਘ ਬਹਾਦੁਰ ਦੀਆਂ ਮੁੱਢਲੀਆਂ ਜਿੱਤਾਂ ਦੀਆਂ ਖ਼ਬਰਾਂ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਸਨ। ਸਰਹਿੰਦ ਦੇ ਪਰਾਂਤ ਵਿਚ ਹਾਲਾਤ ਬੇਯਕੀਨੀ ਵਾਲੇ ਬਣੇ ਹੋਏ ਸਨ। 27 ਮਈ ਦੀ ਖਬਰ ਵਿਚ ਦੱਸਿਆ ਗਿਆ ਹੈ ਕਿ ਸਫ਼ਸ਼ਿਕਨ ਖਾਨ ਨੇ ਬਾਦਸ਼ਾਹ ਪਾਸ ਇਹ ਪੇਸ਼ਕਸ਼ ਕੀਤੀ ਹੈ ਕਿ ਜੇਕਰ ਉਸ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕਰ ਦਿੱਤਾ ਜਾਵੇ ਅਤੇ ਤਕੜੀ ਸੈਨਾ ਤੇ ਅਸਲਾ ਵਗੈਰਾ ਦਿੱਤਾ ਜਾਵੇ ਤਾਂ ਉਹ ਬੰਦੇ ਨੂੰ ਸਜ਼ਾ ਦੇ ਸਕਦਾ ਹੈ ਜਿਸ ਨੇ ਸਭ ਪਾਸੇ ਗੜਬੜ ਫੈਲਾ ਰੱਖੀ ਹੈ। ਬਾਦਸ਼ਾਹ ਨੇ ਪੁੱਛਿਆ ਹੈ ਕਿ ਉਸ ਨੂੰ ਕਿੰਨੀ ਸੈਨਾ ਅਤੇ ਅਸਲੇ ਦੀ ਲੋੜ ਹੈ।
ਇਸ ਨਾਲ ਮਾਝੇ ਅਤੇ ਦੁਆਬੇ ਵਿਚ ਵੀ ਸਿੰਘ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਿਥੇ ਵੀ ਸਿੰਘ ਜੱਥਿਆਂ ਦਾ ਜ਼ੋਰ ਪੈਂਦਾ ਸੀ ਉਹ ਉਥੇ ਹੀ ਆਪਣੇ ਸਥਾਨਕ ਹਾਕਮਾਂ ਦੇ ਖਿਲਾਫ਼ ਬਗ਼ਾਵਤ ਕਰ ਦਿੰਦੇ ਸਨ। ਬੰਦਾ ਸਿੰਘ ਬਹਾਦੁਰ ਵੱਲੋਂ ਸਿੱਖ ਸੰਗਤਾਂ ਨੂੰ ਭੇਜੇ ਗਏ ਹੁਕਮਨਾਮੇ ਵੀ ਸਿੰਘ ਜੱਥਿਆਂ ਨੂੰ ਖੜ੍ਹੇ ਹੋਣ ਲਈ ਪਰੇਰ ਰਹੇ ਸਨ। ਇਸ ਸਭ ਕੁਝ ਦਾ ਸਿੱਟਾ ਇਹ ਹੋਇਆ ਸੀ ਕਿ ਬਹੁਤ ਵੱਡੀ ਗਿਣਤੀ ਵਿਚ ਸਿੰਘ ਦੀ ਵੀ ਇਹ ਹੀ ਇੱਛਾ ਸੀ ਕਿ ਜੇਕਰ ਸਰਹਿੰਦ ਉਪਰ ਹਮਲਾ ਕਰਨ ਤੋਂ ਪਹਿਲਾਂ ਸਿੰਘ ਜੱਥਿਆਂ ਦੀ ਗਿਣਤੀ ਤਕੜੀ ਹੋ ਜਾਵੇ ਤਾਂ ਵਜ਼ੀਰ ਖਾਨ ਨੂੰ ਹਰਾਉਣਾ ਸੌਖਾ ਹੋ ਜਾਵੇਗਾ। ਇਸ ਲਈ ਜਦੋਂ ਕਿ ਬੰਦਾ ਸਿੰਘ ਅਤੇ ਸਢੌਰੇ ਤੋਂ ਸਰਹਿੰਦ ਵੱਲ ਚੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਨੂੰ ਸੁਨੇਹੇ ਮਿਲੇ ਸਨ ਕਿ ਮਾਝੇ ਅਤੇ ਦੁਆਬੇ ਦੇ ਸਿੰਘਾਂ ਦਾ ਇਕ ਤਕੜਾ ਦਲ ਉਸ ਨਾਲ ਮਿਲਣ ਲਈ ਸਤਲੁਜ ਦਰਿਆ ਦੇ ਕੀਰਤਪੁਰ ਸਾਹਿਬ ਵਾਲੇ ਘਾਟ ਤੇ ਰੁਕਿਆ ਖੜ੍ਹਾ ਹੈ। ਰੁਕਣ ਦਾ ਕਾਰਨ ਇਹ ਸੀ ਕਿ ਇਸ ਦਲ ਦੇ ਰਵਾਨਾ ਹੋਣ ਦੀ ਖ਼ਬਰ ਵਜ਼ੀਰ ਖਾਨ ਨੂੰ ਵੀ ਮਿਲ ਗਈ ਸੀ। ਇਸ ਲਈ ਉਸ ਨੇ ਇਸ ਦਲ ਨੂੰ ਬੰਦਾ ਸਿੰਘ ਬਹਾਦੁਰ ਨਾਲ ਆ ਕੇ ਮਿਲਣ ਤੋਂ ਰੋਕਣ ਲਈ ਮਲੇਰਕੋਟਲੇ ਅਤੇ ਰੋਪੜ ਦੇ ਫੌਜਦਾਰਾਂ ਦੀ ਡਿਊਟੀ ਲਗਾਈ ਸੀ। ਮਾਲੇਰਕੋਟਲੇ ਦੀ ਫੌਜ ਸ਼ੇਰ ਮੁਹੰਮਦ ਖਾਨ, ਖਿਜ਼ਰ ਖਾਨ ਅਤੇ ਨਸ਼ਤਰ ਖਾਨ ਦੀ ਅਗਵਾਈ ਹੇਠ ਸਤਲੁਜ ਦਾ, ਰੋਪੜ ਦੇ ਨੇੜਿਓਂ ਉਰਲਾ ਕੰਢਾ ਰੋਕ ਕੇ ਖੜੋ ਗਈ ਸੀ। ਸਿੰਘ ਸਤਲੁਜ ਨੂੰ ਪਾਰ ਕਰਕੇ ਆਪਣੇ ਨੇਤਾ ਨਾਲ ਮਿਲਣ ਲਈ ਦ੍ਰਿੜ੍ਹ ਸਨ ਅਤੇ ਮਾਲੇਰਕੋਟਲੇ ਦੀ ਫੌਜ ਉਨ੍ਹਾਂ ਨੂੰ ਰੋਕਣ ਲਈ ਦ੍ਰਿੜ ਸੀ। ਇਸ ਲਈ ਰੋਪੜ ਨੇੜੇ ਸਤਲੁਜ ਦੇ ਪੱਤਣ ਤੇ ਦੋਵੇਂ ਧਿਰਾਂ ਵਿਚਕਾਰ ਗਹਿਗੱਚਵੀਂ ਲੜਾਈ ਹੋਈ। ਪਹਿਲੇ ਦਿਨ ਦੀ ਲੜਾਈ ਦੁਪਹਿਰ ਦੇ ਬਾਅਦ ਸ਼ੁਰੂ ਹੋਈ ਸੀ ਜਿਹੜੀ ਰਾਤ ਪੈਣ ਤਕ ਚਲਦੀ ਰਹੀ ਸੀ। ਰਾਤ ਦਾ ਹਨੇਰਾ ਪੈ ਜਾਣ ਕਰਕੇ ਜਦੋਂ ਇਕ ਦੂਜੇ ਨੂੰ ਦਿਖਾਈ ਦੇਣੋ ਬੰਦ ਹੋ ਗਿਆ ਸੀ ਤਾਂ ਲੜਾਈ ਬੰਦ ਹੋ ਗਈ ਸੀ। ਰਾਤੋਂ-ਰਾਤ ਦੋਵੇਂ ਧਿਰਾਂ ਨੇ ਆਪਣੇ-ਆਪ ਨੂੰ ਸੰਭਾਲਿਆ। ਪਿੱਛੋਂ ਹੋਰ ਵੀ ਸਿੰਘ ਜੱਥੇ ਜੈਕਾਰੇ ਗੂੰਜਾਉਂਦੇ ਹੋਏ ਆਪਣੇ ਸਾਥੀਆਂ ਨਾਲ ਆ ਕੇ ਮਿਲ ਰਹੇ ਸਨ। ਜਿਉਂ ਹੀ ਦੂਸਰਾ ਦਿਨ ਚੜ੍ਹਿਆ ਤਾਂ ਦੋਵੇਂ ਧਿਰਾਂ ਫਿਰ ਗੁੱਥਮਗੁੱਥਾ ਹੋ ਗਈਆਂ। ਸਿੰਘ ਜਥਿਆਂ ਦੀ ਦ੍ਰਿੜ•ਤਾ ਸਾਹਮਣੇ ਮੁਗਲ ਸੈਨਿਕ ਖੜੋ ਨਹੀਂ ਸਕੇ ਸਨ। ਇਸ ਸਮੇਂ ਖ਼ਬਰਾਂ ਪਹੁੰਚ ਗਈਆਂ ਸਨ ਕਿ ਬੰਦਾ ਸਿੰਘ ਬਹਾਦੁਰ ਨੇ ਬਨੂੜ ਨੂੰ ਵੀ ਤਬਾਹ ਕਰ ਦਿੱਤਾ ਹੈ ਅਤੇ ਉਹ ਸਰਹਿੰਦ ਦੇ ਨੇੜੇ ਪਹੁੰਚ ਗਿਆ ਹੈ। ਇਸ ਗੱਲ ਨੇ ਸਿੰਘਾਂ ਦੇ ਜੋਸ਼ ਅਤੇ ਜ਼ੋਰ ਨੂੰ ਤਿਗੁਣਾ-ਚੌਗੁਣਾ ਕਰ ਦਿੱਤਾ ਸੀ। ਖਿਜ਼ਰ ਖਾਨ, ਨਸ਼ਤਰ ਖਾਨ ਅਤੇ ਵਲੀ ਮੁਹੰਮਦ ਖਾਨ, ਤਿੰਨ ਮੁੱਖੀ ਜਰਨੈਲ ਮਾਰੇ ਗਏ ਸਨ। ਇਸ ਨਾਲ ਸ਼ੇਰ ਮੁਹੰਮਦ ਖਾਨ ਦਾ ਲੱਕ ਟੁੱਟ ਗਿਆ ਸੀ। ਬਨੂੜ ਦੀ ਬਰਬਾਦੀ ਨੇ ਵੀ ਉਸ ਨੂੰ ਹੌਂਸਲਾਹੀਣ ਕਰ ਦਿੱਤਾ ਸੀ। ਮਾਲੇਰਕੋਟਲੇ ਦੀ ਫੌਜ ਭੱਜ ਗਈ ਸੀ। ਸਿੰਘ ਦਲ ਰੋਪੜ ਵਿਚੋਂ ਦੀ ਹਥਿਆਰ ਅਤੇ ਘੋੜੇ ਇਕੱਠੇ ਕਰਦਾ ਹੋਇਆ ਬੰਦਾ ਸਿੰਘ ਬਹਾਦੁਰ ਵਲ ਨੂੰ ਵੱਧਦਾ ਆ ਰਿਹਾ ਸੀ। ਉਧਰੋਂ ਬੰਦਾ ਸਿੰਘ ਨੂੰ ਵੀ ਸਿੰਘਾਂ ਦੇ ਵਧਦੇ ਆਉਣ ਦੀ ਖ਼ਬਰ ਮਿਲ ਗਈ ਸੀ, ਉਹ ਵੀ ਬਨੂੜ ਤੋਂ ਚੱਲ ਕੇ ਸਿੰਘ ਜੱਥਿਆਂ ਦੇ ਸੁਆਗਤ ਲਈ ਅਗੇ ਵਧ ਆਇਆ ਸੀ। ਦੋਵੇਂ ਧਿਰਾਂ ਚੱਪੜ-ਚਿੜੀ ਦੇ ਮੈਦਾਨ ਵਿਚ ਆ ਇਕੱਠੀਆਂ ਹੋਈਆਂ ਸਨ।
ਚੱਪੜ-ਚਿੜੀ ਦੀ ਸਥਿਤੀ ਬਾਰੇ ਸਾਡੇ ਮੁੱਢਲੇ ਲੇਖਕ ਲਿਖਦੇ ਹਨ ਜ਼ਰਾ ਇਸ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾ ਰਹੀ ਹੈ। ਕਰਮ ਸਿੰਘ ਹਿਸਟੋਰੀਅਨ ਨੂੰ ਤਾਂ ਇਸਦੀ ਸਥਿਤੀ ਦਾ ਹੀ ਪਤਾ ਨਹੀਂ ਸੀ। ਉਹ ਲਿਖਦਾ ਹੈ ਕਿ ''ਇਹ ਨਾਮ (ਚੱਪੜ-ਚਿੜੀ) ਰਤਨ ਸਿੰਘ ਭੰਗੂ ਨੇ ਆਪਣੇ ਪੰਥ ਪ੍ਰਕਾਸ਼ ਵਿਚ ਦਿੱਤਾ ਹੈ ਪਰ ਇਸ ਨਾਮ ਦਾ ਪਿੰਡ ਸਰਹਿੰਦ ਦੇ ਆਸ ਪਾਸ ਕੋਈ ਨਹੀਂ, ਘਨੌਰ ਤੇ ਤਅੱਲਕੇ ਵਿਚ ਰਾਜ-ਪੁਰਿਓਂ ਦਸ ਕੁ ਮੀਲ ਚਪੜ ਪਿੰਡ ਹੈ ਅਤੇ ਸਰਹਿੰਦੋਂ ਬਾਰਾਂ ਕੋਹ ਚੜੀ ਪਿੰਡ ਹੈ। ਪਰ ਇਹ ਦੋਵੇਂ ਹੀ ਨਹੀਂ ਹੋ ਸਕਦੇ।'' ਡਾ. ਗੰਡਾ ਸਿੰਘ ਨੇ ਵੀ ਇਸ ਥਾਂ ਬਾਰੇ ਕਿਸੇ ਦੂਸਰੇ ਵਿਅਕਤੀ ਕੋਲੋਂ ਸੁਣ ਕੇ ਹੀ ਲਿਖਿਆ ਹੈ। ਖੁਦ ਉਨ੍ਹਾਂ ਨੇ ਵੀ ਇਸ ਮੈਦਾਨ ਨੂੰ ਨਹੀਂ ਦੇਖਿਆ। ਹੋਰ ਵੀ ਕਿਸੇ ਲੇਖਕ ਨੇ ਇਹ ਚੱਪੜ-ਚਿੜੀ ਦਾ ਮੈਦਾਨ ਨਹੀਂ ਦੇਖਿਆ। ਬਿਨਾਂ ਦੇਖੇ ਕਿਸੇ ਵੀ ਲੜਾਈ ਦੇ ਮੈਦਾਨ ਬਾਰੇ ਸਹੀ ਰੂਪ ਵਿਚ ਬਿਆਨ ਕਰਨਾ ਅਸੰਭਵ ਹ। ਲੜਾਈ ਦੀ ਸਹੀ ਵਿਆਖਿਆ ਉਸ ਮੈਦਾਨ ਦੀ ਸਥਿਤੀ ਦੇ ਸਹੀ ਗਿਆਨ ਨਾਲ ਹੀ ਹੋ ਸਕਦੀ ਹੈ ਇਸ ਕਰਕੇ ਲੜਾਈ ਨੂੰ ਬਿਆਨ ਕਰਨ ਤੋਂ ਪਹਿਲਾਂ ਲੜਾਈ ਦੇ ਮੈਦਾਨ ਦੀ ਸਥਿਤੀ ਦਾ ਗਿਆਨ ਰੱਖਣਾ ਜ਼ਰੂਰੀ ਹੈ।
ਚੱਪੜ-ਚਿੜੀ ਦਾ ਮੈਦਾਨ ਸਰਹਿੰਦ ਤੋਂ ਲਿੰਕ ਸੜਕਾਂ ਰਾਹੀਂ 18-19 ਕਿਲੋਮੀਟਰ ਦੀ ਵਿੱਥ ਤੇ ਪੂਰਬ ਵਾਲੇ ਪਾਸੇ ਹੈ। ਇਸ ਸਮੇਂ ਵਿਚ ਇਹ ਬਨੂੜ-ਖਰੜ ਸੜਕ ਦੇ ਉਪਰ ਬਨੂੜ ਵਲੋਂ ਲਾਂਡਰਾ ਲੰਘ ਕੇ ਸਵਰਾਜ ਫੈਕਟਰੀ ਦੇ ਕੋਲ ਮੁੱਖ ਸੜਕ ਤੋਂ ਤਕਰੀਬਨ ਡੇਢ ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਚੱਪੜ-ਚਿੜੀ ਖੁਰਦ (ਛੋਟਾ)। ਖੁਰਦ ਪਹਿਲਾਂ ਆਉਂਦਾ ਹੈ ਅਤੇ ਕਲਾਂ ਪਿੱਛੋਂ। ਦੋਹਾਂ ਵਿਚਕਾਰ ਵੀ ਡੇਢ ਦੋ ਕਿਲੋਮੀਟਰ ਦਾ ਫਾਸਲਾ ਹੈ। ਜੰਗ ਦਾ ਮੈਦਾਨ ਦੋਹਾਂ ਪਿੰਡਾਂ ਤੋਂ ਹੱਟ ਕੇ ਹੈ। ਭਾਵੇਂ ਅੱਜ ਇਹ ਮੈਦਾਨ ਨਿੱਜੀ ਜਾਇਦਾਦ ਹੈ ਅਤੇ ਕੁਝ ਕੁ ਰਕਬਾ ਵੱਡੇ ਪਿੰਡ ਦੀ ਪੰਚਾਇਤ ਦਾ ਵੀ ਹੈ। ਉਹ ਟਿੱਬਾ, ਜਿਥੇ ਕਿ ਬੰਦਾ ਸਿੰਘ ਬਹਾਦੁਰ ਬੈਠ ਕੇ ਸਮੁੱਚੇ ਮੈਦਾਨ ਵਿਚ ਨਿਗਾਹ ਰੱਖ ਰਿਹਾ ਸੀ, ਅਜੇ ਵੀ ਕੁਝ ਹਾਲਤ ਵਿਚ ਕਾਇਮ ਹੈ। ਇਥੋਂ ਦੇ ਵਿਅਕਤੀਆਂ ਦੇ ਦੱਸਣ ਅਨੁਸਾਰ ਇਹ ਟਿੱਬਾ ਅਜ ਤੋਂ ਕੋਈ ਚਾਲੀ-ਪੰਤਾਲੀ ਸਾਲ ਪਹਿਲਾਂ 35-40 ਫੁੱਟ ਉਚਾ ਸੀ। ਬਾਅਦ ਵਿਚ ਇਥੋਂ ਆਮ ਲੋਕ ਅਤੇ ਹੋਰ ਸੰਸਥਾਵਾਂ ਮਿੱਟੀ ਚੁੱਕਦੀਆਂ ਰਹੀਆਂ। ਇਸ ਕਰਕੇ ਅੱਜ ਇਹ ਇਕ ਉਚੇ-ਟਿੱਬੇ ਦਾ ਰੂਪ ਨਹੀਂ ਹੈ। ਸਗੋਂ ਬਾਕੀ ਮੈਦਾਨ ਨਾਲੋਂ ਥੋੜ•ਾ ਜਿਹਾ ਹੀ ਉਚਾ ਹੈ। ਇਸ ਟਿੱਬੇ ਦੇ ਪਿਛਲੇ ਪਾਸੇ 'ਪਟਿਆਲਾ ਕੀ ਰਾਓ' ਨਾਂ ਦੀ ਨਦੀ ਵਗਦੀ ਸੀ। ਇਸ ਵਿਚ ਬੜਾ ਸਾਫ਼ ਪਾਣੀ ਵਹਿੰਦਾ ਸੀ। ਅੱਜ ਭਾਵੇਂ ਇਹ ਨਦੀ ਬੰਦ ਹੋ ਗਈ ਹੈ। ਇਸ ਮੈਦਾਨ ਵਿਚ ਅਨੇਕਾਂ ਹੀ ਛੱਪੜ (ਢਾਬਾਂ) ਸਨ। ਇਨ੍ਹਾਂ ਛੱਪੜਾਂ ਕਰਕੇ ਹੀ ਇਸ ਖੇਤਰ ਦਾ ਨਾਂ ਛੱਪੜਾਂ ਵਾਲਾ ਜੰਗਲ ਜਾਂ ਛੱਪੜਾਂ ਵਾਲੀ ਝਿੜੀ ਪਰਚੱਲਤ ਹੋਇਆ ਸੀ। ਚੱਪੜ-ਚਿੜੀ ਇਸੇ ਹੀ ਭਾਵ ਵਾਲਾ ਨਾਂ ਹੈ। ਇਹ ਪਹਾੜ ਦੀ ਤਰਾਈ ਵਾਲਾ ਖੇਤਰ ਹੈ। ਇਥੋਂ ਦੀ ਕਈ ਬਰਸਾਤੀ ਨਦੀਆਂ ਨਾਲੇ ਨਿਕਲਣ ਕਾਰਨ ਹੀ ਇਹ ਸਾਰਾ ਖੇਤਰ ਉਚਾ ਨੀਵਾਂ ਹੈ। ਧਰਤੀ ਹੇਠਲਾ ਪਾਣੀ ਥੋੜ੍ਹਾ ਹੈ ਅਤੇ ਡੂੰਘਾ ਹੈ। ਕੁਝ ਛੱਪੜ ਕੁਦਰਤੀ ਤੌਰ 'ਤੇ ਬਣੇ ਹੋਏ ਹਨ ਅਤੇ ਕੁਝ ਲੋਕਾਂ ਰਾਹੀਂ ਆਪਣੀ ਲੋੜ ਮੁਤਾਬਕ ਪੁੱਟ ਕੇ ਬਣਾਏ ਗਏ ਹਨ। ਇਕ ਵੱਡਾ ਪੁਰਾਤਨ ਛੱਪੜ ਇਸ ਸਮੇਂ ਸ. ਬਲਵੰਤ ਸਿੰਘ, ਸਾਬਕਾ ਸਰਪੰਚ, ਚੱਪੜ-ਚਿੜੀ ਕਲਾਂ ਦੇ ਰਕਬੇ ਵਿਚ ਸੀ ਜਿਸ ਨੂੰ ਪੂਰ ਕੇ ਖੇਤਰ ਵਿਚ ਰਲਾ ਲਿਆ ਗਿਆ ਹੈ। ਇਕ ਹੋਰ ਪੁਰਾਤਨ ਛੱਪੜ ਵਰਤਮਾਨ ਗੁਰਦੁਆਰੇ ਵਾਲੇ ਖੇਤਰ ਵਿਚ ਸੀ। ਇਸ ਨੂੰ ਵੀ ਮਿੱਟੀ ਨਾਲ ਭਰ ਕੇ ਬਾਕੀ ਜ਼ਮੀਨ ਵਿਚ ਮਿਲਾ ਲਿਆ ਗਿਆ ਹੈ। ਇਕ ਹੋਰ ਬਹੁਤ ਵੱਡਾ ਪੁਰਾਤਨ ਛੱਪੜ (ਢਾਬ) ਬਨੂੜ-ਲਾਂਡਰਾਂ ਸੜਕ ਉਪਰ ਸਥਿਤ ਪਿੰਡ ਮੋਟੇ ਮਾਜਰਾ ਦੀ ਜੂਹ ਵਿਚ ਹੈ। ਇਹ ਬਹੁਤ ਵਿਸ਼ਾਲ ਢਾਬ ਸੀ। ਇਸੇ ਹੀ ਸੜਕ ਉਪਰ ਵਸੇ ਪੁਰਾਣੇ ਇਕ ਹੋਰ ਪਿੰਡ ਸਨੇਟਾ ਵਿਚ ਵੀ ਇਕ ਬਹੁਤ ਵਿਸ਼ਾਲ ਟੋਬਾ ਹੈ। ਇਹ ਟੋਬੇ ਜਾਂ ਛੱਪੜ ਹੀ ਇਸ ਇਲਾਕੇ ਦੀ ਪਛਾਣ ਸਨ।
'ਪਟਿਆਲਾ ਕੀ ਰਾਓ' ਨਦੀ ਦਾ ਉਸ ਵੇਲੇ ਭਾਵੇਂ ਨਾਂ ਕੁਝ ਹੋਰ ਹੋਣਾ ਹੈ (ਸ਼ਾਇਦ ਹੰਸਾਲੀ ਜਾਂ ਹੰਸਲਾ ਨਦੀ) ਪਰ ਇਹ ਨਦੀ ਇਸ ਖੇਤਰ ਨੂੰ ਮੁਸਲਮਾਨ ਅਤੇ ਗ਼ੈਰ-ਮੁਸਲਮਾਨ ਖੇਤਰ ਵਿਚ ਵੰਡਦੀ ਸੀ। ਇਸ ਨਦੀ ਦੇ ਉਤਰ-ਪੂਰਬ ਵਾਲੇ ਪਾਸੇ, ਭਾਵ ਕਿ ਵਰਤਮਾਨ ਮੁਹਾਲੀ ਵਾਲੇ ਪਾਸੇ ਕੁਝ ਗੈਰ-ਮੁਸਲਮਾਨ ਆਬਾਦੀ (ਹਿੰਦੂ-ਸਿੱਖ) ਵਾਲੇ ਪਿੰਡ ਸਨ। ਇਹ ਸਨ : ਕੁੰਭੜਾ, ਸੁਹਾਣਾ, ਮਟੌੜ, ਮਨੌਲੀ ਜਾਂ ਮੌਲੀ ਅਤੇ ਮਾਣਕ ਮਾਜਰਾ ਆਦਿ। ਇਹ ਸਾਰੇ ਵੈਦਵਾਨ ਜੱਟਾਂ ਦੇ ਪਿੰਡ ਸਨ। ਨਦੀ ਦੇ ਪੱਛਮ ਵੱਲ, ਭਾਵ ਕਿ ਲਾਂਡਰਾਂ ਅਤੇ ਖਰੜ ਵਾਲੇ ਪਾਸੇ ਮੁਸਲਮਾਨ ਆਬਾਦੀ ਵਾਲੇ ਪਿੰਡ ਸਨ। ਖਾਸ ਚੱਪੜ-ਚਿੜੀ ਦੇ ਦੋਵੇਂ ਪਿੰਡ ਮੁਸਲਮਾਨ ਅਬਾਦੀ ਵਾਲੇ ਪਿੰਡ ਸਨ।' ਇਨ੍ਹਾਂ ਦੋਵੇਂ ਪਿੰਡਾਂ ਵਿਚ ਮਸਜਿਦਾਂ ਸਨ ਜਿਹੜੀਆਂ ਹੁਣ ਉਸੇ ਹਾਲਤ ਵਿਚ ਸੰਭਾਲੀਆਂ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ, ਕੈਲੋਂ, ਸੈਦਪੁਰ, ਮਾਣਕ ਪੁਰ ਆਦਿ ਪਿੰਡ ਸਨ। ਬੰਦਾ ਸਿੰਘ ਬਹਾਦੁਰ ਦੀ ਛਾਉਣੀ 'ਪਟਿਆਲਾ ਕੀ ਰਾਓ' ਨਦੀ ਉਪਰ ਅਤੇ ਉਕਤ ਦੱਸੇ ਗਏ ਸਿੱਖ-ਹਿੰਦੂ ਆਬਾਦੀ ਵਾਲੇ ਪਿੰਡਾਂ ਦੀ ਜੂਹ ਵਿਚ ਸੀ। ਬਨੂੜ ਤੋਂ ਲੈ ਕੇ ਚੱਪੜ-ਚਿੜੀ ਤੱਕ ਦਾ ਸਾਰਾ ਖੇਤਰ ਖਾਲਸਾ ਦਲਾਂ ਦੇ ਕਬਜ਼ੇ ਵਿਚ ਸੀ। 'ਪਟਿਆਲਾ ਕੀ ਰਾਓ' ਨਦੀ ਦੇ ਪਾਸ (ਚੱਪੜ-ਚਿੜੀ ਵਾਲੇ ਪਾਸੇ) ਉਹ ਉਚਾ ਟਿੱਬਾ ਸੀ ਜਿਸ ਉਪਰ ਬੰਦਾ ਸਿੰਘ ਬਹਾਦੁਰ ਬੈਠਾ ਸੀ। ਚੱਪੜ ਚਿੜੀ, ਲਾਂਡਰਾਂ ਅਤੇ ਕੈਲੋਂ ਤੋਂ ਲੈ ਕੇ ਵਿਚੋਂ ਦੀ ਜੋ ਲਾਇਨ ਮੁਸਲਮਾਨ ਆਬਾਦੀ ਵਾਲੇ ਪਿੰਡਾਂ ਦੀ, ਸਰਹਿੰਦ ਤੀਕ ਪਹੁੰਚਦੀ ਸੀ ਉਸ ਪਾਸੇ ਸਰਹਿੰਦ ਦੇ ਵਜ਼ੀਰ ਖਾਨ ਦੀਆਂ ਫੌਜਾਂ ਸਨ।
ਸਵਾਲ ਇਥੇ ਇਹ ਪੈਦਾ ਹੁੰਦਾ ਹੈ ਕਿ ਸਰਹਿੰਦ ਨੂੰ ਜਿੱਤਣ ਲਈ ਅਤੇ ਲੜਾਈ ਕਰਨ ਲਈ, ਬੰਦਾ ਸਿੰਘ ਬਹਾਦੁਰ ਨੂੰ ਬਨੂੜ ਤੋਂ ਚੱਪੜ-ਚਿੜੀ ਵਾਲੇ ਮੈਦਾਨ ਵਿਚ ਆਉਣ ਦੀ ਕੀ ਲੋੜ ਸੀ ਜਦੋਂ ਕਿ ਸਰਹਿੰਦ ਉਪਰ ਹਮਲਾ ਤਾਂ ਬਨੂੜ ਤੋਂ ਵੀ ਹੋ ਸਕਦਾ ਸੀ। ਬਨੂੜ ਤੋਂ ਜਿੰਨੀ ਦੂਰ ਚੱਪੜ-ਚਿੜੀ ਸੀ ਉਤਨੀ ਹੀ ਦੂਰ ਸਰਹਿੰਦ ਸੀ। ਅੱਗੇ ਚੱਪੜ-ਚਿੜੀ ਤੋਂ ਵੀ ਸਰਹਿੰਦ 18-19 ਕਿਲੋਮੀਟਰ ਦੀ ਵਿੱਥ 'ਤੇ ਸੀ। ਇਸ ਕਰਕੇ ਬੰਦਾ ਸਿੰਘ ਨੇ ਬਨੂੜ ਤੋਂ ਹੀ ਸਰਹਿੰਦ ਉਪਰ ਹਮਲਾ ਕਿਉਂ ਨਹੀਂ ਕੀਤਾ? ਕੀ ਕਾਰਨ ਸੀ ਕਿ ਉਸ ਨੂੰ ਚੱਪੜ-ਚਿੜੀ ਦੇ ਮੈਦਾਨ ਵਿਚ ਆਉਣਾ ਪਿਆ ਸੀ। ਇਸਦਾ ਇਕ ਸੰਭਵ ਕਾਰਨ ਇਹ ਹੀ ਹੋ ਸਕਦਾ ਹੈ ਕਿ ਜਿਹੜਾ ਇਕ ਤਕੜਾ ਖਾਲਸਾ ਦਲ ਮਾਝੇ ਅਤੇ ਦੁਆਬੇ ਤੋਂ ਇਕੱਠਾ ਹੋ ਕੇ ਬੰਦਾ ਸਿੰਘ ਨਾਲ ਰਲਣ ਲਈ ਕੀਰਤਪੁਰ ਸਾਹਿਬ-ਰੋਪੜ ਦੇ ਰਸਤੇ ਆ ਰਿਹਾ ਸੀ ਪਹਿਲਾਂ ਤਾਂ ਇਸ ਨੂੰ ਰੋਪੜ ਵਿਖੇ ਹੀ ਮਾਲੇਰਕੋਟਲੇ ਤੇ ਰੋਪੜ ਦੀਆਂ ਫੌਜਾਂ ਨੇ ਰੋਕ ਕੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਰੋਕ ਨਹੀ ਸਕੇ ਸਨ। ਇਹ ਖਾਲਸਾ ਦਲ ਰੋਪੜ ਲੰਘ ਕੇ ਬੰਦਾ ਸਿੰਘ ਵੱਲ ਆ ਰਿਹਾ ਸੀ। ਬੰਦਾ ਸਿੰਘ ਉਸ ਸਮੇਂ ਬਨੂੜ ਵਿਖੇ ਸੀ। ਜਿਉਂ ਹੀ ਵਜ਼ੀਰ ਖਾਨ ਨੂੰ ਇਸ ਗੱਲ ਦੀ ਖ਼ਬਰ ਮਿਲੀ ਕਿ ਰੋਪੜ ਤੋਂ ਖਾਲਸਾ ਦਲ ਮੁਗ਼ਲ ਫੌਜਾਂ ਨੂੰ ਹਰਾ ਕੇ ਬੰਦਾ ਸਿੰਘ ਵੱਲ ਆ ਰਿਹਾ ਹੈ ਅਤੇ ਬੰਦਾ ਸਿੰਘ ਵੱਲ (ਬਨੂੜ ਵੱਲ) ਆਉਣ ਦਾ ਰੋਪੜ ਦਾ ਰਸਤਾ ਕੁਰਾਲੀ ਅਤੇ ਖਰੜ ਵਿਚੋਂ ਦੀ ਹੀ ਸੀ। ਵਜ਼ੀਰ ਖਾਨ ਇਸ ਖਿਆਲ ਨਾਲ ਕਿ ਦੋਹਾਂ ਦਲਾਂ ਨੂੰ ਮਿਲਣ ਨਾ ਦਿੱਤਾ ਜਾਵੇ, ਇਕ ਦਮ ਬੰਦਾ ਸਿੰਘ ਅਤੇ ਮਾਝੇ-ਦੁਆਬੇ ਦੇ ਖਾਲਸਾ ਦਲਾਂ ਦਾ ਰਸਤਾ ਕੱਟਣ ਲਈ ਚੱਪੜ-ਚਿੜੀਵੱਲ ਰਵਾਨਾ ਹੋ ਗਿਆ ਸੀ। ਬੰਦਾ ਸਿੰਘ ਅਤੇ ਮਾਝੇ-ਦੁਆਬੇ ਵੱਲੋਂ ਆ ਰਹੇ ਖਾਲਸਾ ਦਲ ਦੀ ਰਵਾਨਗੀ ਤੇਜ਼ ਸੀ। ਇਸ ਲਈ ਬੰਦਾ ਸਿੰਘ ਤੁਰੰਤ ਪੂਰੀ ਤੇਜ਼ੀ ਨਾਲ ਖਾਲਸਾ ਦਲ ਨਾਲ ਮਿਲਣ ਲਈ ਲਾਂਡਰਾਂ ਤੇ ਖਰੜ ਵੱਲ ਨੂੰ ਚੱਲ ਪਿਆ ਸੀ। ਦੋਵਾਂ ਦਲਾਂ ਦਾ ਮੇਲ ਚੱਪੜ-ਚਿੜੀ ਵਾਲੇ ਅਸਥਾਨ 'ਤੇ ਹੋ ਗਿਆ ਸੀ। ਦੋਵੇਂ ਦਲਾਂ ਦੀ ਸੁਮੇਲਤਾ ਨਾਲ ਬੰਦਾ ਸਿੰਘ ਦੀ ਹਮਲਾਕਰੂ ਤਾਕਤ ਬਹੁਤ ਵੱਧ ਗਈ ਸੀ ਅਤੇ ਉਹ ਚੱਪੜ-ਚਿੜੀ ਦੀ ਲੜਾਈ ਦੀ ਨੀਤੀ ਪੱਖੋਂ, ਸਭ ਤੋਂ ਵਧੀਆ ਹਿੱਸਾ ਰੋਕ ਕੇ ਬੈਠ ਗਿਆ ਸੀ। ਇਹ ਪਾਸਾ ਸਾਰਾ ਹੀ ਹਿੰਦੂ-ਸਿੱਖਾਂ ਦੇ ਪਿੰਡਾਂ ਵਾਲਾ ਸੀ ਅਤੇ ਪਾਣੀ ਦੀ ਬਹੁਤਾਤ ਵਾਲਾ ਸੀ। ਵਜ਼ੀਰ ਖਾਨ ਮੁਸਲਮਾਨ ਆਬਾਦੀ ਵਾਲੇ ਪਿੰਡਾਂ ਦੀ ਜੂਹ ਵਿਚ ਮੋਰਚੇ ਬਣਾ ਕੇ ਬੈਠ ਗਿਆ ਸੀ। ਲੜਾਈ ਸਮੇਂ ਫੌਜਾਂ ਨੂੰ ਪਾਣੀ ਦੀ ਅਤੇ ਬਣੇ-ਬਣਾਏ ਭੋਜਨ ਦੀ ਸਪਲਾਈ ਦੀ ਅਤਿਅੰਤ ਜ਼ਰੂਰਤ ਪੈਂਦੀ ਹੈ ਇਹ ਸਪਲਾਈ ਪਿੰਡਾਂ ਵਿਚੋਂ ਹੀ ਹੋ ਸਕਦੀ ਸੀ। ਹਰ ਧਿਰ ਆਪਣੀ ਮਦਦ ਵਾਲੇ ਪਿੰਡਾਂ ਵਿਚੋਂ ਹੀ ਅਜਿਹੀ ਟੇਕ ਰੱਖਦੀ ਹੁੰਦੀ ਹੈ।

ਚੱਪੜ-ਚਿੜੀ ਦੇ ਮੈਦਾਨ ਦਾ ਨਾ ਪਹਿਲੀ ਵਾਰ ਵਿਲੀਅਮ ਇਰਵਿਨ (William Irvine) ਨੇ ਲਿਖਿਆ ਹੈ। ਇਰਵਿਨ ਨੇ ਲਖਿਆ ਹੈ ਕਿ ਉਸ ਦੇ ਪਾਸ 'ਫਾਰੂਖ਼ਸ਼ੀਅਰਨਾਮਾ' ਦਾ ਖਰੜਾ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਸਰਹਿੰਦ ਦੀ ਫਤਹਿ ਦੀ ਲੜਾਈ ਚੱਪੜ-ਚਿੜੀ ਦੇ ਮੈਦਾਨ ਵਿਚ ਲੜੀ ਗਈ ਸੀ। ਚੱਪੜ-ਚਿੜੀ ਦੀ ਸਥਿਤੀ ਇਉਂ ਦੱਸੀ ਗਈ ਹੈ : 'ਚੱਪੜ-ਚਿੜੀ ਨਾਂ ਦੇ ਦੋ ਪਿੰਡ ਹਨ, ਚੱਪੜ-ਚਿੜੀ ਕਲਾਂ ਅਤੇ ਚੱਪੜ-ਚਿੜੀ ਖੁਰਦ। ਇਹ ਇੰਡੀਅਨ ਐਟਲਸ ਦੀ ਸ਼ੀਟ ਨੰ. 48 ਤੇ ਸਥਿਤ ਹਨ। ਇਹ ਸਰਹਿੰਦ ਤੋਂ 16 ਮੀਲ ਉਤਰ-ਪੂਰਬ ਵਲ ਪਟਿਆਲੀ ਰਾਓ ਉਪਰ ਅਤੇ ਬਨੂੜ ਤੋਂ 10 ਮੀਲ ਉਤਰ-ਪੱਛਮ ਵਲ ਹਨ। ਮੇਜਰ ਜੇਮਜ਼ ਬ੍ਰਾਊਨ ਨੇ ਇਸ ਥਾਂ ਨੂੰ ਸਰਹਿੰਦ ਤੋਂ 12 ਮੀਲ ਪੂਰਬ-ਦੱਖਣ ਵਲ ਅਲਵਾਂ ਸਰਾਏ ਦੇ ਨੇੜੇ ਦੱਸਿਆ ਹੈ। ਗੁਰਮੁਖੀ ਦੀਆਂ ਮੁੱਢਲੀਆਂ ਲਿਖਤਾਂ ਵਿਚ, ਬੰਦਾ ਸਿੰਘ ਬਹਾਦਰ ਦੇ ਸਬੰਧ ਵਿਚ ਲਿਖਣ ਵਾਲੇ ਕਿਸੇ ਵੀ ਲੇਖਕ ਨੇ ਚੱਪੜ-ਚਿੜੀ ਬਾਰੇ ਕੁਝ ਵੀ ਨਹੀਂ ਲਿਖਿਆ।
ਦੋਵਾਂ ਧਿਰਾਂ ਦੀ ਸੈਨਿਕ-ਸ਼ਕਤੀ ਵੀ ਇਤਿਹਾਸ ਦਾ ਅਹਿਮ ਤੱਥ ਹੁੰਦਾ ਹੈ। ਇਹ ਇਸ ਤਰ੍ਹਾਂ ਹੈ: ਵਜ਼ੀਰ ਖਾਨ ਪਾਸ ਖਾਫ਼ੀ ਖਾਨ ਦੇ ਅਨੁਸਾਰ ਪੰਜ-ਛੇ ਹਜ਼ਾਰ ਘੋੜ-ਸੁਆਰ, ਸਤ-ਅੱਠ ਹਜ਼ਾਰ ਪੈਦਲ ਸਿਪਾਹੀ ਸਨ ਜਿਨ੍ਹਾਂ ਪਾਸ ਤੋੜੇਦਾਰ ਬੰਦੂਕਾਂ ਅਤੇ ਤੀਰ ਕਮਾਲ ਸਨ। ਕੁਝ ਤੋਪਾਂ ਅਤੇ ਹਾਥੀ ਵੀ ਸਨ। 'ਇਉਂ ਉਸ ਪਾਸ 12000 ਤੋਂ ਲੈ ਕੇ 15000 ਦੀ ਗਿਣਤੀ ਤਕ ਦੀ ਫੌਜ ਸੀ। ਇਹ ਤਾਂ ਸੀ ਉਹ ਫੌਜ ਜੋ ਉਸ ਕੋਲ ਸਰਕਾਰੀ ਰਿਕਾਰਡਾਂ ਮੁਤਾਬਕ ਉਪਲਬਧ ਜਾਂ ਉਸ ਨੂੰ ਰੱਖਣ ਦਾ ਅਧਿਕਾਰ ਸੀ। ਬਾਕੀ ਹਜ਼ਾਰਾਂ ਦੀ ਗਿਣਤੀ ਵਿਚ ਉਹ ਲੋਕ ਸਨ ਜਿਹੜੇ ਉਸ ਨੇ ਇਸਲਾਮ ਦੀ ਰਾਖੀ ਲਈ ਛੇੜੇ ਗਏ ਜਿਹਾਦ ਹੇਠ ਭੜਕਾ ਕੇ ਪਿੰਡਾਂ ਵਿਚੋਂ ਇਕੱਠੇ ਕੀਤੇ ਸਨ। ਇਨ੍ਹਾਂ ਵਿਚ ਅਠ ਹਜ਼ਾਰ ਗਾਜ਼ੀ ਸਨ। ਇਹ ਗਾਜ਼ੀ ਸਾਡੇ ਨਿਹੰਗ ਜਾਂ ਅਕਾਲੀ ਸਿੰਘਾਂ ਵਾਂਗ ਬਿਨਾ ਕਿਸੇ ਜ਼ਾਬਤੇ ਤੋਂ ਸਨ। ਇਹ ਆਪਣੀ ਹੀ ਮਰਜ਼ੀ ਅਨੁਸਾਰ ਅਤੇ ਆਪਣੀ ਹੀ ਯੁੱਧ-ਨੀਤੀ ਅਨੁਸਾਰ ਲੜਾਈ ਵਿਚ ਹਿੱਸਾ ਲੈਂਦੇ ਸਨ। ਇਹ ਸਿਰਫ਼ ਮਰਨ ਲਈ ਜਾਂ ਜਿੱਤਣ ਲਈ ਹੀ ਲੜੇ ਸਨ। ਜੰਗ ਦੇ ਮੈਦਾਨ ਵਿਚੋਂ ਇਹ ਭੱਜ ਦੇ ਨਹੀਂ ਸਨ। ਇਸ ਤਰ•ਾਂ ਵਜ਼ੀਰ ਖਾਨ ਪਾਸ 25-30 ਹਜ਼ਾਰ ਤੋਂ ਉਪਰ ਸੈਨਾ ਸੀ। ਜਿਥੋਂ ਤੱਕ ਬੰਦਾ ਸਿੰਘ ਬਹਾਦਰ ਪਾਸ ਖਾਲਸਾ ਦਲਾਂ ਦੀ ਗਿਣਤੀ ਦੀ ਗੱਲ ਹੈ ਇਹ ਵੀ ਅਣਗਿਣਤ ਸੀ। ਸਾਰਾ ਸਿੱਖ ਜਗਤ ਬੰਦਾ ਸਿੰਘ ਬਹਾਦੁਰ ਦੇ ਨਾਲ ਸੀ। ਜਿਵੇਂ ਕਿ ਪਿੱਛੇ ਵੀ ਲਿਖਿਆ ਜਾ ਚੁੱਕਿਆ ਹੈ ਕਿ ਸਾਰੇ ਪੰਜਾਬ ਵਿਚ ਬੰਦਾ ਸਿੰਘ ਦੇ ਆਉਣ ਨਾਲ ਇਕ ਕਿਸਮ ਦਾ ਇਨਕਲਾਬ ਹੀ ਆ ਗਿਆ ਸੀ। ਸਿੱਖਾਂ ਦਾ ਹਰ ਉਹ ਆਦਮੀ ਕੋਈ ਨਾ ਕੋਈ ਹਥਿਆਰ ਲੈ ਕੇ ਬੰਦਾ ਸਿੰਘ ਨਾਲ ਆ ਰਲਿਆ ਸੀ ਜਿਹੜਾ ਲੜਨ ਦੇ ਸਮਰੱਥ ਸੀ। ਇਸ ਲਈ ਸਮਝਿਆ ਜਾਣਾ ਚਾਹੀਦਾ ਹੈ ਕਿ ਬੰਦਾ ਸਿੰਘ ਦੀ ਕਮਾਂਡ ਹੇਠ ਪੂਰੀ ਦੀ ਪੂਰੀ ਸਿੱਖ ਕੌਮ ਆ ਖੜੀ ਹੋਈ ਸੀ। ਇਸ ਨੂੰ ਕਿਸੇ ਗਿਣਤੀ ਵਿਚ ਮਿਣ ਕੇ ਦੱਸਣਾ ਠੀਕ ਨਹੀਂ ਹੈ। ਭਾਵੇਂ ਕਿ ਖਾਫੀ ਖਾਨ ਨੇ ਬੰਦਾ ਸਿੰਘ ਬਹਾਦੁਰ ਪਾਸ ਚਾਲੀ ਹਜ਼ਾਰ ਸਿੰਘਾਂ ਦੀ ਗਿਣਤੀ ਦੱਸੀ ਹੈ। ਇਸ ਵਿਚ ਕੋਈ ਅੱਤ-ਕਥਨੀ ਵੀ ਨਹੀਂ ਸਮਝਣੀ ਚਾਹੀਦੀ। ਸਰਹਿੰਦ ਉਪਰ ਹਮਲਾ ਸਿੱਖਾਂ ਲਈ ਇਕ ਸਭ ਤੋਂ ਅਹਿਮ ਮਸਲਾ ਸੀ। ਸਰਹਿੰਦ ਦੀ ਜਿੱਤ ਲਈ ਉਹ ਹਰ ਕਿਸਮ ਦੀ ਕੁਰਬਾਨੀ ਕਰਨ ਨੂੰ ਤਿਆਰ ਸਨ। ਇਸ ਕਰਕੇ ਸਮਝਿਆ ਤਾਂ ਇਹ ਜਾਣਾ ਚਾਹੀਦਾ ਹੈ ਕਿ ਬੰਦਾ ਸਿੰਘ ਬਹਾਦੁਰ ਪਾਸ ਚਾਲੀ ਹਜ਼ਾਰ ਦੀ ਗਿਣਤੀ ਵੀ ਥੋੜ੍ਹੀ ਸੀ ਉਸ ਪਾਸ ਤਾਂ ਸਿੱਖਾਂ ਦੇ ਹਰ ਆਦਮੀ ਦੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ। ਇਸ ਰੌਸ਼ਨੀ ਵਿਚ ਦੇਖਿਆਂ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦਾ ਬੱਚਾ-ਬੱਚਾ ਲੜਨ-ਮਰਨ ਲਈ ਤਿਆਰ ਸੀ। ਸਿੱਖਾਂ ਸਾਹਮਣੇ ਇਕੋ-ਇਕ ਨਿਸ਼ਾਨਾ ਸਰਹਿੰਦ ਨੂੰ ਤਬਾਹ ਕਰਨ ਦਾ ਸੀ। ਇਸ ਲਈ ਉਹ ਹਮਲਾ ਕਰਨ ਲਈ ਉਤਾਵਲੇ ਸਨ। ਉਨ੍ਹਾਂ ਸਾਹਮਣੇ ਨਾ ਹੀ ਰਾਜਨੀਤਕ ਸੋਚ-ਵਿਚਾਰਾ ਦੀ ਗੱਲ ਸੀ ਅਤੇ ਨਾ ਹੀ ਯੁੱਧ-ਨੀਤੀ ਦਾ ਕੋਈ ਪੈਂਤੜਾ ਅਖ਼ਤਿਆਰ ਕਰਨ ਦੀ। ਉਹ ਤਾਂ ਬੱਸ ਹਮਲਾ ਕਰਨ ਦਾ ਹੁਕਮ ਉਡੀਕ ਰਹੇ ਸਨ। ਇਹ ਹਮਲਾ ਭਾਵੇਂ ਰਾਤ ਨੂੰ ਹੋਵੇ ਤੇ ਭਾਵੇਂ ਦਿਨ ਨੂੰ। ਇਸ ਤਰ•ਾਂ ਬੰਦਾ ਸਿੰਘ ਬਹਾਦੁਰ ਪਾਸ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਤੋਂ ਦੀ ਮਰ-ਮਿਟਣ ਵਾਲੇ ਸਿੰਘ ਸਨ। ਹਥਿਆਰਾਂ ਦੇ ਪੱਖੋਂ ਭਾਵੇਂ ਇਹ ਵਜ਼ੀਰ ਖਾਨ ਤੋਂ ਘੱਟ ਸਨ ਪਰ ਹੌਂਸਲੇ ਅਤੇ ਪਹਿਲ-ਕਦਮੀ ਵਜੋਂ ਸਿੰਘ ਮੁਗ਼ਲ ਸੈਨਾ ਤੋਂ ਅਗੇ ਸਨ ਕਿਉਂਕਿ ਸਿੰਘਾਂ ਸਾਹਮਣੇ ਰਾਜਨੀਤਕ ਨਫ਼ੇ-ਨੁਕਸਾਨ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਇਸੇ ਹੀ ਇਕ ਗੱਲ ਨੇ ਸਿੰਘਾਂ ਨੂੰ ਨਿਧੜਕ ਯੋਧੇ ਬਣਾ ਦਿੱਤਾ ਸੀ। ਬੰਦਾ ਸਿੰਘ ਬਹਾਦੁਰ ਦੇ ਸੱਜੇ-ਖੱਬੇ ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ, ਆਲੀ ਸਿੰਘ, ਮਾਲੀ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਬਾਵਾ ਬਿਨੋਦ ਸਿੰਘ, ਬਾਵਾ ਕਾਨ• ਸਿੰਘ, ਭਾਈ ਰਾਮ ਸਿੰਘ ਅਤੇ ਸ਼ਾਮ ਸਿੰਘ ਆਦਿ ਸੂਰਮੇ ਸਿੰਘ ਘੋੜਿਆਂ ਤੇ ਅਸਵਾਰ ਹੋਏ ਖੜ੍ਹੇ ਸਨ। ਇਨ੍ਹਾਂ ਵਿਚ ਹੀ ਲਾਗਲੇ ਪਿੰਡ ਸਨੇਟੇ ਦਾ ਰਹਿਣ ਵਾਲਾ ਭਾਈ ਨਿਗਾਹੀਆਂ ਸਿੰਘ ਭੁੱਲਰ ਵੀ ਸੀ।
ਵਜ਼ੀਰ ਖਾਂ ਦੀ ਸੈਨਾ ਦੇ ਸਭ ਤੋਂ ਅੱਗੇ ਹਾਥੀ ਸੀ। ਉਸ ਦੇ ਪਿੱਛੇ ਪੈਦਲ ਫੌਜ ਸੀ। ਇਹ ਪੈਦਲ ਫੌਜ ਹਾਥੀਆਂ ਦੇ ਸਹਾਰੇ ਨਾਲ ਅੱਗੇ ਵੱਧ ਰਹੀ ਸੀ। ਦੋਹਾਂ ਪਾਸਿਆਂ ਤੇ ਘੋੜ-ਸਾਵਰ ਸੈਨਾ ਸੀ ਜਿਹੜੀ ਆਪਣੀ ਆਪਣੀ ਸਮੁੱਚੀ ਫੌਜੀ ਸ਼ਕਤੀ ਨੂੰ ਇਕੱਠਾ ਕਰਕੇ ਰੱਖਣ ਦਾ ਕੰਮ ਕਰਦੀ ਸੀ। ਵਜ਼ੀਰ ਖਾਂ ਆਪਣੀ ਫੌਜ ਦੇ ਬਿਲਕੁਲ ਵਿਚਕਾਰ ਹਾਥੀ ਉਪਰ ਅਸਵਾਰ ਸੀ। ਪਰ ਵਜੀਰ ਖਾਨ ਦੀ ਮੁਗਲੀਆ ਫੌਜ ਵਿਚ ਪਹਿਲ-ਕਦਮੀ ਦੀ ਘਾਟ ਸੀ। ਸਮਾਣਾ, ਸਢੌਰਾ, ਅਤੇ ਬਨੂੜ ਨੂੰ ਲਿਤਾੜੇ ਜਾਣ ਨਾਲ ਵੈਸੇ ਹੀ ਵਜ਼ੀਰ ਖਾਨ ਦੇ ਪਰ ਕੱਟੇ ਜਾ ਚੁੱਕੇ ਸਨ ਅਤੇ ਬੁੱਲਵਰਕ ਤੋੜਿਆ ਜਾ ਚੁੱਕਿਆ ਸੀ।
ਇਸ ਲੜਾਈ ਦੀ ਮਿਤੀ ਬਾਰੇ ਕੁਝ ਮੱਤ-ਭੇਦ ਹਨ। ਹੁਣ ਤਕ ਆਮ ਤੌਰ ਤੇ ਚੱਪੜ-ਚਿੜੀ ਦੀ ਲੜਾਈ 12 ਮਈ, 1710 ਈ. ਦਸਦਾ ਹੈ।'' ਇਹ ਦੋਵੇਂ ਲੇਖਕ ਹੀ ਭਾਵੇਂ ਮੁੱਖ ਲੇਖਕ ਹਨ ਜਿਨ੍ਹਾਂ ਦੀਆਂ ਮਿਤੀਆਂ ਨੂੰ ਵਿਚਾਰਿਆ ਜਾ ਸਕਦਾ ਹੈ। ਕਰਮ ਸਿੰਘ ਹਿਸਟੋਰੀਅਨ ਅਤੇ ਗਿਆਨੀ ਗਿਆਨ ਸਿੰਘ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਉਕਾ ਹੀ ਮੰਨਣਯੋਗ ਨਹੀਂ ਹਨ। ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ, ''ਮੈਂ ਜੋ ਤਰੀਕ ਮੰਨੀ ਹੈ, ਇਹ ਰਤਨ ਸਿੰਘ ਭਿੜੀ ਵਾਲੇ ਅਤੇ ਮੁਸਲਮਾਨ ਇਤਿਹਾਸਕਾਰਾਂ ਨੇ ਵੀ ਮੰਨੀ ਹੈ, ਇਹ ਰਤਨ ਸਿੰਘ ਭਿੜੀ ਵਾਲੇ ਅਤੇ ਮੁਸਲਮਾਨ ਇਤਿਹਾਸਕਾਰਾਂ ਨੇ ਵੀ ਮੰਨੀ ਹੈ। ਇਹ ਤਰੀਕ ਹਾੜ• ਦੀ ਸੰਗਰਾਂਦ ਸੰਮਤ 1767 ਬਿਕ੍ਰਮੀ, ਮੰਗਲਵਾਰ 30 ਮਈ, 1710 ਈ. ਤੇ 12 ਰੱਬੀ-ਉਲ-ਆਖਰ ਸੰਨ 1112 ਹਿਜਰੀ ਦੇ ਬਰਾਬਰ ਹੈ। ਇਥੇ ਮੈਂ ਇਹ ਦੱਸ ਦੇਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਰਤਨ ਸਿੰਘ ਦੇ 'ਪੰਥ ਪ੍ਰਕਾਸ਼' ਦੀਆਂ ਤਰੀਕਾਂ ਸਭ ਦੀਆਂ ਸਭ ਹੀ ਠੀਕ ਹਨ।'' ਗਿਆਨੀ ਸਿੰਘ ਅਨੁਸਾਰ ''ਜੇਠ ਵਦੀ 14 ਸੰਮਤ 1765 ਬਿ. (ਮੁਤਾਬਕ ਮਈ, 1708 ਈ.) ਨੂੰ ਸਿੰਘ ਸਰਹਿੰਦ ਸ਼ਹਿਰ ਵਿਚ ਜਾ ਵੜੇ।'' ਸੋਹਣ ਸਿੰਘ ਨੇ ਵੀ ਆਪਣੀ ਪੁਸਤਕ ਵਿਚ ਇਸ ਲੜਾਈ ਦੀ ਮਿਤੀ ਕਰਮ ਸਿੰਘ ਹਿਸਟੋਰੀਅਨ ਵਾਲੀ 30 ਮਈ, 1710 ਈ. ਹੀ ਦਿੱਤੀ ਹੈ।
ਇਸ ਤਰ੍ਹਾਂ ਉਕਤ ਸਾਰੇ ਲੇਖਕਾਂ ਦੀਆਂ ਮਿਤੀਆਂ ਗਲਤ ਹਨ। ਅਖ਼ਬਾਰ-ਏ-ਦਰਬਾਰ-ਏ-ਮੁਅੱਲਾ, ਜਿਹੜਾ ਕਿ ਉਨ੍ਹਾਂ ਖ਼ਬਰਾਂ ਦਾ ਸੰਗ੍ਰਹਿ ਹੈ ਜਿਹੜੀਆਂ ਬੰਦਾ ਸਿੰਘ ਬਹਾਦਰ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਖੁਫ਼ੀਆਂ ਖ਼ਬਰਾਂ ਦੇ ਰੂਪ ਵਿਚ ਬਾਦਸ਼ਾਹ ਨੂੰ ਭੇਜੀਆਂ ਜਾਂਦੀਆਂ ਸਨ, ਇਸ ਲੜਾਈ ਦੀ ਮਿਤੀ ਬਹੁਤ ਹੀ ਸਪਸ਼ਟ ਰੂਪ ਵਿਚ 22 ਮਈ, 1710 ਈ. ਦੀ ਦਿੰਦਾ ਹੈ। ਗੁਰਦੇਵ ਸਿੰਘ ਦਿਉਲ ਵੀ ਆਪਣੀ ਪੁਸਤਕ ਵਿਚ ਇਸੇ ਮਿਤੀ ਦੀ ਪਰੋੜਤਾ ਕਰਦਾ ਹੈ।
12 ਮਈ, 1710 ਨੂੰ ਤਾਂ ਬਾਦਸ਼ਾਹ ਪਾਸ ਸਰਹਿੰਦ ਦੇ ਇਲਾਕੇ ਵਿਚ ਬੰਦਾ ਸਿੰਘ ਦੇ ਪਰਗਟ ਹੋਣ ਦੀ ਖ਼ਬਰ ਪੇਸ਼ ਕੀਤੀ ਗਈ ਸੀ। ਜਿਵੇਂ ਕਿ ਪਿਛੇ ਇਸ ਬਾਰੇ ਦੱਸਿਆ ਜਾ ਚੁੱਕਿਆ ਹੈ। ਇਸੇ ਹੀ ਲਿਖਤ ਵਿਚ 27 ਮਈ ਦੀ ਖ਼ਬਰ ਤੋਂ ਇਹ ਪਤਾ ਲਗਦਾ ਹੈ ਕਿ ਵਜ਼ੀਰ ਖਾਨ ਮਾਰਿਆ ਗਿਆ ਹੈ ਅਤੇ ਸਰਹਿੰਦ ਜਿੱਤਿਆ ਜਾ ਚੁੱਕਿਆ ਹੈ। ਕਿਉਂਕਿ ਪੇਸ਼ ਕੀਤੀ ਗਈ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਕਿਸੇ ਸਫ਼-ਸਿਕਨ ਖਾਨ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਸ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕਰ ਦਿੱਤਾ ਜਾਵੇ ਤਾਂ ਉਹ ਬੰਦਾ ਸਿੰਘ ਨੂੰ ਕਾਬੂ ਕਰ ਸਕਦਾ ਹੈ। ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਸਰਹਿੰਦ ਨੂੰ 12 ਮਈ ਤੋਂ ਲੈ ਕੇ 27 ਮਈ ਦੇ ਵਿਚਕਾਰ ਫਤਹਿ ਕੀਤਾ ਗਿਆ ਸੀ। ਇਸ ਪੱਖ ਤੋਂ ਇਰਵਿਨ ਦੀ ਮਿਤੀ 22 ਮਈ, 1710 ਜ਼ਿਆਦਾ ਠੀਕ ਮਾਲੂਮ ਹੁੰਦੀ ਹੈ। ਇਸ ਦੇ ਨਾਲ ਹੀ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਇਕ ਥਾਂ ਤੇ ਬਾਦਸਾਹ ਨੂੰ ਇਹ ਰਿਪੋਰਟ ਵੀ ਪੇਸ਼ ਕੀਤੀ ਜਾਣ ਬਾਰੇ ਲਿਖਿਆ ਗਿਆ ਹੈ ਜਿਸ ਵਿਚ ਬਾਦਸ਼ਾਹ ਨੂੰ ਸਿੱਖਾਂ ਵੱਲੋਂ ਸਰਹਿੰਦ ਨੂੰ ਜਿੱਤਣ ਦੀ ਪੂਰੀ ਵਿਸਥਾਰ ਸਹਿਤ ਜਾਣਕਾਰੀ ਪੇਸ਼ ਕੀਤੀ ਸੀ। ਇਸ ਜਾਣਕਾਰੀ ਅਨੁਸਾਰ ''ਸ਼ਾਹੂਕਾਰਾਂ ਦੇ ਪੱਤਰਾਂ ਤੋਂ ਪਤਾ ਲੱਗਿਆ ਹੈ ਕਿ ਸਿੱਖਾਂ ਅਤੇ ਵਜ਼ੀਰ ਖਾਨ ਵਿਚਕਾਰ ਲੜਾਈ 22 ਮਈ ਨੂੰ ਹੋਈ ਸੀ। ਇਹ ਲੜਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦੀ ਰਹੀ ਸੀ। ਵਜ਼ੀਰ ਖਾਨ ਤੀਰ ਨਾਲ ਅਤੇ ਬੰਦੂਕ ਦੀ ਗੋਲੀ ਨਾਲ ਮਾਰਿਆ ਗਿਆ ਸੀ। ਕੁਝ ਲੋਕ ਦਸਦੇ ਸਨ ਕਿ ਵਜ਼ੀਰ ਖਾਨ ਦੇ ਪੁੱਤਰ ਅਤੇ ਉਸ ਦੀ ਜ਼ਨਾਨੀ ਵੀ ਲੜਾਈ ਵਿਚ ਮਾਰੇ ਗਏ ਸਨ ਪਰ ਕੁਝ ਲੋਕਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਜਿਊਂਦਿਆਂ ਨੂੰ ਹੀ ਪਕੜ ਲਿਆ ਗਿਆ ਸੀ। ਵਜ਼ੀਰ ਖਾਨ ਨੇ ਬਹੁਤ ਸਾਰੇ ਸਾਥੀ ਅਤੇ ਦੋਸਤ-ਮਿੱਤਰ ਵੀ ਮਾਰੇ ਗਏ ਅਤੇ ਜ਼ਖਮੀ ਹੋ ਗਏ ਸਨ। ਸਿੱਖਾਂ ਨੇ ਪੂਰੀ ਤਰ•ਾਂ ਸਰਹਿੰਦ ਉਪਰ ਕਬਜਾ ਕਰ ਲਿਆ ਸੀ।''
ਇਸ ਤਰ੍ਹਾਂ 22 ਮਈ ਦੀ ਚੜ•ਦੀ ਸਵੇਰ ਨੂੰ ਬੰਦਾ ਸਿੰਘ ਬਹਾਦਰ ਨੇ 'ਬੋਲੇ ਸੋ ਨਿਹਾਲ' ਦਾ ਜੈਕਾਰਾ ਬੁਲਾ ਕੇ ਸਿੰਘਾਂ ਨੂੰ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਦੇਖਦਿਆਂ ਹੀ ਦੇਖਦਿਆਂ ਸਿੰਘਾਂ ਦੇ ਦਲ ਦੁਸ਼ਮਣ ਉਪਰ ਟੁੱਟ ਕੇ ਪੈ ਗਏ। ਇਸੇ ਘੜੀ ਨੂੰ ਤਾਂ ਸਿੰਘ ਉਡੀਕ ਰਹੇ ਸਨ। ਨਾ ਉਨ•ਾਂ ਨੂੰ ਵਜ਼ੀਰ ਖਾਂ ਦੇ ਹਾਥੀ ਰੋਕ ਰਹੇ ਸਨ ਅਤੇ ਨਾ ਹੀ ਵਜ਼ੀਰ ਖਾਂ ਦੀਆਂ ਤੋਪਾਂ। ਸਿੰਘਾਂ ਲਈ ਬੰਦਾ ਸਿੰਘ ਬਹਾਦੁਰ ਦਾ ਉਨ੍ਹਾਂ ਦੇ ਵਿਚ ਹੋਣਾ ਵੀ ਕਾਫੀ ਸੀ। ਇਹ ਠੀਕ ਹੈ ਕਿ ਹਾਥੀਆਂ ਦੀ ਲਾਈਨ ਨੂੰ ਤੋੜਨਾਂ ਸਿੰਘਾਂ ਲਈ ਬਹੁਤ ਮੁਸ਼ਕਲ ਸੀ ਪਰ ਜਿਥੇ ਲੜ-ਮਰਨ ਦਾ ਜਜ਼ਬਾ ਹੋਵੇ ਉਥੇ ਕੋਈ ਵੀ ਚੀਜ਼ ਰਸਤੇ ਦਾ ਰੋੜਾ ਨਹੀਂ ਬਣ ਸਕਦੀ। ਇਹ ਹੱਥੋਂ-ਹੱਥ ਦੀ ਗਹਿਗੱਚਵੀਂ ਲੜਾਈ ਸੀ। ਸਿੰਘਾਂ ਲਈ ਭੱਜਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿਉਂਕਿ ਉਹ ਹੀ ਤਾਂ ਪਹਿਲ ਕਰਕੇ ਆਏ ਸਨ ਅਤੇ ਆਪਣੇ ਗੁਰੂ ਦੇ ਦੋ ਛੋਟੇ ਨਾਬਾਲਗ ਬੱਚਿਆਂ ਦੀ ਦਰਦਭਰੀ ਮੌਤ ਦਾ ਬਦਲਾ ਲੈਣ ਆਏ ਸਨ। ਉਨ੍ਹਾਂ ਲਈ ਭੱਜਣ ਨਾਲੋਂ ਲੜ ਕੇ ਸ਼ਹੀਦ ਹੋ ਜਾਣਾ ਜ਼ਿਆਦਾ ਚੰਗਾ ਸੀ। ਇਸ ਲਈ ਸਿੰਘ ਸਿਰਫ਼ ਜਿੱਤਣ ਲਈ ਜਾਂ ਸ਼ਹੀਦ ਹੋਣ ਲਈ ਹੀ ਲੜ ਰਹੇ ਸਨ।

ਦੂਜੇ ਪਾਸੇ ਮੁਗ਼ਲ ਸੈਨਾ ਸੀ ਜਿਹੜੀ ਸਿਰਫ਼ ਬਚਾਓ ਦੀ ਲੜਾਈ ਲੜ ਰਹੀ ਸੀ। ਉਸ ਲਈ ਇਹ ਖ਼ਾਹਮਖ਼ਾਹ ਦੀ ਬਿਪਤਾ ਸੀ। ਦੋਵਾਂ ਧਿਰਾਂ ਵਿਚਕਾਰ ਲੜਾਈ ਪ੍ਰਤੀ ਜਦੋਂ ਇਤਨਾ ਫ਼ਰਕ ਹੋਵੇ ਤਾਂ ਲੜਾਈ ਦੇ ਨਤੀਜਿਆਂ ਦਾ ਪਤਾ ਹੀ ਹੁੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੀਕ ਲੜਾਈ ਹੁੰਦੀ ਰਹੀ। ਬੰਦਾ ਸਿੰਘ ਇਕ ਭੁੱਖੇ ਸ਼ੇਰ ਵਾਂਗ ਦੁਸ਼ਮਣ ਉਪਰ ਝਪਟਾਂ ਲੈ ਲੈ ਕੇ ਪੈਂਦਾ ਸੀ। ਭਾਈ ਬਾਜ ਸਿੰਘ ਅਤੇ ਫਤਹਿ ਸਿੰਘ ਬੰਦਾ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੇ ਸਨ। ਬੰਦਾ ਸਿੰਘ ਵੀ ਆਪਣੇ ਸਹਾਇਕ ਕਮਾਂਡਰਾਂ ਨਾਲ ਘਿਰਿਆ ਖਾਲਸਾ ਦਲ ਦੇ ਅੱਗੇ ਸੀ ਅਤੇ ਵਜ਼ੀਰ ਖਾਂ ਵੀ ਅੱਗੇ ਹੋ ਕੇ ਆਪਣੀ ਫੌਜ ਨੂੰ ਲੜਾ ਰਿਹਾ ਸੀ। ਹੱਥੋ-ਹੱਥੀ ਦੀ ਇਸ ਲੜਾਈ ਵਿਚ ਬੰਦਾ ਸਿੰਘ ਵਜ਼ੀਰ ਖਾਂ ਨੂੰ ਲਲਕਾਰ ਕੇ ਕਿਹਾ ''ਪਾਪੀਆਂ : ਤੂੰ ਮੇਰੇ ਗੁਰੂ ਗੋਬਿੰਦ ਸਿੰਘ ਦਾ ਦੁਸ਼ਮਣ ਹੈਂ। ਤੂੰ ਉਹਨਾਂ ਨੂੰ ਯਥਾਯੋਗ ਸਨਮਾਨ ਨਹੀਂ ਦਿੱਤਾ, ਬਲਕਿ ਉਨ੍ਹਾਂ ਦੇ ਦੋ ਮਾਸੂਮ ਸਾਹਿਬਜ਼ਾਦਿਆਂ ਨੂੰ ਕਤਲ ਕਰਵਾ ਦਿੱਤਾ। ਇਹ ਕਾਰਾ ਕਰਕੇ ਤੂੰ ਇਕ ਬੱਜਰ ਅਤੇ ਮੁਆਫ਼ ਨਾ ਕੀਤਾ ਜਾ ਸਕਣ ਵਾਲਾ ਗੁਨਾਹ ਕੀਤਾ ਹੈ। ਮੈਂ ਹੁਣ ਤੈਨੂੰ ਇਸੇ ਗੁਨਾਹ ਦੀ ਸਜ਼ਾ ਦੇਣ ਲੱਗਿਆ ਹਾਂ। ਤੇਰੀ ਫੌਜ ਅਤੇ ਤੇਰਾ ਮੁਲਕ ਹੁਣ ਮੇਰੇ ਹੱਥੋਂ ਤਬਾਹ ਹੋ ਜਾਣਗੇ।'' ਬੰਦਾ ਸਿੰਘ ਨੇ ਤਲਵਾਰ ਦੇ ਇਕੋ ਭਰਵੇਂ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਇਹ ਦੇਖ ਕੇ ਮੁਗ਼ਲ ਸੈਨਾ ਮੈਦਾਨ ਛੱਡ ਕੇ ਨੱਠ ਗਈ। ਸਿੰਘਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਘੋੜੇ, ਹਥਿਆਰ, ਤੰਬੂ, ਤੋਪਾਂ ਅਤੇ ਦੂਜਾ ਜੰਗੀ ਸਮਾਨ ਆਪਣੇ ਕਬਜ਼ੇ ਵਿਚ ਕਰ ਲਿਆ। ਤਦ ਸਿੰਘ ਜੇਤੂ ਰੂਪ ਵਿਚ ਸਰਹਿੰਦ ਵੱਲ ਵਧੇ।

ਭਾਵੇਂ ਲੇਖਕਾਂ ਵਿਚ ਇਸ ਤੱਥ ਬਾਰੇ ਵੱਖ-ਵੱਖ ਰਾਵਾਂ ਹਨ ਕਿ ਵਜ਼ੀਰ ਖਾਨ ਨੂੰ ਕਿਸ ਨੇ ਮਾਰਿਆ ਸੀ। ਇਹ ਰਾਵਾਂ ਇਸ ਤਰ੍ਹਾਂ ਹਨ : ਸਰੂਪ ਦਾਸ ਭੱਲਾ ਅਨੁਸਾਰ ਵਜ਼ੀਰ ਖਾਂ ਦੀ ਮੌਤ ਬੰਦਾ ਸਿੰਘ ਦੇ ਹੱਥੋਂ ਹੀ ਹੋਈ ਸੀ। ਖ਼ਾਫ਼ੀ ਖਾਂ ਦੇ ਅਨੁਸਾਰ ਵਜ਼ੀਰ ਖਾਂ ਇਕ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ ਸੀ। ਅਹਿਵਾਲਿਸਲਾਤੀਨ-ਏ-ਹਿੰਦ ਅਨੁਸਾਰ 'ਸਿੰਘ ਤੇ ਮੁਸਲਿਮ ਫੌਜੀ ਇਕ ਦੂਜੇ ਦੇ ਸਾਹਮਣੇ ਹੋ ਕੇ ਹੱਥੋ-ਹੱਥ ਲੜਾਈ ਕਰ ਰਹੇ ਸਨ। ਮੁਸਲਿਮ ਫੌਜਾਂ ਦੇ ਕਮਾਂਡਰ ਇਤਨੀ ਦਲੇਰੀ ਨਾਲ ਲੜ ਰਹੇ ਸਨ ਕਿ ਕਾਫਰਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਸਨ। ਸਾਰੇ ਪਾਸੇ ਕਿਆਮਤ ਦੇ ਦਿਨਾਂ ਦੀ ਕੁਰਲਾਹਟ ਸੀ। ਅੰਤ ਵਿਚ ਸਾਰੀ ਮੁਸਲਿਮ ਸੈਨਾ ਤਬਾਹ ਕਰ ਦਿੱਤੀ ਗਈ। ਵਜ਼ੀਰ ਖਾਂ ਬਾਜ ਸਿੰਘ ਦੇ ਸਾਹਮਣੇ ਆਇਆ। ਉਸ ਨੇ ਬਾਜ ਸਿੰਘ ਨੂੰ ਲਲਕਾਰ ਕੇ ਕਿਹਾ 'ਓ ਗੰਦੇ ਕੁੱਤੇ! ਹੁਸ਼ਿਆਰ ਹੋ ਜਾ।' ਇਹ ਕਹਿੰਦਿਆਂ ਉਸ ਨੇ ਨੇਜੇ ਨਾਲ ਵਾਰ ਕੀਤਾ। ਬਾਜ ਸਿੰਘ ਨੇ ਨੇਜਾ ਆਪਣੇ ਹੱਥ ਵਿਚ ਪਕੜ ਲਿਆ। ਫਿਰ ਵਜ਼ੀਰ ਖਾਂ ਨੇ ਇਕ ਤੀਰ ਬਾਜ ਸਿੰਘ ਦੀ ਬਾਂਹ ਵਿਚ ਮਾਰਿਆ। ਫਿਰ ਉਹ ਆਪਣੀ ਤਲਵਾਰ ਨਾਲ ਬਾਜ ਸਿੰਘ ਉਤੇ ਝਪਟਿਆ। ਫਤਹਿ ਸਿੰਘ ਵਜ਼ੀਰ ਖਾਂ ਦੇ ਪਿੱਛੇ ਆ ਗਿਆ ਸੀ। ਉਸ ਨੇ ਪੂਰੇ ਜ਼ੋਰ ਨਾਲ ਤਲਵਾਰ ਵਜ਼ੀਰ ਖਾਂ ਦੇ ਮੋਢੇ ਵਿਚ ਮਾਰੀ ਅਤੇ ਤਲਵਾਰ ਉਸ ਦੇ ਮੋਢੇ ਨੂੰ ਚੀਰਦੀ ਹੋਈ ਕਮਰ ਤੱਕ ਚਲੀ ਗਈ। ਵਜ਼ੀਰ ਖਾਂ ਮਾਰਿਆ ਗਿਆ ਸੀ। ਵਿਲੀਅਮ ਇਰਵਿਨ ਲੜਾਈ ਦਾ ਹਾਲ ਦੱਸਦਿਆਂ ਲਿਖ ਰਿਹਾ ਹੈ ਕਿ 'ਪਹਿਲਾਂ ਪਹਿਲਾਂ' ਵਜ਼ੀਰ ਖਾਨ ਦੀ ਸੈਨਾ ਅਗੇ ਵਧਦੀ ਪਰਤੀਤ ਹੋ ਰਹੀ ਸੀ ਪਰ ਜਿਉਂ ਹੀ ਬੰਦੇ ਨੇ ਮੁਗਲ ਫੌਜ ਦੇ ਪਿਛਲੇ ਹਿੱਸੇ ਤੇ ਇਕ ਦਮ ਹਮਲਾ ਕੀਤਾ ਤਾਂ ਉਸ ਦੇ ਪੈਰ ਹਿੱਲ ਗਏ ਸਨ। ਸਿੱਖਾਂ ਨੇ ਤੋੜੇਦਾਰ ਬੰਦੂਕਾਂ ਨਾਲ ਹਾਥੀਆਂ ਦੇ ਦਸਤੇ ਉਪਰ ਹਮਲਾ ਕੀਤਾ ਅਤੇ ਮਾਲੇਰਕੋਟਲੇ ਦੇ ਨਵਾਬ ਹੋਰਨਾਂ ਜਰਨੈਲਾਂ ਸਮੇਤ ਮਾਰੇ ਗਏ ਸਨ। ਵਜ਼ੀਰ ਖਾਨ 80 ਸਾਲ ਦੀ ਉਮਰ ਦਾ ਸੀ। ਉਸ ਨੇ ਆਪਣੀ ਫੌਜ ਨੂੰ ਲੜਾਉਣ ਲਈ ਬੜੀ ਕੋਸ਼ਿਸ਼ ਕੀਤੀ ਪਰ ਅਖੀਰ ਨੂੰ ਉਹ ਵੀ ਇਕ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ।

ਇਸ ਤਰ੍ਹਾਂ ਵਜ਼ੀਰ ਖਾਨ ਨੂੰ ਮਾਰੇ ਜਾਣ ਸਬੰਧੀ ਵੱਖ-ਵੱਖ ਵਿਚਾਰ ਹਨ। ਵੈਸੇ ਮਹੱਤਤਾ ਇਸ ਗੱਲ ਦੀ ਨਹੀਂ ਕਿ ਵਜ਼ੀਰ ਖਾਂ ਕਿਸੇ ਨੇ ਮਾਰਿਆ ਸੀ ਜਾਂ ਕਿਸ ਨੇ ਨਹੀਂ ਮਰਿਆ ਸੀ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਜਿੱਤ ਸਿੰਘਾਂ ਦੀ ਹੋਈ ਅਤੇ ਵਜ਼ੀਰ ਖਾਂ ਮਾਰਿਆ ਗਿਆ ਸੀ। ਸੰਭਵਤਾ ਇਹ ਹੀ ਹੈ ਕਿ ਇਕ ਨੇਤਾ ਨੇ ਦੂਜੇ ਨੇਤਾ ਨੂੰ ਮਾਰ ਦਿੱਤਾ ਸੀ। ਬੰਦਾ ਸਿੰਘ ਬਹਾਦੁਰ ਨਾ ਹੀ ਤਾਂ ਵਜ਼ੀਰ ਖਾਂ ਤੋਂ ਪਰ੍ਹੇ ਹੋ ਕੇ ਖੜ• ਸਕਦਾ ਸੀ ਅਤੇ ਨਾ ਹੀ ਉਸ ਦੇ ਸਾਹਮਣੇ ਹੋ ਕੇ ਉਸ ਨੂੰ ਮਾਰੇ ਬਗੈਰ ਰਹਿ ਸਕਦਾ ਸੀ। ਖਾਫ਼ੀ ਖਾਂ ਮਿਲਖਦਾ ਹੈ ਕਿ 'ਧਨ-ਮਾਲ, ਘੋੜੇ, ਹਾਥੀ ਬੇਦੀਨਿਆਂ ਦੇ ਹੱਥ ਆਏ ਅਤੇ ਇਸਲਾਮੀ ਸੈਨਾ ਦਾ ਇਕ ਵੀ ਬੰਦਾ ਜਾਨ ਤੇ ਤਨ ਦੇ ਕੱਪੜਿਆਂ ਤੋਂ ਬਿਨਾਂ ਕੁਝ ਵੀ ਬਚਾਅ ਨਾ ਸਕਿਆ। ਵੱਡੀ ਗਿਣਤੀ ਵਿਚ ਪਿਆਦੇ ਤੇ ਘੋੜ-ਚੜ੍ਹੇ, ਕਾਫਰਾਂ ਦੀਆਂ ਤਲਵਾਰਾਂ ਦਾ ਸ਼ਿਕਾਰ ਬਣੇ ਜਿਨ੍ਹਾਂ ਨੇ ਉਨ੍ਹਾਂ ਦਾ ਸਰਹਿੰਦ ਤੱਕ ਪਿੱਛਾ ਕੀਤਾ। ਵਜ਼ੀਰ ਖਾਂ ਦੀ ਫੌਜ ਬੁਰੀ ਤਰ੍ਹਾਂ ਹਾਰ ਗਈ ਸੀ। ਜੇਤੂ ਬੰਦਾ ਸਿੰਘ ਅਤੇ ਉਸ ਦੇ ਸਿੰਘ ਜੰਗ ਦੇ ਮੈਦਾਨ ਦੇ ਮਾਲਕ ਸਨ। ਉਨ੍ਹਾਂ ਨੇ ਜਿੱਤ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ 'ਫਤਹਿ' 'ਫਤਹਿ' ਦੇ ਆਵਾਜ਼ਿਆਂ ਨਾਲ ਅਕਾਸ਼ ਗੂੰਜਾ ਦਿੱਤਾ ਸੀ।

ਇਥੇ ਚੱਪੜ-ਚਿੜੀ ਵਿਖੇ ਵਰਤਮਾਨ ਗੁਰੁ ਨਾਨਕ ਫਾਊਂਡੇਸ਼ਨ ਪਬਲਿਕ ਸੂਕਲ ਦੀ ਹੱਦ ਅੰਦਰ ਇਕ ਪੁਰਾਣਾ ਜੰਡ ਦਾ ਦਰੱਖਤ ਹੈ। ਦੱਸਿਆ ਜਾਂਦਾ ਹੈ ਕਿ ਇਹ ਜੰਡ ਉਸ ਜੰਡ ਦੀ ਜੜ• ਵਿਚੋਂ ਉਗਿਆ ਹੋਇਆ ਹੈ ਜਿਸ ਨਾਲ ਬੰਦਾ ਸਿੰਘ ਨੇ ਵਜ਼ੀਰ ਖਾਨ ਦੀ ਲਾਸ਼ ਨੂੰ ਪੁੱਠਾ ਟੰਗ ਕੇ ਰੱਖਿਆ ਸੀ। ਫਿਰ ਜਦੋਂ ਖਾਲਸਾ ਦਲ ਸਰਹਿੰਦ ਵੱਲ ਰਵਾਨਾ ਹੋਇਆ ਸੀ ਤਾਂ ਵਜ਼ੀਰ ਖਾਂ ਦੀ ਮੁਰਦਾ ਲਾਸ਼ ਨੂੰ ਇਥੋਂ ਲਾਹ ਕੇ ਘੋੜੇ ਦੇ ਪਿੱਛੇ ਜਾਂ ਬਲਦਾਂ ਦੇ ਪਿੱਛੇ ਰੱਸਿਆਂ ਨਾਲ ਬੰਨ• ਕੇ ਸਰਹਿੰਦ ਤੀਕ ਘੜੀਸ ਕੇ ਲਿਆਂਦਾ ਗਿਆ ਸੀ। ਚੱਪੜ-ਚਿੜੀ ਤੋਂ ਸਰਹਿੰਦ ਤਕੀਰਬਨ 18-19 ਕਿਲੋਮਟੀਰ ਹੋਵੇਗੀ। ਭਾਵੇਂ ਇਥੇ ਵੀ ਸ਼ਹਿਰ ਦੀ ਅਤੇ ਕਿਲ੍ਹੇ ਦੀ ਪੂਰਬੀ ਮੋਰਚਾਬੰਦੀ ਕੀਤੀ ਹੋਈ ਸੀ ਅਤੇ ਕਿਲ੍ਹੇ ਤੋਂ ਸਿੰਘਾਂ ਉਪਰ ਤੋਪਾਂ ਤੇ ਗੋਲੇ ਵੀ ਸੁੱਟੇ ਗਏ ਸਨ ਪਰ ਸਿੰਘ ਜਿਸ ਜੋਸ਼ ਨਾਲ ਲੜ ਰਹੇ ਸਨ ਉਸ ਨੂੰ ਕਿਲ੍ਹੇ ਦੀਆਂ ਤੋਪਾਂ ਵੀ ਕੁਝ ਨਹੀਂ ਕਰ ਸਕੀਆਂ ਸਨ। ਵਜ਼ੀਰ ਖਾਂ ਦੇ ਹਿੰਦੂ ਅਧਿਕਾਰੀ ਦੀਵਾਨ ਸੁੱਚਾ ਨੰਦ ਨੂੰ ਫੜ ਲਿਆ ਗਿਆ ਸੀ। ਇਸ ਦੇ ਨੱਕ ਵਿਚੋਂ ਗਲੀ ਕੱਢ ਕੇ ਲੋਹੇ ਦਾ ਕੁੰਡਾ ਪਾਇਆ ਗਿਆ ਸੀ। ਇਸ ਕੁੰਡੇ ਨੂੰ ਰੱਸੀ ਨਾਲ ਬੰਨ• ਕੇ ਸਰਹਿੰਦ ਦੀਆਂ ਗਲੀਆਂ ਵਿਚ ਫਿਰਾਇਆ ਗਿਆ ਸੀ। ਹਰ ਘਰ ਅਤੇ ਦੁਕਾਨ ਤੋਂ ਭੀਖ ਮੰਗਵਾ ਕੇ ਅਖੀਰ ਸੁੱਚਾ ਨੰਦ ਨੂੰ ਛਿੱਤਰ ਮਾਰ ਮਾਰ ਕੇ ਮਾਰ ਦਿੱਤਾ ਗਿਆ ਸੀ। ਵਜ਼ੀਰ ਖਾਂ ਦਾ ਇਕ ਪੁੱਤਰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦਿੱਲੀ ਨੂੰ ਭੱਜ ਗਿਆ ਸੀ।

ਲੜਾਈ ਵਿਚ ਸ਼ਹੀਦ ਹੋਏ ਸਿੰਘਾਂ ਅਤੇ ਮੁਗ਼ਲ ਸਿਪਾਹੀਆਂ ਦਾ ਉਨ੍ਹਾਂ ਦੀਆਂ ਰਸਮਾਂ ਅਨੁਸਾਰ ਸੰਸਕਾਰ ਕੀਤਾ ਗਿਆ। ਮੁਗਲ ਸਿਪਾਹੀਆਂ ਨੂੰ ਇਥੇ ਹੀ ਮੁਸਲਮਾਨੀ ਪਿੰਡਾਂ ਦੀਆਂ ਕਬਰਾਂ ਵਿਚ ਦਫ਼ਨਾਇਆ ਗਿਆ ਸੀ। ਜਿਥੋਂ ਤੱਕ ਸਰਹਿੰਦ ਦੇ ਸੂਬੇਦਾਰ, ਵਜ਼ੀਰ ਖਾਂ ਦੇ ਦਫ਼ਨਾਉਣ ਦਾ ਮਸਲਾ ਹੈ ਉਸ ਨੂੰ ਦਫ਼ਨਾਇਆ ਨਹੀਂ ਗਿਆ ਸੀ। ਇਸ ਦੀ ਅਤੇ ਇਸ ਦੇ ਦੀਵਾਨ ਸੁੱਚਾ ਨੰਦ ਦੀਆਂ ਲਾਸ਼ਾਂ ਨੂੰ ਕੱਟ-ਕੱਟ ਕੇ ਕੁੱਤਿਆਂ ਨੂੰ ਖੁਆਇਆ ਗਿਆ ਸੀ। ਸਰਹਿੰਦ ਵਿਚ ਕਿਧਰੇ ਵੀ ਵਜ਼ੀਰ ਖਾਨ ਦੀ ਕਬਰ ਨਹੀਂ ਹੈ। ਜਦੋਂ ਕਿ ਸ਼ਹੀਦ ਹੋਏ ਸਿੰਘਾਂ ਨੂੰ ਸੁਹਾਣਾ, ਚੰਡੀਗੜ• ਦੇ ਸੈਕਟਰ 44 ਦੇ ਗੁਰਦੁਆਰਾ ਸ਼ਹੀਦਾਂ ਵਾਲੀ ਥਾਂ ਅਤੇ ਮਾਣਕ ਮਾਜਰਾ ਪਿੰਡਾਂ ਵਿਚ ਸੰਸਕਾਰਿਆ ਗਿਆ ਸੀ। ਇਨ੍ਹਾਂ ਤਿੰਨਾਂ ਥਾਵਾਂ ਤੇ ਹੀ ਅਜ ਕੱਲ• ਗੁਰਦੁਆਰੇ ਹਨ। ਇਨ੍ਹਾਂ ਗੁਰਦੁਆਰਿਆਂ ਨੂੰ ਸ਼ਹੀਦਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

No comments: