Thursday, December 9, 2010
ਪੰਜਾਬੀ ਸਾਹਿਤ ਦੇ ਮਹਾਨ ਲੇਖਕ ਓਮ ਪ੍ਰਕਾਸ਼ ਗਾਸੋ ਦੀ ਪੋਤੀ ਦਾ ਵਿਆਹ
ਵਿਆਹ ਸ਼ਬਦ ਹੀ ਅਜਿਹਾ ਹੈ, ਜਿਸਨੂੰ ਸੁਣਦਿਆਂ ਹੀ ਹਰੇਕ ਦੇ ਕੰਨਾਂ ਵਿਚ ਸਹਿਨਾਈਆਂ ਦੀ ਆਵਾਜ਼ ਗੂੰਜਣ ਲੱਗਦੀ ਹੈ। ਮੈਨੂੰ ਹਾਲ ਹੀ ਵਿਚ ਇਕ ਅਜਿਹੇ ਵਿਆਹ 'ਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਦੀਆਂ ਕੁਝ ਵਿਲੱਖਣ ਤੇ ਦਿਲਚਸਪ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨ ਨੂੰ ਮਨ ਕਰ ਆਇਆ ਹੈ, ਕਿਉਂਕਿ ਇਹ ਵਿਆਹ ਪੰਜਾਬੀ ਸਾਹਿਤ ਦੇ ਮਹਾਨ ਲੇਖਕ ਓਮ ਪ੍ਰਕਾਸ਼ ਗਾਸੋ ਦੀ ਪੋਤੀ ਦਾ ਵਿਆਹ ਹੋਣ ਕਰਕੇ ਅਜਿਹੀਆਂ ਯਾਦਾਂ ਛੱਡ ਗਿਆ, ਜੋ ਆਮ ਵਿਆਹਾਂ ਨਾਲੋਂ ਹਟਵੀਆਂ ਤਾਂ ਹਨ ਹੀ, ਸਗੋਂ ਆਪਣੇ-ਆਪ ਵਿਚ ਕਈ ਮਿਸਾਲਾਂ ਅਤੇ ਨਵੀਆਂ ਲੀਹਾਂ ਵੀ ਸਿਰਜਦੀਆਂ ਹਨ। ਇਸ ਵਿਆਹ ਤੋਂ ਕਈ ਦਿਨ ਪਹਿਲਾਂ ਮੈਨੂੰ ਸ੍ਰੀ ਗਾਸੋ ਸਾਹਿਬ ਦਾ ਫੋਨ ਆਇਆ ‘‘ਪੁੱਤਰਾ! ਕਿਥੇ ਐ ਤੂੰ, ਮੈਂ ਤੈਨੂੰ ਹੁਣੇ ਮਿਲਣੈ''। ਮੈਂ ਕਿਸੇ ਕੰਮ ਕਾਰਨ ਬਜ਼ਾਰ ਵਿਚ ਗਿਆ ਹੋਣ ਕਰਕੇ ਕਿਹਾ ‘‘ਬਾਪੂ! ਮੈਂ ਪੰਦਰਾਂ ਕੁ ਮਿੰਟਾਂ 'ਚ ਆਪਣੇ ਦਫ਼ਤਰ ਪਹੁੰਚਦਾ, ਹਾਂ ਤੁਸੀਂ ਉਥੇ ਆ ਜਾਓ''। ਫੋਨ ਕਰਨ ਤੋਂ ਕਰੀਬ ਅੱਧੇ ਘੰਟੇ ਉਪਰੰਤ ਗਾਸੋ ਸਾਹਿਬ ਮੋਢੇ ਝੋਲਾ ਪਾਈ ਮੇਰੇ ਦਫ਼ਤਰ ਆ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਆਏ ਲੋਕ ਗਾਇਕ ਰੰਗੀਲਾ, ‘ਜੋ ਰੋਜੀ ਰੋਟੀ ਲਈ ‘ਰੰਗੀਲਾ ਸਟੂਡੀਓ' ਨਾਮ ਦੀ ਫੋਟੋਗ੍ਰਾਫਰੀ ਦੀ ਦੁਕਾਨ ਕਰਦਾ ਹੈ, ਨੇ ਕੁਝ ਵਿਆਹ ਦੇ ਕਾਰਡ ਅਤੇ ਇਕੱਲੀਆਂ-ਇਕੱਲੀਆਂ ਪੈਕਿੰਗ ਕੀਤੀਆਂ ਕਿਤਾਬਾਂ ਦਾ ਥੱਬਾ ਮੇਰੇ ਮੇਜ਼ 'ਤੇ ਲਿਆ ਧਰਿਆ। ਮੇਰੇ ਦੁਆ ਸਲਾਮ ਕਰਨ ਤੋਂ ਬਾਅਦ ਗਾਸੋ ਸਾਹਿਬ ਕਹਿਣ ਲੱਗੇ ‘‘ਪੁੱਤਰਾ! ਤੇਰੀ ਡਿਊਟੀ ਲਾਉਣੀ ਐ, ਆਹ ਮੇਰੀ ਪੋਤੀ ਦੇ ਵਿਆਹ ਦੇ ਕਾਰਡ ਨੇ, ਇਹਨਾਂ ਨਾਲ ਆਹ ਇਕ-ਇਕ ਕਿਤਾਬ ਤੇ ਇਕ-ਇਕ ਮਿਠਿਆਈ ਦਾ ਡੱਬਾ ਸਾਰੇ ਕਲਾਕਾਰਾਂ ਨੂੰ ਤੂੰ ਦੇ ਕੇ ਆਉਣੈ, ਮਿਠਿਆਈ ਦੇ ਡੱਬੇ ਤੂੰ ਮੇਰੇ ਘਰੋਂ ਚੁੱਕ ਲਵੀਂ''। ਮੈਂ ਗਾਸੋ ਸਾਹਿਬ ਨੂੰ ਪੁੱਛਿਆ ‘‘ਬਾਪੂ! ਕਿਹੜੇ ਕਲਾਕਾਰਾਂ ਨੂੰ ਡੱਬੇ ਵੰਡਣੇ ਨੇ'' ਤਾਂ ਅੱਗੋਂ ਉਹਨਾਂ ਹੱਸ ਕੇ ਕਿਹਾ ‘‘ਪੁੱਤਰਾ! ਮੈਂ ਪੱਤਰਕਾਰਾਂ ਨੂੰ ਕਲਾਕਾਰ ਈ ਸਮਝਦਾ, ਤੇਰੇ ਕੋਲੇ ਸਾਰਿਆਂ ਦੇ ਪਤੇ-ਪੂਤੇ ਹੈਗੇ ਨੇ, ਵੰਡੇ ਆ ਸ਼ੇਰ ਬਣਕੇ'' ਕੁਝ ਇਧਰਲੀ-ਉਧਰਲੀਆਂ ਗੱਲਾਂ-ਬਾਤਾਂ ਕਰਕੇ ਗਾਸੋ ਸਾਹਿਬ ਤੇ ਰੰਗੀਲਾ ਜਦੋਂ ਚਲੇ ਗਏ ਤਾਂ ਮੈਂ ਕਾਰਡ ਖੋਲ ਕੇ ਦੇਖਿਆ, ਜੋ ਪੂਰਾ ਠੇਠ ਪੰਜਾਬੀ ਵਿਚ ਲਿਖਿਆ ਹੋਇਆ ਸੀ। ਕਾਰਡ ਦੀ ਇਬਾਰਤ ਪੜ ਕੇ ਦਿਲ ਅਸ਼-ਅਸ਼ ਕਰ ਉਠਿਆ ਤੇ ਮੈਂ ਪੰਜਾਬੀ ਦੇ ਮਹਾਨ ਸਪੂਤ ਬਾਬਾ ਗਾਸੋ ਨੂੰ ਆਪਣੀ ਸੀਟ ਤੋਂ ਖੜਾ ਹੋ ਕੇ ਸਲੂਟ ਕੀਤਾ। ਕਾਰਡ ਵਿਚ ਗਾਸੋ ਵੱਲੋਂ ਵਿਆਹ ਦੀ ਪ੍ਰੀਭਾਸ਼ਾ ਲਈ ਲਿਖੀਆਂ ਸਤਰਾਂ ‘ਵਿਆਹ ਤਾਂ ਜਿੰਦਗੀ ਦਾ ਮੁਬਾਰਕਵਾਦ ਹੁੰਦਾ ਹੈ, ਵਿਆਹ ਦੇ ਸਮਾਜਿਕ ਉਤਸਵ ਨੂੰ ਜਿੰਦਗੀ ਦੀ ਮੁਸਕਾਨ ਅਤੇ ਮਹਿਕ ਦਾ ਰੁਤਬਾ ਹਾਸਲ ਹੈ, ਵਿਆਹ ਦੋ ਰੂਹਾਂ ਦੀ ਆਤਮਿਕ ਸਾਂਝ ਦੇ ਸਦੀਵੀ ਸੁਰ ਦਾ ਗੀਤ ਹੁੰਦਾ ਹੈ, ਵਿਆਹ ਦੇ ਰਮਣੀਕ ਰੰਗਾਂ ਵਿਚੋਂ ਕੁਦਰਤੀ ਕਰਮ ਦਾ ਸੱਭਿਆਚਾਰ ਸੁਰਜੀਤ ਹੁੰਦਾ ਰਹਿੰਦਾ ਹੈ ਅਤੇ ਵਿਆਹ ਸਮਾਜਿਕ-ਰਿਸ਼ਤਿਆਂ ਦਾ ਮਿੱਠਾ-ਮਿੱਠਾ, ਪਿਆਰਾ-ਪਿਆਰਾ, ਸਹਿਜ ਤੇ ਸੁੰਦਰ ਅਲਾਪ ਹੁੰਦਾ ਹੈ, ਜਿਥੇ ਵਿਆਹ ਦੇ ਬੰਧਨ ਨੂੰ ਸਮਝਣ ਲਈ ਦਿਮਾਗ ਦੇ ਦਰਵਾਜਿਆਂ ਨੂੰ ਖੋਲ ਗਈਆਂ, ਉਥੇ ਪਵਿੱਤਰ ਦੋ ਰੂਹਾਂ ਦੇ ਸੁਮੇਲ ਭਰੇ ਰਿਸਤੇ ਵਾਰੇ ਖਿਆਲਾਂ ਨੂੰ ਧੁਰ ਅੰਦਰ ਤੱਕ ਲੈ ਕੇ ਉਤਰ ਗਈਆਂ। ਬਾਪੂ ਗਾਸੋ ਵੱਲੋਂ ਆਪਣੀ ਪੋਤੀ ਦੇ ਸੁਮੀਤ ਗਾਸੋ ਅਤੇ ਪ੍ਰਿਯਮ ਸੁਨਾਮੀ ਦੇ ਵਿਆਹ ਬਾਰੇ ਠੇਠ ਪੰਜਾਬੀ ਵਿਚ ਛਾਪੇ ਕਾਰਡ ਨੇ ਪੰਜਾਬੀ ਦੇ ਲੇਖਕਾਂ, ਪਾਠਕਾਂ ਅਤੇ ਪੰਜਾਬੀ ਪਿਆਰਿਆਂ ਨੂੰ ਇਕ ਨਵਾਂ ਸੁਨੇਹਾ ਦੇ ਦਿੱਤਾ ਕਿ ਮਨ ਦੇ ਭਾਵਾਂ ਨੂੰ ਜਿੰਨਾ ਸਹੀ ਤਰੀਕੇ ਨਾਲ ਮਾਂ ਬੋਲੀ ਪੰਜਾਬੀ ਰਾਹੀਂ ਦੂਜਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ, ਉਹਨਾਂ ਅੰਗਰੇਜ਼ੀ ਦੇ ਪ੍ਰੇਮੀਆਂ ਦੇ ਵੱਸ ਵਿਚ ਨਹੀਂ ਹੈ। ਖੈਰ ਇਹ ਤਾਂ ਵਿਆਹ ਦੇ ਕਾਰਡ ਬਾਰੇ ਗੱਲ ਹੋਈ, ਹੁਣ ਅੱਗੇ ਕਾਰਡ ਵੰਡਣ ਦੀਆਂ ਕੁਝ ਗੱਲਾਂ ਕਰਦੇ ਹਾਂ, ਜੋ ਗਾਸੋ ਸਾਹਿਬ ਦੀ ਸਾਦਗੀ, ਦਿਲਲਗੀ, ਫੱਕਰਤਾ ਅਤੇ ਦਰਵੇਸੀ ਨੂੰ ਤਾਂ ਦਰਸਾਉਂਦੀਆਂ ਹੀ ਹਨ, ਸਗੋਂ ਇਹ ਪਾਠਕਾਂ ਲਈ ਦਿਲਚਸਪ ਤੇ ਰੋਚਕ ਵੀ ਹਨ। ਕਾਰਡਾਂ ਦੇ ਨਾਲ ਕਿਤਾਬਾਂ ਅਤੇ ਮਿਠਿਆਈ ਦੇ ਡੱਬੇ ਵੰਡਦੇ-ਵੰਡਦੇ ਬਜ਼ਾਰ ਵਿਚ ਮੇਰਾ ਮੇਲ ਦੁਬਾਰਾ ਰੰਗੀਲੇ ਨਾਲ ਹੋਇਆ, ਜਿਸਨੂੰ ਗਾਸੋ ਸਾਹਿਬ ਨਾਲ ਲੈ ਕੇ ਕਾਰਡ ਵੰਡ ਰਹੇ ਸਨ। ਰੰਗੀਲਾ ਹੱਸ ਕੇ ਕਹਿਣ ਲੱਗਿਆ ‘‘ਬਾਈ ਜੀ! ਗਾਸੋ ਸਾਹਿਬ ਵੀ ਕਮਾਲ ਦੇ ਆਦਮੀ ਨੇ'' ਤਾਂ ਮੈਂ ਕਿਹਾ ‘‘ਕੀ ਗੱਲ ਹੋਗੀ, ਛੋਟੇ ਭਾਈ! ਲੱਗਦੈ ਤੈਨੂੰ ਤੰਗ ਕਰਤਾ ਹੋਣੈ ਗਾਸੋ ਬਾਬੇ ਨੇ'' ਅੱਗੋਂ ਹੱਸ ਕੇ ਰੰਗੀਲਾ ਬੋਲਿਆ ‘‘ਬਾਈ ਜੀ! ਅੱਜ ਜਦੋਂ ਅਸੀਂ ਕਾਰਡ ਵੰਡਦੇ-ਵੰਡਦੇ ਸਦਰ ਬਜ਼ਾਰ ਦੀ ਨੁਕਰ 'ਤੇ ਗਏ ਤਾਂ ਗਾਸੋ ਸਾਹਿਬ ਕਹਿਣੇ ਲੱਗੇ, ਰੰਗੀਲੇ ਰੁਕ! ਆਪਾਂ ਆਹ ਰੇਹੜੀ ਵਾਲੇ ਤੋਂ ਜੂਸ ਪੀਂਦੇ ਹਾਂ'। ਜਦੋਂ ਰੇਹੜੀ ਵਾਲੇ ਨੇ ਦੋ ਗਲਾਸ ਜੂਸ ਦੇ ਬਣਾ ਕੇ ਦੇ ਦਿੱਤੇ ਤਾਂ ਜੂਸ ਪੀਂਦੇ-ਪੀਂਦੇ ਗਾਸੋ ਸਾਹਿਬ ਫੇਰ ਬੋਲੇ ‘ਰੰਗੀਲੇ! ਮੈਂ ਪਿਛਲੇ ਕਈ ਸਾਲਾਂ ਤੋਂ ਇਸ ਰੇਹੜੀ ਵਾਲੇ ਕੋਲੋਂ ਜੂਸ ਪੀਂਦਾ ਹਾਂ, ਇਸ ਲਈ ਆਪਣੀ ਇਸ ਰੇਹੜੀ ਵਾਲੇ ਨਾਲ ਆਪਣੀ ਸਮਾਜਿਕ ਤੇ ਪਰਿਵਾਰਿਕ ਸਾਂਝ ਬਣਦੀ ਐ ਤੇ ਤੂੰ ਇਉਂ ਕਰ ਪੁੱਤਰਾ! ਇਕ ਡੱਬਾ ਤੇ ਕਾਰਡ ਇਹਨੂੰ ਵੀ ਦੇ ਯਾਰ''। ਰੇਹੜੀ ਵਾਲੇ ਨੂੰ ਵਿਆਹ ਦਾ ਕਾਰਡ ਤੇ ਡੱਬਾ ਦੇ ਕੇ ਉਥੋਂ ਅਸੀਂ ਪਿੰਡ ਸੇਖੇ ਨੂੰ ਤੁਰੇ ਤਾਂ ਰਾਹ 'ਚ ਕੱਖ ਖੋਤ ਕੇ ਲਿਆਉਂਦੀਆਂ ਦੋ ਔਰਤਾਂ ਕੋਲ ਰੁਕਗੇ, ਉਹਨਾਂ ਦੀ ਕਿਰਤ ਦੀ ਸ਼ਲਾਘਾ ਕਰਕੇ ਗਾਸੋ ਸਾਹਿਬ ਨੇ ਇਕ ਕਾਰਡ ਤੇ ਡੱਬਾ ਉਹਨਾਂ ਨੂੰ ਵੀ ਦੇ ਦਿੱਤਾ, ਤਾਂ ਡੱਬਾ ਮਿਠਿਆਈ ਵਾਲਾ ਡੱਬਾ ਤੇ ਕਾਰਡ ਫੜਕੇ ਉਹਨਾਂ ਔਰਤਾਂ ਨੇ ਹੱਸਦਿਆਂ-ਹੱਸਦਿਆਂ ਹੌਲੀ ਦੇਣੇ ਆਪਸ ਵਿਚ ਗੱਲ ਕੀਤੀ ‘ਇਹ ਬਾਬੇ ਦੇ ਤਾਂ ਭੈਣੇ ਦਿਮਾਗ 'ਚ ਫਰਕ ਲੱਗਦੈ'। ਰੰਗੀਲੇ ਨੇ ਦੱਸਿਆ ਕਿ ਇਸ ਤਰਾਂ ਅਸੀਂ ਕਾਰਡ ਅਤੇ ਮਿਠਿਆਈ ਵਾਲੇ ਡੱਬੇ ਰਾਹ 'ਚ ਵੰਡ ਦਿੰਦੇ, ਤੇ ਜਿਥੇ ਜਾਣਾ ਹੁੰਦਾ, ਉਥੋਂ ਤੱਕ ਪਹੁੰਚਦੇ ਹੀ ਨਾ। ਰੰਗੀਲੇ ਨੇ ਕਈ ਹੋਰ ਵੀ ਇਹੋ ਜਿਹੇ ਕਿੱਸੇ ਸੁਣਾਏ ਕਿ ਗਾਸੋ ਸਾਹਿਬ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਵਾਰ-ਵਾਰ ਸਹੀ ਥਾਂ ਪਹੁੰਚਣ ਦੀਆਂ ਹਦਾਇਤਾਂ ਕੀਤੀਆਂ ਜਾਂਦੀਆਂ, ਪਰ ਉਹ ਰਾਹ ਵਿਚ ਹੋਰ ਥਾਂ ਹੀ ਹਾਜ਼ਰੀ ਭਰ ਕੇ (ਡੱਬੇ ਵੰਡਕੇ) ਵਾਪਸ ਆ ਜਾਂਦੇ ਸਨ। ਇਹ ਤਾਂ ਹੋਈਆਂ ਕਾਰਡ ਵੰਡਣ ਦੀਆਂ ਗੱਲਾਂ, ਪਰ ਗਾਸੋ ਸਾਹਿਬ ਦੀ ਜੋ ਮਸਤੀ ਵਿਆਹ ਦੌਰਾਨ ਦੇਖੀ, ਉਹ ਵੀ ਪਾਠਕਾਂ ਨਾਲ ਸਾਂਝੀ ਕਰਨੀ ਜਰੂਰੀ ਹੈ। ਸਥਾਨਿਕ ਸੂਦ ਪੈਲੇਸ ਵਿਚ ਹੋਇਆ ਇਹ ਵਿਆਹ, ਗਾਸੋ ਸਾਹਿਬ ਦੀ ਰਹਿਣੀ-ਸਹਿਣੀ ਅਤੇ ਮਿਲਵਰਤਣ ਕਰਕੇ ਅਜਿਹਾ ਵਿਆਹ ਸੀ, ਜਿਸ ਵਿਚ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਸੀ, ਮਜ਼ਦੂਰ ਤੋਂ ਲੈ ਕੇ ਕਰੋੜਪਤੀ, ਚਪੜਾਸੀ ਤੋਂ ਲੈ ਕੇ ਆਈ.ਏ.ਐਸ. ਅਧਿਕਾਰੀਆਂ ਤੱਕ ਪਹੁੰਚੀ ਬਿਊਰੋਕਰੇਸੀ ਅਤੇ ਰਿਕਸ਼ਾ ਯੂਨੀਅਨ ਦੇ ਅਹੁਦੇਦਾਰਾਂ ਤੋਂ ਲੈ ਕੇ ਵਿਧਾਨ ਸਭਾ ਅਤੇ ਮੈਂਬਰ ਪਾਰਲੀਮੈਂਟ ਤੱਕ ਜਨਤਕ ਨੁਮਾਇੰਦੇ, ਇਸ ਵਿਆਹ 'ਚ ਕੌਫੀ ਤੋਂ ਲੈ ਕੇ ਵਿਸਕੀ ਤੱਕ ਦੀਆਂ ਚੁਸਕੀਆਂ ਲੈ ਰਹੇ ਸਨ। ਦੂਸਰੇ ਪਾਸੇ ਬਾਪੂ ਗਾਸੋ ਆਪਣੇ ਰਵਾਇਤੀ ਅੰਦਾਜ 'ਚ ਕੁੜਤਾ-ਪਜਾਮਾ ਪਾਈ, ਸਿਰ 'ਤੇ ਢਿੱਲੀ ਜਿਹੀ ਪੱਗ ਬੰਨੀ, ਮੋਢੇ 'ਚ ਝੋਲਾ ਲਟਕਾਈ ਪੂਰੇ ਸੂਦ ਪੈਲੇਸ ਵਿਚ ਪੈਲਾਂ ਪਾਉਂਦਾ ਫਿਰ ਰਿਹਾ ਸੀ। ਹਰੇਕ ਨਾਲ ਖੜ ਕੇ ਫੋਟੋ ਖਿਚਾਉਂਦਾ ‘‘ਓ ਆ ਜਾ ਤੂੰ ਕਿਹੜਾ ਮਤਰੇਈ ਮਾਂ ਦਾ ਐ'' ਟਿਚਰਾਂ ਕਰਦਾ ਗਾਸੋ ਹਰ ਆਉਣ-ਜਾਣ ਵਾਲੇ ਦਾ ਪੂਰਾ ਵੇਰਵਾ ਵੀ ਇਕੱਠਾ ਕਰਦਾ ਲੱਗਦਾ ਸੀ ਕਿ ਕਿਸ ਦੇ ਨਾਲ ਕਿੰਨੇ ਜਣੇ ਵਾਧੂ ਆਏ ਹੋਏ ਹਨ। ਇਸ ਤੋਂ ਇਲਾਵਾ ਸ਼ਰਾਬ ਵਾਲੀ ਸਟਾਲ ਉਪਰ ਵੀ ਵਾਰ-ਵਾਰ ਗੇੜੀਆਂ ਮਾਰ ਕੇ ਬਾਪੂ ਗਾਸੋ ਪੀਣ ਵਾਲਿਆਂ ਦਾ ਪੂਰਾ ਰਿਕਾਰਡ ਇਕੱਠਾ ਕਰਦਾ ਫਿਰ ਰਿਹਾ ਸੀ। ਮੈਂ ਇਸ ਵਿਆਹ 'ਚ ਤਿੰਨ ਵਾਰ ਗਾਸੋ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਦੀ ਨਜ਼ਰ ਮੇਰੀ ਜੇਬ ਵਿਚ ਪਾਏ ਸ਼ਗਨ ਵਾਲੇ ਲਿਫ਼ਾਫੇ 'ਤੇ ਹਰ ਵਾਰ ਪੈਂਦੀ ਸੀ, ਪਰ ਮੇਰੀ ਸੋਚ ਸੀ ਕਿ ਸ਼ਗਨ ਜਾਣ ਸਮੇਂ ਦੇ ਕੇ ਜਾਵਾਂਗਾ। ਅਖੀਰ ਜਦੋਂ ਚੌਥੀ ਵਾਰ ਮੇਰੇ ਗਾਸੋ ਸਾਹਿਬ ਨਾਲ ਸਾਹਮਣਾ ਹੋਇਆ ਤਾਂ ਉਹਨਾਂ ਮੈਨੂੰ ਬੜੇ ਪਿਆਰ ਨਾਲ ਕਿਹਾ ‘‘ਓ ਪੁੱਤਰਾ! ਰੋਟੀ ਔਹ ਸਾਹਮਣੇ ਪੰਜਾਬੀ ਢਾਬੇ ਵਾਲੀ ਲੱਗੀ ਸਟਾਲ ਤੋਂ ਖਾਈਂ, ਉਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਹੁਤ ਸੁਆਦ ਬਣਿਆ ਹੋਇਐ, ਨਾਲੇ ਆਹ ਸ਼ਗਨ ਵਾਲਾ ਲਿਫ਼ਾਫਾ ਦੇਣਾ ਨਾ ਕਿਤੇ ਭੁੱਲ ਜਾਈਂ'' ਇਹਨਾਂ ਕਹਿ ਕੇ ਗਾਸੋ ਮੇਰੀ ਜੇਬ ਨੂੰ ਹੱਥ ਲਾ ਕੇ ਹੱਸ ਪਿਆ। ਬਾਪੂ ਗਾਸੋ ਦੀ ਇਸ ਮਸਤ ਮਲੰਗੀ 'ਤੇ ਹਸਦਿਆਂ ਮੇਰਾ ਅਤੇ ਕੋਲ ਲੋਕਾਂ ਦਾ ਢਿੱਡ ਦੁਖਣ ਲੱਗ ਪਿਆ ਤੇ ਮੈਂ ਹਸਦਿਆਂ-ਹਸਦਿਆਂ ਸ਼ਗਨ ਵਾਲਾ ਲਿਫ਼ਾਫਾ ਆਪਣੀ ਜੇਬ 'ਚੋਂ ਕੱਢ ਕੇ ਗਾਸੋ ਸਾਹਿਬ ਦੇ ਝੋਲੇ ਵਿਚ ਪਾ ਦਿੱਤਾ। ਥੋੜੀ ਦੇਰ ਬਾਅਦ ਮੇਰੇ ਇਕ ਸਾਥੀ ਪੱਤਰਕਾਰ ਨੇ ਮੇਰੇ ਕੋਲ ਆ ਕੇ ਜਦੋਂ ਕਿਹਾ ਕਿ ‘ਗਾਸੋ ਸਾਹਿਬ ਕਿੱਥੇ ਨੇ, ਉਸਨੇ ਸ਼ਗਨ ਦੇਣਾ ਐ' ਤਾਂ ਮੈਂ ਉਸਨੂੰ ਬਾਂਹੋਂ ਫੜ ਬਾਪੂ ਗਾਸੋ ਦੇ ਕੋਲ ਲੈ ਗਿਆ ਅਤੇ ਮੈਂ ਸਰਾਰਤ ਵਸ ਕਿਹਾ ‘‘ਬਾਪੂ ਇਹ ਖਾ-ਪੀ ਕੇ ਖਿਸਕ ਚੱਲਿਆ ਸੀ, ਮੈਂ ਫੜ ਕੇ ਲਿਆਂਦਾ, ਇਹਤੋਂ ਸ਼ਗਨ ਲੈ ਲਵੋ'' ਤਾਂ ਅੱਗੋਂ ਬਾਪੂ ਗਾਸੋ ਨੇ ਫੇਰ ਨਹਿਲੇ 'ਤੇ ਦਹਿਲਾ ਮਾਰਿਆ ‘‘ਪੁੱਤਰਾ! ਇਹ ਪੱਤਰਕਾਰ ਹੋਣੈ, ਜਿਹੜਾ ਖਾ-ਪੀ ਕੇ ਖਿਸਕਣ ਨੂੰ ਫਿਰਦੈ''। ਬਾਪੂ ਗਾਸੋ ਦੀ ਮਸਤੀ ਤੋਂ ਬਿਨਾਂ ਇਸ ਵਿਆਹ 'ਚ ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਜਗਰਾਜ ਧੌਲਾ ਵਰਗੇ ਲੇਖਕਾਂ ਨੇ ਵਿਸਕੀ ਦੇ ਲੋਰ ਵਿਚ ਸਪੈਸ਼ਲ ਤੌਰ 'ਤੇ ਪਹੁੰਚੇ ਨਕਲੀਆਂ ਤੇ ਨਚਾਰਾਂ ਨਾਲ ਨੱਚ ਕੇ ਉਹ ਰੰਗ ਬੰਨਿਆ ਕਿ ਦੇਖਣ ਵਾਲਿਆਂ ਨੂੰ ਪੰਜਾਬੀ ਵਿਆਹਾਂ ਦੇ ਪੁਰਾਤਨ ਵਿਰਸੇ ਦੀ ਯਾਦ ਤਾਜ਼ਾ ਹੋ ਗਈ। ਪੈਲੇਸਾਂ ਵਿਚ ਹੁੰਦੇ ਵਿਆਹਾਂ ਦੇ ਕਲਚਰ 'ਚ ਹੀ ਹੋਇਆ ਇਹ ਵਿਆਹ ਬਾਪੂ ਗਾਸੋ ਦੀ ਮਸਤੀ, ਫਕੀਰੀ ਜਿੰਦਾਦਿਲੀ, ਹਰ ਵਰਗ ਦੀ ਸਾਂਝ, ਸ਼ਮੂਲੀਅਤ ਕਰਕੇ ਇਕ ਵੱਖਰੀ ਹੀ ਕਿਸਮ ਦੀਆਂ ਯਾਦਾਂ ਛੱਡ ਗਿਆ, ਜੋ ਸਾਇਦ ਹੀ ਮੁੜ ਕਿਸੇ ਹੋਰ ਵਿਆਹ 'ਚੋਂ ਦੇਖਣ ਨੂੰ ਮਿਲਣੀਆਂ।
Subscribe to:
Post Comments (Atom)
No comments:
Post a Comment