Thursday, December 9, 2010

ਬਾਦਲ ਬਨਾਮ ਬਾਦਲ ਟਕਰਾਉ ਕੀ ਗੁਲ ਖਿਲਾਇਗਾ?

ਦਸਿਆ ਜਾਂਦਾ ਹੈ ਕਿ ਅਜਕਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ, ਵਿਸ਼ੇਸ਼ ਕਰਕੇ ਸ. ਸੁਖਬੀਰ ਸਿੰਘ ਬਾਦਲ ‘ਰੁੱਸੇ' ਵਰਕਰਾਂ ਤੇ ਸੀਨੀਅਰ ਅਕਾਲੀ ਮੁੱਖੀਆਂ ਨੂੰ ਮੰਨਾਉਣ ਵਿੱਚ ਜੁੱਟੇ ਹੋਏ ਹਨ। ਇਸ ਉਦੇਸ਼ ਵਿੱਚ ਉਨ੍ਹਾਂ ਨੂੰ ਕਿਤਨੀ-ਕੁ ਸਫਲਤਾ ਮਿਲਦੀ ਹੈ, ਇਹ ਤਾਂ ਵਕਤ ਹੀ ਦਸੇਗਾ। ਪਰ ਇਕ ਗਲ ਜ਼ਰੂਰ ਵਿਖਾਈ ਦੇ ਰਹੀ ਹੈ, ਉਹ ਇਹ ਕਿ ‘ਰੁੱਸਿਆਂ' ਨੂੰ ਮੰਨਾਉਣਾ ਜਿਤਨਾ ਆਸਾਨ ਸਮਝਿਆ ਜਾ ਰਿਹਾ ਹੈ, ਉਹ ਉਤਨਾ ਆਸਾਨ ਨਹੀਂ ਜਾਪ ਰਿਹਾ। ਇਸਦਾ ਕਾਰਣ ਇਹ ਹੈ ਕਿ ਰੁੱਸੇ ਮੁੱਖੀ ਤੇ ਵਰਕਰ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਕਰਕੇ ਨਹੀਂ ਮੰਨਾਇਆ ਜਾ ਰਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੀ ਉਨ੍ਹਾਂ ਪ੍ਰਤੀ ਸੋਚ ਬਦਲ ਗਈ ਹੈ, ਸਗੋਂ ਇਸਦਾ ਕਾਰਣ ਇਹ ਹੈ ਕਿ ਉਨ੍ਹਾਂ ਨੂੰ ਇਸ ਗਲ ਦਾ ਡਰ ਭਾਸਣ ਲਗਾ ਹੈ ਕਿ ਕਿਧਰੇ ਉਨ੍ਹਾਂ ਵਲੋਂ ਅਣਗੌਲੇ ਕੀਤੇ ਜਾਂਦੇ ਚਲੇ ਆ ਰਹੇ ਵਰਕਰ ਤੇ ਮੁੱਖੀ ਮਨਪ੍ਰੀਤ ਦੇ ਨਾਲ ਨਾ ਚਲੇ ਜਾਣ? ਉਨ੍ਹਾਂ ਨੂੰ ਮਨਪ੍ਰੀਤ ਵਲ ਜਾਣ ਤੋਂ ਰੋਕਣ ਲਈ ਹੀ ਉਨ੍ਹਾਂ ਨੂੰ ਮੰਨਾਉਣ ਦੀ ਲੋੜ ਸਮਝੀ ਜਾ ਰਹੀ ਹੈ।
ਇਹ ਵੀ ਦਸਿਆ ਜਾ ਰਿਹਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਲਈ ਮੁਸ਼ਕਲ ਇਹ ਬਣ ਗਈ ਹੋਈ ਹੈ ਕਿ ਉਨ੍ਹਾਂ ਨੂੰ ਇਕ ਪਾਸੇ ਮਨਪ੍ਰੀਤ ਦੇ ਬਾਗ਼ੀ ਤੇਵਰਾਂ ਦੇ ਨਾਲ ਹੀ, ਅਕਾਲੀ ਕੈਡਰ, ਵਿਸ਼ੇਸ਼ ਰੂਪ ਵਿੱਚ ਨੌਜਵਾਨਾਂ ਵਿੱਚ ਉਸਦੇ ਵੱਧ ਰਹੇ ਪ੍ਰਭਾਵ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗ੍ਰਸ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗ੍ਰਸ ਵਿੱਚ ਪੈਦਾ ਹੋਇਆ ਜੋਸ਼ ਵੀ ਉਨ੍ਹਾਂ ਲਈ ਮੁਸ਼ਕਲਾਂ ਪੈਦਾ ਕਰਨ ਦਾ ਕਾਰਣ ਬਣਨ ਲਗ ਪਿਆ ਹੈ।
ਭਾਵੇਂ ਸੁਖਬੀਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਨਾ ਤਾਂ ਮਨਪ੍ਰੀਤ ਪਾਸੋਂ ਅਤੇ ਨਾ ਹੀ ਕੈਪਟਨ ਪਾਸੋਂ ਕੋਈ ਖਤਰਾ ਹੈ, ਫਿਰ ਵੀ ਅੰਦਰੋਂ-ਅੰਦਰ ਉਨ੍ਹਾਂ ਨੂੰ ਇਹ ਡਰ ਵੀ ਖਾ ਰਿਹਾ ਹੈ ਕਿ ਜੇ ਇਹੀ ਸਥਿਤੀ ਬਣੀ ਰਹੀ ਤਾਂ ਸਾਲ-ਕੁ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਲਈ ਸੱਤਾ ਵਿੱਚ ਮੁੜਨਾ ਸੰਭਵ ਨਹੀਂ ਰਹਿ ਜਾਇਗਾ। ਇਹੀ ਕਾਰਣ ਹੈ ਕਿ ਮਨਪ੍ਰੀਤ ਦੀ ਛਵੀ ਖਰਾਬ ਕਰਨ ਲਈ ਇਕ ਪਾਸੇ ਤਾਂ ਸ. ਗੁਰਦਾਸ ਸਿੰਘ ਬਾਦਲ ਦੇ ਸੋਦਾ ਸਾਧ ਦੇ ਪਰਚੇ ਵਿੱਚ ਛਪੇ ਇੰਟਰਵਿਊ ਨੂੰ ਲੈ ਕੇ, ਉਸਦੇ ਵਿਰੁਧ ਮੁਹਿੰਮ ਸ਼ੁਰੂ ਕਰਵਾ ਦਿਤੀ ਗਈ ਹੈ ਅਤੇ ਦੂਜੇ ਪਾਸੇ ਉਸ ਪੂਰ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਕੇਂਦਰ ਵਲੋਂ ਕਰਜ਼ਾ ਮਾਫ ਕਰਨ ਲਈ ਰਖੀਆਂ ਸ਼ਰਤਾਂ ਦੇ ਮਾਮਲੇ ਵਿੱਚ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।
ਸ. ਸੁਖਬੀਰ ਸਿੰਘ ਬਾਦਲ ਹਰ ਰੋਜ਼ ਇਹ ਬਿਆਨ ਦੇਣ ਤੇ ਮਜਬੂਰ ਹੋ ਰਹੇ ਹਨ ਕਿ ਮਨਪ੍ਰੀਤ ਦੀ ਸੋਚ ਅਨੁਸਾਰ ਜੇ ਸਾਰੀਆਂ ਸਬਸਿਡੀਆਂ ਬੰਦ ਕਰ ਦਿਤੀਆਂ ਜਾਣ ਤਾਂ ਗ਼ਰੀਬ ਵਰਗ ਦਾ ਲੱਕ ਟੁਟ ਜਾਇਗਾ। ਜਦਕਿ ਅੰਕੜੇ ਇਸ ਗਲ ਦੀ ਗੁਆਹੀ ਭਰਦੇ ਹਨ ਕਿ ਪੰਜਾਬ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਬਸਿਡੀਆਂ ਦਾ ਲਾਭ ਮੁੱਖ ਰੂਪ ਵਿੱਚ ਅਮੀਰਾਂ ਦੀਆਂ ਤਜੋਰੀਆਂ ਵਿੱਚ ਜਾ ਰਿਹਾ ਹੈ, ਜਦਕਿ ਗ਼ਰੀਬਾਂ ਤਕ ਤਾਂ ਕੇਵਲ ‘ਝੂੰਗਾ' ਹੀ ਪੁਜਦਾ ਹੋ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਜੇ ਕੇਂਦਰ ਸਰਕਾਰ ਦੀ ਸ਼ਰਤ ਅਨੁਸਾਰ ਸਬਸਿਡੀਆਂ ਨੂੰ ਤਰਕ ਸੰਗਤ ਬਣਾ ਕੇ ਉਨ੍ਹਾਂ ਦਾ ਲਾਭ ਕੇਵਲ ਗ਼ਰੀਬਾਂ ਤਕ ਪਹੁੰਚਾਇਆ ਜਾਏ ਤਾਂ ਸਰਕਾਰ ਨੂੰ ਲਗਭਗ ਦੋ ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਬਚਤ ਹੋ ਸਕਦੀ ਹੈ। ਪਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਗ਼ਰੀਬਾਂ ਦੇ ਮੁਲ ਤੇ ਅਮੀਰ ਵਰਗ ਨੂੰ ਲਾਭ ਪਹੁੰਚਾਣਾ ਜਾਰੀ ਰਖਣਾ ਚਾਹੁੰਦੀ ਹੈ।
ਇਸੇ ਤਰ੍ਹਾਂ ਆਰਥਕ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਸਰਕਾਰ ਦਿਹਾਤੀ ਤੇ ਸ਼ਹਿਰੀ ਵਿਕਾਸ ਤੇ ਕੀਤੇ ਰਹੇ ਖਰਚਿਆਂ ਪ੍ਰਤੀ ਈਮਾਨਦਾਰੀ ਵਰਤ ਰਹੀ ਹੈ ਤਾਂ ਉਸਨੂੰ ਕੇਂਦਰੀ ਮਹਾ-ਲੇਖਾਕਾਰ ਪਾਸੋਂ ਉਨ੍ਹਾਂ ਨੂੰ ਆਡਿਟ ਕਰਵਾਉਣ ਤੋਂ ਸੰਕੋਚ ਨਹੀਂ ਹੋਣਾ ਚਾਹੀਦਾ। ਘਾਟੇ ਵਿੱਚ ਜਾ ਰਹੀਆਂ ਇਕਾਈਆਂ ਵਿਚੋਂ ਆਪਣਾ ਹਿਸਾ ਕਢ ਲੈਣਾ, ਟਰਾਂਸਪੋਰਟ ਵਿਚਲੇ ਘਾਟੇ ਨੂੰ ਘਟਾਉਣਾ ਸਰਕਾਰ ਦੇ ਆਪਣੇ ਹਿਤ ਵਿੱਚ ਤਾਂ ਹੈ ਹੀ, ਮੁਲਾਜ਼ਮਾਂ ਦੇ ਸਮੇਂ ਤੋਂ ਪਹਿਲਾਂ ਪ੍ਰਾਵੀਡੈਂਟ ਫੰਡ ਵਿਚੋਂ ਪੈਸਾ ਕਢਾਉਣ ਤੇ ਰੋਕ ਮੁਲਾਜ਼ਮਾਂ ਦੇ ਨਾਲ ਹੀ ਸਰਕਾਰ ਦੇ ਵੀ ਹਿਤ ਵਿੱਚ ਹੋਵੇਗਾ। ਇਤਨਾ ਕਰ ਲੈਣ ਦੇ ਨਾਲ ਜੋ ਪੈਂਤੀ ਹਜ਼ਾਰ ਕਰੋੜ ਦਾ ਕਰਜ਼ਾ ਮਾਫ਼ ਹੋ ਜਾਇਗਾ, ਉਸਦਾ ਪੰਜਾਬ ਦੇ ਸਿਰ ਤੋਂ ਭਾਰ ਉਤਰਨ ਦੇ ਨਾਲ ਹੀ, ਇਤਨੇ ਮੋਟੇ ਕਰਜ਼ੇ ਤੇ ਦਿਤਾ ਜਾਣ ਵਾਲਾ ਵਿਆਜ ਵੀ ਬਚੇਗਾ, ਜੋ ਪੰਜਾਬ ਦੇ ਵਿਕਾਸ ਵਿੱਚ ਤੇਜ਼ੀ ਲਿਅਉਣ ਅਤੇ ਉਸਦਾ ਲਾਭ ਗ਼ਰੀਬਾਂ ਤਕ ਪਹੁੰਚਾਣ ਵਿੱਚ ਵਰਤਿਆ ਜਾ ਸਕਦਾ ਹੇ।
ਅਕਾਲੀ ਰਾਜਨੀਤੀ ਦਾ ਦੁਖਾਂਤ: ਅਕਾਲੀ ਰਾਜਨੀਤੀ ਦਾ ਇਹ ਦੁਖਾਂਤ ਹੀ ਮੰਨਿਆ ਜਾਇਗਾ ਕਿ ਜਦੋਂ ਕੋਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦੀਆਂ ਨੀਤੀਆਂ ਦੇ ਵਿਰੁਧ ਆਵਾਜ਼ ਉਠਾਣ ਦੀ ਦਲੇਰੀ ਕਰਦਾ ਹੈ, ਉਸਨੂੰ ਕਾਂਗ੍ਰਸ ਦਾ ਏਜੰਟ ਕਰਾਰ ਦੇ ਕੇ ਪੰਥ-ਦੁਸ਼ਮਣ ਪ੍ਰਚਾਰਨਾ ਸ਼ੁਰੂ ਕਰ ਦਿਤਾ ਜਾਂਦਾ ਹੈ ਅਤੇ ਜਦੋਂ ਉਹੀ ਮੁੜ ਉਨ੍ਹਾਂ ਹੀ ਆਗੂਆਂ ਦੀ ਅਧੀਨਗੀ ਸਵੀਕਾਰ ਕਰ ਉਨ੍ਹਾਂ ਦੇ ਗੁਣ ਗਾਣ ਲਗਦਾ ਹੈ, ਤਾਂ ਉਹ ਦੁੱਧ ਦਾ ਧੌਤਾ ਤੇ ਪੱਕਾ ਪੰਥਕ ਹੋ ਜਾਂਦਾ ਹੈ। ਇਹੀ ਕੁਝ ਜ. ਗੁਰਚਰਨ ਸਿੰਘ ਟੋਹੜਾ ਵਰਗਿਆਂ ਦੇ ਨਾਲ ਹੋਇਆ ਸੀ ਤੇ ਇਹੀ ਕੁਝ ਹੁਣ ਸ. ਮਨਪ੍ਰੀਤ ਸਿੰਘ ਬਾਦਲ ਦੇ ਨਾਲ ਕੀਤਾ ਜਾਣ ਲਗਾ ਹੈ। ਵੇਖਣਾ ਹੈ ਕਿ ਇਸ ਵਾਰ ਉਨ੍ਹਾਂ ਦਾ ਇਹ ਵਾਰ ਕਿਤਨਾ ਕਾਰਗਰ ਸਾਬਤ ਹੁੰਦਾ ਹੈ?
ਇਹ ਜੇ ਦਿੱਲੀ ਦਾ ਪੰਜਾਬ ਇੰਮਪੋਰੀਅਮ : ਕੁਝ ਦਿਨ ਹੋਏ, ਪੰਜਾਬ ਦੇ ਸਭਿਆਚਾਰ ਨਾਲ ਸਬੰਧਤ ਕੁਝ ਵਸਤਾਂ ਵੇਖਣ ਤੇ ਖ੍ਰੀਦਣ ਦਾ ਮਨ ਬਣ ਆਉਣ ਤੇ ਨਵੀਂ ਦਿੱਲੀ ਦੇ ਬਾਬਾ ਖੜਕ ਸਿੰਘ ਮਾਰਗ ਸਥਿਤ ਵੱਖ-ਵੱਖ ਰਾਜਾਂ ਦੇ ਇੰਮਪੋਰੀਅਮਾਂ ਵਿੱਚਲੇ ਪੰਜਾਬ ਦੇ ਇੰਮਪੋਰੀਅਮ ਜਾ ਪੁਜੇ। ਦੁਪਹਿਰ ਦੇ ਕੋਈ ਦੋ-ਕੁ ਵਜੇ ਦਾ ਸਮਾਂ ਸੀ। ਬਾਕੀ ਰਾਜਾਂ ਦੇ ਇੰਮਪੋਰੀਅਮ ਤਾਂ ਖੁਲ੍ਹੇ ਹੋਏ ਸਨ, ਪਰ ਪੰਜਾਬ ਦੇ ਇੰਮਪੋਰੀਅਮ ਦੇ ਬੰਦ ਦਰਵਾਜ਼ੇ ਤੇ ‘1.30 ਤੋਂ 2.30 ਤਕ ਲੰਚ' ਦੀ ਤਖਤੀ ਲਟਕ ਰਹੀ ਸੀ। ਬੜੀ ਉਤਸੁਕਤਾ ਨਾਲ ਉਥੇ ਜਾਣ ਦਾ ਮਨ ਬਣਾਇਆ ਸੀ, ਇਸ ਕਾਰਣ ਮੁੜਨ ਦੀ ਬਜਾਏ, ਸਮਾਂ ਬਿਤਾਣ ਲਈ ਉਸ ਦੇ ਨਾਲ ਹੀ ਸਥਿਤ ਮਨੀਪੁਰ ਇੰਮਪੋਰੀਅਮ ਵਿੱਚ ਦਾਖਲ ਹੋ ਗਏ। ਉਥੇ ਕਿਉਂਕਿ ਸਮਾਂ ਬਿਤਾਣ ਦੀ ਗਲ ਸੋਚ ਕੇ ਗਏ ਸਾਂ, ਜਿਸ ਕਾਰਣ ਉਥੋਂ ਕੁਝ ਵੀ ਖ੍ਰੀਦਣ ਦਾ ਪ੍ਰੋਗਰਾਮ ਨਹੀਂ ਸੀ। ਫਿਰ ਵੀ ਉਥੋਂ ਦੇ ਸੇਲਜ਼-ਮੈਨਾਂ ਤੇ ਦੂਜੇ ਕਰਮਚਾਰੀਆਂ ਦੇ ਵਿਹਾਰ ਤੋਂ ਅਸੀਂ ਇਤਨੇ ਪ੍ਰਭਾਵਤ ਹੋਏ ਕਿ ਨਾ ਚਾਹੁੰਦਿਆਂ ਹੋਇਆਂ ਵੀ ਉਥੋਂ ਤਕਰੀਬਨ ਪੰਜ-ਕੁ ਹਜ਼ਾਰ ਦਾ ਸਾਮਾਨ ਖ੍ਰੀਦਣ ਲਈ ਮਜਬੂਰ ਹੋ ਗਏ।
ਜਦੋਂ ਉਥੋਂ ਬਾਹਰ ਨਿਕਲੇ, ਪੰਜਾਬ ਇੰਮਪੋਰੀਅਮ ਦਾ ਦਰਵਾਜ਼ਾ ਖੁਲ੍ਹ ਗਿਆ ਹੋਇਆ ਸੀ। ਅੰਦਰ ਦਾਖਲ ਹੋਏ ਤਾਂ ਕੁਝ ਬੀਬੀਆਂ ਬੱੈਡ ਸ਼ੀਟਾਂ ਬਾਰੇ ਪੁੱਛ ਰਹੀਆਂ ਸਨ, ਸੇਲਜ਼-ਗਰਲ ਨੇ ਆਪਣੀ ਸੀਟ ਤੇ ਬੈਠਿਆਂ ਹੀ ਸਾਹਮਣੇ ਪਾਸੇ ਇਸ਼ਾਰਾ ਕਰਦਿਆਂ ਕਿਹਾ ਕਿ ਉੱਧਰ ਇੱਕੀ ਸੌ ਤੋਂ ਇੱਕੀ ਹਜ਼ਾਰ ਤਕ ਦੀਆਂ ਬੈੱਡ ਸ਼ੀਟਾਂ ਹਨ, ਜਾ ਕੇ ਵੇਖ ਲਉ। ਹੈਰਾਨੀ ਹੋਈ ਕਿ ਉਨ੍ਹਾਂ ਬੀਬੀਆਂ ਨੂੰ ਆਪ ਨਾਲ ਜਾ ਕੇ, ਉਨ੍ਹਾਂ ਦੀ ਪੁੱਛ ਅਨੁਸਾਰ ਸਾਮਾਨ ਵਿਖਾ, ਖਰੀਦਣ ਲਈ ਪ੍ਰੇਰਨ ਦੀ ਬਜਾਏ ਸੀਟ ਤੇ ਬੈਠਿਆਂ-ਬੈਠਿਆਂ ਹੀ ਇਸ਼ਾਰਾ ਕਰਕੇ ਇਉਂ ਜਵਾਬ ਦਿਤਾ ਜਾ ਰਿਹਾ ਹੈ, ਜਿਵੇਂ ਉਨ੍ਹਾਂ ਦਾ ਇੰਮਪੋਰੀਅਮ ਵਿੱਚ ਦਾਖਲ ਹੋਣਾ ਸਟਾਫ-ਮੈਂਬਰਾਂ ਨੂੰ ਪਸੰਦ ਨਾ ਆਇਆ ਹੋਵੇ। ਖੈਰ, ਸਾਡਾ ਉਨ੍ਹਾਂ ਨਾਲ ਕੋਈ ਮਤਲਬ ਨਹੀਂ ਸੀ, ਇਸ ਕਾਰਣ ਅਸਾਂ ਆਪਣੀ ਪਸੰਦ ਲਭਣੀ ਸ਼ੁਰੂ ਕੀਤੀ। ਮਿਸੇਜ਼ ਨੂੰ ਢੋਅ ਵਾਲੀ ਪੀੜੀ ਪਸੰਦ ਆ ਗਈ। ਉਸਨੇ ਪੁਛ ਲਿਆ ਕਿ ਕੀ ਇਸਦਾ ਜੋੜਾ ਮਿਲ ਜਾਇਗਾ? ਜਵਾਬ ਕੋਰਾ ਸੀ, ਜੇ ਹੋਵੇਗਾ ਤਾਂ ਮਿਲ ਜਾਇਗਾ। ਸੋਚਣ ਵਾਲੀ ਗਲ ਇਹ ਸੀ ਕਿ ਜੇ ਸੇਲ ਦੀ ਜ਼ਿਮੇਂਦਾਰੀ ਨਿਭਾਉਣ ਵਾਲੇ ਦੁਕਾਨਦਾਰ ਨੂੰ ਹੀ ਨਹੀਂ ਪਤਾ ਕਿ ਉਸ ਦੀ ਦੁਕਾਨ ਵਿੱਚ ਕਿਹੜਾ ਮਾਲ ਹੈ ਤੇ ਕਿਹੜਾ ਨਹੀਂ ਤਾਂ ਉਹ ਦੁਕਾਨਦਾਰੀ ਕੀ ਕਰੇਗਾ? ਉਥੋਂ ਅਗੇ ਵੱਧ ਚਾਂਦੀ ਦੀ ਇਕ ਤਸ਼ਤਰੀ ਪਸੰਦ ਆਈ, ਉਸਦੀ ਕੀਮਤ ਪੁੱਛਣ ਤੇ ਸੇਲਜ਼-ਮੈਨ ਨੇ ਸਾਡੇ ਵਲ ਹਿਕਾਰਤ ਭਰੀਆਂ ਨਜ਼ਰਾਂ ਨਾਲ ਵੇਖਦਿਆਂ ਕਿਹਾ ਕਿ ਇੱਕੀ ਹਜ਼ਾਰ ਦੀ ਏ! ਅਜੀਬ ਗਲ ਸੀ ਜੇ ਗਾਹਕ ਚਾਂਦੀ ਦੀ ਤਸ਼ਤਰੀ ਦੀ ਕੀਮਤ ਪੁਛ ਰਿਹਾ ਹੈ, ਘਟੋ-ਘਟ ਉਸਨੂੰ ਇਸ ਗਲ ਦਾ ਤਾਂ ਅੰਦਾਜ਼ਾ ਹੋਵੇਗਾ ਹੀ ਕਿ ਇਹ ਮਹਿੰਗੀ ਹੋਵੇਗੀ? ਉਸ ਅਤੇ ਪਹਿਲੇ ਸ਼ਖਸ ਨੇ ਜਿਸ ਢੰਗ ਨਾਲ ਵਿਹਾਰ ਕੀਤਾ, ਉਸਨੂੰ ਵੇਖਦਿਆਂ ਇਕ ਮਿਨਟ ਵੀ ਉਥੇ ਠਹਿਰਨ ਨੂੰ ਦਿਲ ਨਹੀਂ ਸੀ ਕਰ ਰਿਹਾ। ਪਰ ਮਿਸੇਜ਼ ਨੇ ਸੂਟ ਲੈਣ ਦੀ ਇੱਛਾ ਪ੍ਰਗਟਾਈ ਤਾਂ ਕੁਝ ਦੇਰ ਹੋਰ ਠਹਿਰਨਾ ਪੈ ਗਿਆ। ਉਥੇ ਵੀ ਗਲ ਨਾ ਬਣੀ। ਇਹ ਵੇਖ-ਸੁਣ ਬਰਬਸ ਹੀ ਮੂੰਹ ਵਿੱਚੋਂ ਨਿਕਲਿਆ ‘ਪੰਜਾਬ ਦੇ ਇਹ ਬੰਦੇ ਕਿਤਨੀ ‘ਸਮਰਪਤ' ਭਾਵਨਾ ਨਾਲ ਪੰਜਾਬ ਦੀ ‘ਸੇਵਾ' ਵਿੱਚ ਜੁੱਟੇ ਹੋਏ ਹਨ? ਵਾਹਿਗੁਰੂ ਇਨ੍ਹਾਂ ਦੀ ਘਾਲ ਥਾਂਏ ਪਾਏ'!
ਗਲ ਸਨਮਾਨ ਦੀ : ਇਨ੍ਹਾਂ ਦਿਨਾਂ ਵਿੱਚ ਹੀ ਪੰਜਾਬ ਤੋਂ ਇਕ ਅਕਾਲੀ ਮਿਤ੍ਰ ਦਾ ਫੋਨ ਆਇਆ। ਉਹ ਪੈਂਦੀ ਸਟੇ ਹੀ ਮੈਨੂੰ ਪੁਛਣ ਲਗਾ ‘ਪੰਜਾਬ ਭਾਸ਼ਾ ਵਿਭਾਗ ਦਾ ਐਵਾਰਡ ਲੈਣਾ ਈ'? ਅਚਾਨਕ ਉਨ੍ਹਾਂ ਦਾ ਇਹ ਸੁਆਲ ਸੁਣ ਮੈਂ ਕੁਝ ਸਕਪਕਾ ਜਿਹਾ ਗਿਆ। ਥੋੜਾ ਸੰਭਲਕੇ ਬੋਲਿਆ ਕਿ ਕੌਣ ਨਹੀਂ ਚਾਹੁੰਦਾ ਕਿ ਉਸਦੇ ਕੰਮ ਨੂੰ ਮਾਨਤਾ ਮਿਲੇ। ਪਰ ਬੀਤੇ ਸਮੇਂ ਦੇ ਤਜਰਬਿਆਂ ਨੇ ਮੇਰੇ ਦਿਲ ਵਿਚੋਂ ਸਰਕਾਰੀ ਐਵਾਰਡਾਂ ਦੀ ਲਾਲਸਾ ਮੁਕਾ ਦਿਤੀ ਹੋਈ ਹੈ। ‘ਕਿਉਂ'? ਇਹ ਸੁਆਲ ਸੁਣ ਮੈਂ ਕਿਹਾ ਕਿ ਪਿੱਛੇ ਜਿਹੇ ਖਬਰਾਂ ਆਈਆਂ ਸਨ ਕਿ ਪੰਜਾਬ ਭਾਸ਼ਾ ਵਿਭਾਗ ਦੀ ਐਵਾਰਡ ਕਮੇਟੀ ਦੇ ਮੈਂਬਰ, ਪਹਿਲਾਂ ਤਾਂ ਆਪੋ ਵਿੱਚ ਐਵਾਰਡ ਵੰਡਦੇ ਹਨ, ਫਿਰ ਜੋ ਬਚ ਰਹਿੰਦੇ ਹਨ, ਉਹ ਆਪਣੇ ਚਹੇਤਿਆਂ ਵਿੱਚ ਵੰਡ ਦਿੰਦੇ ਹਨ। ਮੈਂ ਨਾ ਤਾਂ ਕਮੇਟੀ ਦਾ ਮੈਂਬਰ ਹਾਂ ਅਤੇ ਨਾ ਹੀ ਕਿਸੇ ਮੈਂਬਰ ਦਾ ਚਹੇਤਾ। ਇਸ ਕਰਕੇ ਮੈਂ ਉਸਤੋਂ ਕਦੀ ਐਵਾਰਡ ਦੀ ਕਾਮਨਾ ਨਹੀਂ ਰਖੀ। ਇਸਤੋਂ ਇਲਾਵਾ ਕਈ ਵਰ੍ਹੇ ਪਹਿਲਾਂ, ਦਿੱਲੀ ਸਰਕਾਰ ਦੀ ਇਕ ਅਕਾਦਮੀ ਦੇ ਇਕ ਮੈਂਬਰ ਨੇ ਮੈਂਨੂੰ ਫੋਨ ਤੇ ਦਸਿਆ ਕਿ ਅਕਾਦਮੀ ਦੀ ਗਵਰਨਿੰਗ ਕੌਂਸਿਲ ਨੇ ਇਸ ਵਾਰ ਤੈਨੂੰ ਪਤ੍ਰਕਾਰਤਾ ਦੇ ਖੇਤ੍ਰ ਵਿੱਚ ਪਾਏ ਯੋਗਦਾਨ ਲਈ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣ ਮੈਨੂੰ ਖੁਸ਼ੀ ਹੋਈ। ਪਰ ਸਵੇਰੇ ਮੈਂ ਹਾਲਾਂ ਉਠਿਆ ਹੀ ਸਾਂ, ਕਿ ਉਸੇ ਸਜਣ ਦਾ ਫੌਨ ਆ ਗਿਆ। ਉਸਨੇ ਕਿਹਾ ਕਿ ਮੈਂਨੂੰ ਦੁੱਖ ਹੈ ਕਿ ‘3-ਡਬਲਯੂ' ਦੀ ਕਰਾਮਾਤ ਨੇ ਤੇਰਾ ਨਾਂ ਐਵਾਰਡਾਂ ਦੀ ਸੂਚੀ ਵਿਚੋਂ ਕਟਵਾ ਦਿਤਾ ਹੈ। ਇਸਦੇ ਨਾਲ ਹੀ ਉਸਨੇ ਇਹ ਵੀ ਦਸਿਆ ਕਿ ਤੇਰਾ ਨਾਂ ਕਟਣ ਵਿੱਚ ਮੁਖ ਭੂਮਿਕਾ ਨਿਭਾਉਣ ਵਾਲੇ, ਰਾਤ ਐਕਸੀਡੈਂਟ ਹੋ ਜਾਣ ਕਾਰਣ ਹਸਪਤਾਲ ਵਿੱਚ ਹਨ। ਜਿਥੇ ਰਾਤੋ-ਰਾਤ ਨਾਂ ਕੱਟੇ ਤੇ ਸ਼ਾਮਲ ਹੋ ਸਕਦੇ ਹੋਣ, ਉਥੋਂ ਕੁਝ ਮਿਲਣ ਦੀ ਆਸ ਰਖਣਾ ਖੁਸਰਿਆਂ ਤੋਂ ਮੁਰਾਦਾਂ ਰਖਣ ਤੋਂ ਵੱਧ ਕੀ ਹੋਵੇਗਾ? ਇਤਨਾ ਸੁਣ ਉਨ੍ਹਾਂ ਹੋਰ ਕੁਝ ਕਹੇ ਬਿਨਾਂ ਫੋਨ ਬੰਦ ਕਰ ਦਿਤਾ।
...ਅਤੇ ਅੰਤ ਵਿੱਚ : ਜਿਵੇਂ ਚੜ੍ਹਦੀਕਲਾ ਟਾਈਮ ਟੀਵੀ ਚੈਨਲ ਤੋਂ ਗੁਰਦੁਆਰਾ ਬੰਗਲਾ ਸਾਹਿਬ, ਨਵੀਂ ਦਿੱਲੀ ਅਤੇ ਪੀਟੀਸੀ (ਪੰਜਾਬੀ) ਚੈਨਲ ਤੋਂ ਸ੍ਰੀ ਹਰਿਮੰਦਿਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਸਵੇਰੇ ਸ਼ਾਮ ਕਥਾ-ਕੀਰਤਨ ਦਾ ਪ੍ਰੋਗਰਾਮ ਸਿੱਧਾ ਪ੍ਰਸਾਰਤ ਕੀਤਾ ਜਾਂਦਾ ਹੈ, ਇਸੇਤਰ੍ਹਾਂ ਸੀਐਨਈਬੀ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ, ਦਿੱਲੀ ਤੋਂ ਸਵੇਰੇ-ਸ਼ਾਮ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਦੇਖਣ ਵਿੱਚ ਆਉਂਦਾ ਹੇ ਕਿ ਜਿਥੇ ਚੜ੍ਹਦੀਕਲਾ ਟਾਈਮ ਟੀਵੀ ਅਤੇ ਪੀਟੀਸੀ (ਪੰਜਾਬੀ) ਚੈਨਲਾਂ ਵਲੋਂ ਪ੍ਰੋਗਰਾਮ ਦੀ ਸਮਾਪਤੀ ਕਰਦਿਆਂ, ਇਸ ਗਲ ਦਾ ਖਾਸ ਖਿਆਲ ਰਖਿਆ ਜਾਂਦਾ ਹੈ ਕਿ ਜੋ ਸ਼ਬਦ ਪੜ੍ਹਿਆ ਜਾ ਰਿਹਾ ਹੈ ਜਾਂ ਅਰਦਾਸ ਹੋ ਰਹੀ ਹੈ, ਉਸਦੇ ਪੂਰਿਆਂ ਹੋਣ ਤੇ ਹੀ ਪ੍ਰਸਾਰਣ ਖਤਮ ਕੀਤਾ ਜਾਏ, ਉਥੇ ਸੀਐਨਈਬੀ ਚੈਨਲ ਵਲੋਂ ਇਸ ਗਲ ਦਾ ਕੋਈ ਖਿਆਲ ਨਹੀਂ ਰਖਿਆ ਜਾਂਦਾ। ਸ਼ਬਦ ਚਲ ਰਿਹਾ ਹੋਵੇ ਜਾਂ ਅਰਦਾਸ ਹੋ ਰਹੀ ਹੋਵੇ, ਉਸਦੀ ਸਮਾਪਤੀ ਦਾ ਇੰਤਜ਼ਾਰ ਉਸਨੇ ਨਹੀਂ ਕਰਨਾ, ਉਸਨੇ ਤਾਂ ਨਿਸ਼ਚਿਤ ਸਮੇਂ ਤੋਂ ਵੀ ਦੋ ਮਿਨਟ ਪਹਿਲਾਂ ਪ੍ਰਸਾਰਣ ਬੰਦ ਕਰ ਦੇਣਾ ਹੈ। ਜੋ ਕਿ ਸਿੱਖੀ ਵਿੱਚ ਅਰਦਾਸ ਤੇ ਗੁਰ-ਸ਼ਬਦ ਨੂੰ ਅਣਗੋਲਿਆਂ ਕਰਨ ਦਾ ਗੁਨਾਹ ਮੰਨਿਆ ਜਾਂਦਾ ਹੈ।

No comments: