Monday, December 6, 2010

ਮਨਪ੍ਰੀਤ ਬਾਦਲ ਦੀ ਅਸਲੀ ਲੜਾਈ ਪੰਜਾਬ ਦੇ ਹਿੱਤਾਂ ਲਈ ਜਾਂ ਸਿਆਸੀ ਵਿਰਾਸਤ ਹਾਸਲ ਕਰਨ ਲਈ?





ਪੰਜਾਬ ਦੀ ਰਾਜਨੀਤੀ ਅੰਦਰ ਅੱਜ ਇਕ ਹੀ ਗੱਲ ਦੀ ਚਰਚਾ ਹੋ ਰਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦਾ ਰਾਜਨੀਤਿਕ ਭਵਿੱਖ ਕੀ ਹੋਵੇਗਾ ਅਤੇ ਪੰਜਾਬ ਦੇ ਸਿਆਸੀ ਨਕਸ਼ੇ ਉਪਰ ਉਸ ਦੀਆਂ ਸਰਗਰਮੀਆਂ ਕੀ ਪ੍ਰਭਾਵ ਪਾਉਣਗੀਆਂ? ਹਰ ਸੱਥ, ਹਰ ਹੱਟੀ-ਭੱਠੀ ਉਤੇ ਇਹੀ ਚਰਚਾ ਹੋ ਰਹੀ ਹੈ ਕਿ ਮਨਪ੍ਰੀਤ ਬਾਦਲ ਦੀਆਂ ‘ਜਾਗੋ ਰੈਲੀਆਂ' ਵਿਚ ਹੁੰਦੇ ਇਕੱਠ ਕੀ ਵੋਟਾਂ ਵਿਚ ਬਦਲ ਸਕਣਗੇ ਜਾਂ ਬਲਵੰਤ ਸਿੰਘ ਰਾਮੂਵਾਲੀਆ ਦੇ ਇਕੱਠਾਂ ਵਾਂਗ ਹੀ ਲੋਕ ਗੱਲਾਂਬਾਤਾਂ ਸੁਣਕੇ ‘ਏਸ ਕੰਨ ਪਾਈ, ਉਸ ਕੰਨ ਕੱਢੀ' ਕਰ ਦੇਣਗੇ। ਦੂਸਰਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਵਾਰਸ ਬਣਨ ਲੱਗਿਆ ਮਨਪ੍ਰੀਤ ਬਾਦਲ ਕੀ ਸੱਚਮੁੱਚ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਲਈ ਦਰ-ਦਰ ਭਟਕ ਰਿਹਾ ਹੈ ਜਾਂ ਫੇਰ ਆਪਣੀ ਸਿਆਸੀ ਵਿਰਾਸਤ ਹਾਸਲ ਕਰਨ ਲਈ ਹੀ ਪਿੰਡਾਂ ਦੀ ਖਾਕ ਛਾਣਦਾ ਫਿਰਦਾ ਹੈ।
ਮਨਪ੍ਰੀਤ ਬਾਦਲ ਵੱਲੋਂ ਲਏ ਗਏ ਸਟੈਂਡ ਦੇ ਪਿਛੋਕੜ ਵਿਚਲੇ ਕਾਰਨ ਬਾਰੇ ਉਸਦੇ ਪਿਤਾ ਗੁਰਦਾਸ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਕੁਝ ਅਖ਼ਬਾਰਾਂ ਨੂੰ ਦਿੱਤੀ ਇੰਟਰਵਿਊ ਵਿਚ ਸਪੱਸ਼ਟ ਕਰ ਦਿਤਾ ਹੈ ਕਿ ਉਹਨਾਂ ਦਾ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨਾਲ ਇਹ ਸਮਝੌਤਾ ਹੋਇਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਕੇਂਦਰੀ ਸਿਆਸਤ ਵਿਚ ਸਰਗਰਮ ਕੀਤਾ ਜਾਵੇਗਾ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਦੀ ਅਕਾਲੀ ਸਿਆਸਤ ਦਾ ਵਾਰਸ ਬਣਾਇਆ ਜਾਵੇਗਾ, ਪਰ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਹੁਣ ਜਦੋਂ ਪੰਜਾਬ ਦੀ ਅਕਾਲੀ ਸਿਆਸਤ ਦੀ ਅਖੀਰਲੀ ਚਾਬੀ ਭਾਵ ਮੁੱਖ ਮੰਤਰੀ ਦੀ ਕੁਰਸੀ ਸੰਭਾਉਣ ਦੀ ਤਿਆਰੀ ਹੋਣ ਲੱਗੀ ਹੈ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਸਟੈਂਡ ਲੈਣਾ ਪਿਆ ਹੈ। ਗੁਰਦਾਸ ਬਾਦਲ ਦੀ ਇੰਟਰਵਿਊ ਬਿਲਕੁਲ ਸਾਫ਼ ਕਰਦੀ ਹੈ ਕਿ ਮਨਪ੍ਰੀਤ ਬਾਦਲ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿਆਸਤ ਦਾ ਵਾਰਸ ਬਨਾਉਣ ਸਬੰਧੀ ਕੀਤੀ ਵਾਅਦਾ ਖ਼ਿਲਾਫੀ ਦੇ ਵਿਰੁਧ ਹੀ ਮੈਦਾਨ ਵਿਚ ਉਤਾਰਿਆ ਹੈ। ਮਨਪ੍ਰੀਤ ਬਾਦਲ ਵੱਲੋਂ ਪੰਜਾਬ ਦੇ ਕਰਜ਼ੇ ਸਬੰਧੀ ਲਏ ਗਏ ਸਟੈਂਡ ਅਤੇ ਆਪਣੇ ਸਟੈਂਡ ਬਾਰੇ ਕੀਤੇ ਜਾ ਰਹੇ ਪ੍ਰਚਾਰ 'ਚ ਕਿੰਨੀ ਕੁ ਸਚਾਈ ਹੈ, ਇਸ ਸਬੰਧੀ ਵੱਡੇ ਸ਼ੰਕੇ ਇਸ ਗੱਲ ਤੋਂ ਹੀ ਉਤਪੰਨ ਹੋਣੇ ਸ਼ੁਰੂ ਹੋ ਗਏ ਹਨ ਕਿ ਕੇਂਦਰ ਵੱਲੋਂ ਜਿਸ ਕਰਜ਼ਾ ਮੁਆਫ਼ੀ ਕਰਨ ਦਾ ਪ੍ਰਚਾਰ ਮਨਪ੍ਰੀਤ ਬਾਦਲ ਜ਼ੋਰ-ਸ਼ੋਰ ਨਾਲ ਕਰ ਰਿਹਾ ਹੈ, ਉਸ ਬਾਰੇ ਕੇਂਦਰੀ ਵਿੱਤ ਮੰਤਰੀ ਸਮੇਤ ਕੇਂਦਰ ਸਰਕਾਰ ਦੇ ਕਿਸੇ ਹੋਰ ਮੰਤਰੀ ਜਾਂ ਅਧਿਕਾਰੀ ਨੇ ਇਸ ਕਰਜ਼ੇ ਦੀ ਮੁਆਫ਼ੀ ਬਾਰੇ ਕਦੇ ਇਕ ਵੀ ਸ਼ਬਦ ਨਹੀਂ ਬੋਲਿਆ। ਉਸ ਤੋਂ ਉਲਟ ਪੰਜਾਬ ਕਾਂਗਰਸ ਨੇ ਵੀ ਮਨਪ੍ਰੀਤ ਬਾਦਲ ਦੀਆਂ ਗੱਲਾਂ ਦਾ ਕਦੇ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਇਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਜੇਕਰ ਸੱਚਮੁੱਚ ਕੇਂਦਰ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੀ ਗੱਲ ਸ਼ੁਰੂ ਕੀਤੀ ਗਈ ਸੀ ਤਾਂ ਇਸ ਨਾਲ ਪੰਜਾਬ ਕਾਂਗਰਸ ਨੂੰ ਲੋਕਾਂ ਕੋਲ ਜਾਣ ਦਾ ਇਕ ਵੱਡਾ ਮੁੱਦਾ ਮਿਲਣਾ ਚਾਹੀਦਾ ਸੀ ਕਿ ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬ ਸਿਰੋਂ ਕਰਜ਼ਾ ਲਾਹੁਉਣ ਲਈ ਕਿੰਨੀ ਸੁਹਿਰਦ ਹੈ। ਇਸ ਲਈ ਪੰਜਾਬ ਕਾਂਗਰਸ ਨੂੰ ਆਪਣੇ ਪ੍ਰਚਾਰ ਦੇ ਨਾਲ-ਨਾਲ ਅਕਾਲੀ-ਭਾਜਪਾ ਸਰਕਾਰ ਨੂੰ ਭੰਡਣ ਦਾ ਵੀ ਵਧੀਆ ਮੌਕਾ ਮਿਲਿਆ ਸੀ, ਪਰ ਪੰਜਾਬ ਕਾਂਗਰਸ ਮਨਪ੍ਰੀਤ ਦੇ ਸਟੈਂਡ ਦੀ ਪ੍ਰਸੰਸਾ ਕਰਨ ਦੀ ਥਾਂ ਉਸਦੀ ਗੱਲ ਨੂੰ ਅਣਗੌਲਿਆ ਕਰਨ ਲਈ ਯਤਨਸ਼ੀਲ ਹੈ। ਜਿਸਦਾ ਸਬੂਤ ਇਹ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਕ ਨਹੀਂ, ਸਗੋਂ ਕਈ ਵਾਰ ਮਨਪ੍ਰੀਤ ਬਾਦਲ ਦੇ ਉਲਟ ਬਿਆਨਬਾਜੀ ਵੀ ਕਰ ਚੁੱਕੇ ਹਨ। ਦੂਸਰੀ ਗੱਲ ਜੋ ਮਨਪ੍ਰੀਤ ਦੀ ਰੈਲੀਆਂ ਵਿਚੋਂ ਦੇਖਣ ਨੂੰ ਮਿਲ ਰਹੀ ਹੈ ਕਿ ਮਨਪ੍ਰੀਤ ਬਾਦਲ ਆਪਣੀ ਹਰ ਤਕਰੀਰ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ ਦੀ ਕਈ ਘਟਨਾਵਾਂ ਸੁਣਾ ਕੇ ਇਹ ਪ੍ਰਭਾਵ ਸਿਰਜਣ ਦਾ ਯਤਨ ਕਰ ਰਿਹਾ ਹੈ ਕਿ ਸ੍ਰ: ਭਗਤ ਸਿੰਘ ਦੀ ਸੋਚ ਦਾ ਉਹੀ ਵਾਰਸ ਹੈ, ਕੁਝ ਹੱਦ ਤੱਕ ਉਹ ਇਸ ਤਰਾਂ ਦਾ ਪ੍ਰਭਾਵ ਨੂੰ ਸਿਰਜਣ ਵਿਚ ਕਾਮਯਾਬ ਵੀ ਰਿਹਾ ਹੈ, ਜਿਸ ਦੇ ਕਾਰਨ ਹੀ ਸਾਇਦ ਸ਼ਹੀਦ-ਏ-ਆਜ਼ਮ ਦੇ ਕੁਝ ਪਰਿਵਾਰਿਕ ਮੈਂਬਰਾਂ ਨੇ ਵੀ ਉਸਨੂੰ ਸਮਰੱਥਨ ਦਿਤਾ ਹੈ। ਇਸ ਸਾਰੇ ਵਰਤਾਰੇ ਵਿਚ ਇਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਕੀ ਮਨਪ੍ਰੀਤ ਬਾਦਲ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੇ ਸਰਕਾਰ ਛੱਡਣ ਤੋਂ ਬਾਅਦ ਹੀ ਅਸਰ ਕੀਤਾ ਹੈ? ਸਰਕਾਰ ਵਿਚ ਰਹਿੰਦਿਆਂ ਪਹਿਲਾਂ ਤਾਂ ਕਦੇ ਵੀ ਮਨਪ੍ਰੀਤ ਸਿੰਘ ਬਾਦਲ ਨੇ ਸ੍ਰ: ਭਗਤ ਸਿੰਘ ਸਮੇਤ ਦੂਸਰੇ ਸ਼ਹੀਦਾਂ ‘ਜਿਹਨਾਂ ਦਾ ਹੁਣ ਉਹ ਆਪਣੀ ਹਰ ਤਕਰੀਰ ਵਿਚ ਜਿਕਰ ਕਰਦਾ ਨਹੀਂ ਥੱਕਦਾ, ਬਾਰੇ ਕਦੇ ਵੀ ਜਨਤਕ ਤੌਰ 'ਤੇ ਨਾ ਹੀ ਤਾਂ ਜਿਕਰ ਕੀਤਾ ਸੀ ਅਤੇ ਨਾ ਹੀ ਸਰਕਾਰ ਵਿਚ ਰਹਿੰਦਿਆਂ ਉਹਨਾਂ ਦੀ ਸੋਚ ਬਾਰੇ ਕਦੇ ਕੋਈ ਮਾਅਰਕੇ ਵਾਲਾ ਕੋਈ ਕਾਰਜ ਕੀਤਾ। ਵੱਡੀ ਜਾਇਦਾਦ ਅਤੇ ਟਰਾਂਸਪੋਰਟ ਦੇ ਮਾਲਕ ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਲੈ ਕੇ ਤੁਰੀ ਆ ਰਹੀ ਭਾਰਤ ਨੌਜਵਾਨ ਸਭਾ ਦੀ ਮੰਗ ਉਪਰ ਸਟੂਡੈਂਟਾਂ ਨੂੰ ਬੱਸ ਕਰਾਇਆ ਮੁਆਫ਼ ਕਰਨ ਅਤੇ ਆਈਕਾਰਡ ਵਰਗੀ ਸਹੂਲਤ ਦੇਣ ਲਈ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਿੰਦੇ ਲੋਕਾਂ ਉਪਰ ਹੁੰਦੇ ਪੁਲਿਸ ਲਾਠੀਚਾਰਜਾਂ ਦੀ ਕਦੇ ਨਿਖੇਧੀ ਤੱਕ ਨਹੀਂ ਕੀਤੀ। ਇਹ ਸਾਰੀਆਂ ਗੱਲਾਂ ਮਨਪ੍ਰੀਤ ਸਿੰਘ ਬਾਦਲ ਦੇ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਪ੍ਰਤੀ ਉਪਜੇ ਹੇਜ ਉਪਰ ਪ੍ਰਸ਼ਨ ਚਿੰਨ ਲਾਉਂਦੀਆਂ ਹਨ ਅਤੇ ਪੰਜਾਬ ਦੀ ਜਾਗਰੂਕ ਜਨਤਾ ਲਈ ਇਕ ਸੋਚਣ ਦਾ ਵਿਸ਼ਾ ਬਣਦੀਆਂ ਹਨ। ਇਸ ਸਭ ਤੋਂ ਵੱਖਰੀ ਗੱਲ ਇਕ ਇਹ ਵੀ ਹੈ ਕਿ ਅਕਾਲੀ ਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਪੰਜਾਬੀ ਦਲ ਵਿਚ ਤਬਦੀਲ ਕਰਦਿਆਂ ਮੋਗੇ ਵਿਚ ਐਲਾਨ ਕਰ ਦਿਤਾ ਸੀ ਕਿ ਹੁਣ ਅਕਾਲੀ ਦਲ ਦਾ ਪੁਰਾਤਨ ਰੂਪ ਖ਼ਤਮ ਕਰਕੇ ਇਸ ਨੂੰ ਲੋਕਤੰਤਰਿਕ ਪਾਰਟੀ ਵਿਚ ਬਦਲ ਦਿਤਾ ਗਿਆ ਹੈ। ਮਨਪ੍ਰੀਤ ਬਾਦਲ ਵੀ ਉਸੇ ਵਰਤਾਰੇ ਵਿਚੋਂ ਉਪਜਿਆ ਹੋਇਆ ਆਗੂ ਹੈ ਅਤੇ ਉਸਦੀ ਸਿਆਸਤ ਵੀ ਪੁਰਾਤਨ ਅਕਾਲੀ ਦਲ ਦੇ ਅਸੂਲਾਂ ਨੂੰ ਕਦੇ ਵੀ ਨਹੀਂ ਅਪਣਾ ਸਕਦੀ। ਅੱਜ ਪੰਜਾਬ ਅੰਦਰ ਪੰਥ ਦੇ ਨਾਮ ਉਪਰ ਰਾਜਨੀਤੀ ਕਰ ਰਹੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਜਦੋਂ ਅਕਾਲੀ ਦਲ ਦੇ ਮੁਢਲੇ ਅਸੂਲਾਂ ਤੋਂ ਹੀ ਮੁਨਕਰ ਹੋ ਕੇ ਤੁਰ ਪਏ ਹਨ ਤਾਂ ਪੰਥ ਦਾ ਢਿੰਡੋਰਾ ਪਿੱਟ ਕੇ ਇਹਨਾਂ ਦੇ ਪਿਛਲੱਗ ਹੋਕੇ ਤੁਰਨ ਵਾਲੇ ਅਕਾਲੀ ਆਗੂਆਂ ਨੂੰ ਵੀ ਅਸਲੀਅਤ ਨੂੰ ਸਮਝਣ ਦਾ ਵੇਲਾ ਆ ਚੁੱਕਿਆ ਹੈ। ਹੁਣ ਪੰਜਾਬ ਦੀ ਜਾਗਰੂਕ ਜਨਤਾ ਸਾਹਮਣੇ ਇਹ ਸਵਾਲ ਖੜਾ ਹੈ ਕਿ ਉਹ ਰਾਜਨੀਤਿਕ ਲੋਕਾਂ ਦੀ ਅਸਲੀਅਤ ਨੂੰ ਸਮਝੇ ਤਾਂ ਹੀ ਪੰਜਾਬ ਤੇ ਪੰਥ ਦਾ ਭਵਿੱਖ ਨੂੰ ਸੰਵਾਰਿਆ ਜਾ ਸਕਦਾ ਹੈ।

No comments: