ਮੱਕੜ ਸਾਬ ਨੂੰ ਗੁਰੂ ਦੀ ਨਈਂ ਬਾਦਲ ਦੀ ਗੱਲ ਕਰਨ ਵਾਲਾ ਈ ਸੱਚਾ ਸਿੱਖ ਲੱਗਦੈ
‘‘ਬਾਬਾ ਜੀ! ਮੱਕੜ ਸਾਬ ਕਹਿੰਦੇ ਨੇ ਬਈ ਬਾਬਾ ਦਾਦੂਵਾਲ ਕਾਂਗਰਸ ਦਾ ਏਜੰਟ ਐ ਤੇ ਉਹਦਾ ਸਨਮਾਨ ਕਰਨ ਆਲੇ ਵੀ ਬਹੁਤ ਗਲਤ ਕੰਮ ਕਰ ਰਹੇ ਨੇ'' ਬਿੱਕਰ ਨੇ ਗੱਲ ਤੋਰੀ। ‘‘ਆਹੋ ਭਾਈ! ਮੱਕੜ ਸਾਬ ਲਈ ਤਾਂ ਬਾਦਲ ਪਰਵਾਰ ਦੀ ਭਗਤੀ ਈ ਦੁਨੀਆਂ ਦੀ ਸਭ ਤੋਂ ਚੰਗੀ ਚੀਜ਼ ਐ, ਉਹਦੇ ਲਈ ਤਾਂ ਜਿਹੜਾ ਬਾਦਲ ਪਰਵਾਰ ਦਾ ਭਗਤ ਐ ਉਹੀ ਸੱਚਾ ਸਿੱਖ ਐ, ਬਾਕੀ ਤਾਂ ਸਾਰੇ ਕਾਂਗਰਸ ਦੇ ਏਜੰਟ ਈ ਦਿਸਦੇ ਨੇ ਮੱਕੜ ਸਾਬ ਨੂੰ'' ਬਾਬਾ ਲਾਭ ਸਿੰਘ ਨੇ ਜਵਾਬ ਦਿੱਤਾ। ‘‘ਫੇਰ ਤਾਂ ਮੱਕੜ ਸਾਬ ਨੇ ਠੀਕ ਈ ਕਿਹੈ, ਕਿਉਂ ਅਮਲੀਆ?'' ਸ਼ਿੰਦੇ ਨੇ ਬਿੱਕਰ ਨੂੰ ਸੈਨਤ ਮਾਰੀ। ‘‘ਆਹੋ ਕਾਮਰੇਡਾ! ਫੇਰ ਤਾਂ ਮੱਕੜ ਸਾਬ ਦੇ ਹਿਸਾਬ ਨਾਲ ਸਾਨੂੰ ਸੌਦਾ ਸਾਧ ਦਾ ਤੇ ਉਹਦੇ ਚੇਲਿਆਂ ਦਾ ਸਨਮਾਨ ਕਰਨਾ ਚਾਹੀਦੈ, ਜੋ ਸਿੱਖੀ ਦਾ ਪ੍ਰਚਾਰ ਕਰਨ ਤੇ ਡੇਰਾਵਾਦ ਖ਼ਿਲਾਫ਼ ਬੋਲਣ ਕਰਕੇ ਸੰਤ ਦਾਦੂਵਾਲ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਨੇ ਜਾਂ ਫਿਰ ਉਹਨਾਂ ਦਾ ਸਨਮਾਨ ਕਰਨਾ ਚਾਹੀਦੈ, ਜਿਹਨਾਂ ਨੇ ਪਿਛਲੇ ਸਾਲ ਲੁਧਿਆਣੇ ਨੂਰਮਹਿਲੀਏ ਦੇ ਪ੍ਰੋਗਰਾਮ ਦਾ ਵਿਰੋਧ ਕਰਦੇ ਸਿੱਖਾਂ 'ਤੇ ਗੋਲੀਆਂ ਚਲਾਈਆਂ ਸੀ'' ਬਿੱਕਰ ਨੇ ਵੀ ਅੱਗੋਂ ਠੋਕ ਕੇ ਜਵਾਬ ਦਿੱਤਾ। ‘‘ਪੁੱਤਰੋ! ਰਾਜਨੀਤੀ 'ਚ ਹਰ ਕਿਸੇ ਆਗੂ ਨੂੰ ਦੂਜਿਆਂ ਦੀ ਨੁਕਤਾਚੀਨੀ ਕਰਨੀ ਈ ਪੈਂਦੀ ਐ, ਪਰ ਇਹ ਨੁਕਤਾਚੀਨੀ ਵੀ ਤਾਂ ਕਿਸੇ ਹੱਦ ਤੱਕ ਈ ਚੰਗੀ ਲੱਗਦੀ ਐ, ਮੱਕੜ ਸਾਬ ਦਿੱਲੀ ਆਲੇ ਸਰਨੇ ਨੂੰ ਕਾਂਗਰਸ ਦਾ ਏਜੰਟ ਕਹੀ ਜਾਣ ਜਾਂ ਕਾਂਗਰਸ ਦਾ ਚਮਚਾ ਕਹੀ ਜਾਣ, ਇਹ ਗੱਲ ਕਿਸੇ ਹੱਦ ਤੱਕ ਲੋਕਾਂ ਨੂੰ ਖੱਟਕਦੀ ਨਈਂ, ਪਰ ਭਾਈ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲਿਆਂ ਖ਼ਿਲਾਫ਼ ਬੋਲਣ ਤੋਂ ਪਹਿਲਾਂ ਮੱਕੜ ਸਾਬ ਨੂੰ ਇਹ ਵੀ ਸੋਚਣਾ ਚਾਹੀਦੈ, ਬਈ ਉਹ ਸਿਰਫ਼ ਬਾਦਲ ਪਰਵਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਨਈਂ ਬੋਲਦੇ, ਸਗੋਂ ਉਹ ਜਦੋਂ ਬੋਲਦੇ ਨੇ ਤਾਂ ਬਹੁਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੀ ਤੇ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਬੋਲਦੈ, ਤੇ ਇਕ ਸਿਰਮੌਰ ਸਿੱਖ ਸੰਸਥਾ ਦਾ ਮੁਖੀ ਇਕ ਉਸ ਸਿੱਖ ਸੰਤ ਮਹਾਂਪੁਰਸ਼ ਬਾਰੇ ਇਹੋ ਜਿਹੀ ਘਟੀਆ ਗੱਲ ਕਰੇ, ਜਿਹਨੇ ਸਾਰਾ ਜੀਵਨ ਹੀ ਸਿੱਖੀ ਲਈ ਲਾ ਦਿੱਤਾ ਹੋਵੇ ਤੇ ਹਰ ਸਿੱਖ ਸੰਘਰਸ਼ ਸਮੇਂ ਸਿੱਖੀ ਦੇ ਦੁਸ਼ਮਣਾਂ ਨੂੰ ਮੂਹਰਲੀ ਕਤਾਰ 'ਚ ਖੜ ਕੇ ਲਲਕਾਰਦਾ ਹੋਵੇ'' ਬਾਬਾ ਲਾਭ ਸਿੰਘ ਨੇ ਐਨਕਾਂ ਲਾਹ ਕੇ ਪਰਨੇ ਨਾਲ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ। ‘‘ਬਾਬਾ ਜੀ! ਪਤਾ ਨਈਂ ਕਿਉਂ ਸਾਡੇ ਧਾਰਮਿਕ ਆਗੂ ਵੀ ਰਾਜਨੀਤੀ ਦੀਆਂ ਸਾਰੀਆਂ ਹੱਦਾਂ ਤੋੜ ਕੇ ਬਿਆਨਬਾਜੀ ਕਰਨ ਲੱਗ ਜਾਂਦੇ ਨੇ'' ਸ਼ਿੰਦੇ ਨੇ ਬਾਬਾ ਲਾਭ ਸਿੰਘ ਦੇ ਕਹੇ ਦੀ ਪੁਸ਼ਟੀ ਕੀਤੀ। ‘‘ਓ ਕਾਮਰੇਡਾ! ਇਹ ਕਹਿਣ ਨੂੰ ਧਾਰਮਿਕ ਆਗੂ ਕਹੇ ਜਾਂਦੇ ਨੇ, ਧਰਮ ਤਾਂ ਇਹਨਾਂ ਦੇ ਕੋਲ ਦੀ ਨਈਂ ¦ਘਦਾ, ਧਰਮ ਦੀ ਗੱਲ ਤਾਂ ਇਹ ਐ ਬਈ ਇਹਨਾਂ ਨੇ ਕੀ ਰਾਜਨੀਤੀ ਤੋਂ ਟੀਂਡੇ ਲੈਣ ਨੇ, ਜੇ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਪ੍ਰਧਾਨਗੀ ਮਿਲੀ ਐ ਤਾਂ ਸੱਚੇ ਦਿਲ ਨਾਲ ਸਿੱਖੀ ਦੀ ਚੜਦੀ ਕਲਾ ਲਈ ਕੌਮ ਦੀ ਸੇਵਾ ਕਰਨ'' ਬਿੱਕਰ ਨੂੰ ਟੋਕਦਿਆਂ ਸ਼ਿੰਦੇ ਨੇ ਕਿਹਾ ‘‘ਓ ਅਮਲੀਆ! ਇਹਨਾਂ ਨੂੰ ਤਾਂ ਇਹੀ ਭਰਮ ਐ, ਬਈ ਪ੍ਰਧਾਨਗੀ ਦੀ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਨਹੀਂ ਮਿਲੀ, ਸਗੋਂ ਬਾਦਲ ਪਰਵਾਰ ਦੀ ਕ੍ਰਿਪਾ ਨਾਲ ਮਿਲੀ ਐ, ਇਸੇ ਕਰਕੇ ਮੱਕੜ ਸਾਬ ਨੂੰ ਗੁਰੂ ਦੀ ਨਈਂ ਬਾਦਲ ਦੀ ਗੱਲ ਕਰਨ ਵਾਲਾ ਈ ਸੱਚਾ ਸਿੱਖ ਲੱਗਦੈ'' ਸ਼ਿੰਦੇ ਦੀ ਗੱਲ 'ਤੇ ਹੱਸਦਿਆਂ ਬਾਬਾ ਲਾਭ ਸਿੰਘ ਨੇ ਕਿਹਾ ‘‘ਤਾਂਹੀ ਭਾਈ! ਇਹਨਾਂ ਲਈ ਬਾਦਲ ਸੇਵਾ ਈ ਪਰਮ ਧਰਮ ਬਣੀ ਹੋਈ ਐ'' ਬਾਬਾ ਲਾਭ ਸਿੰਘ ਦੀ ਗੱਲ 'ਤੇ ਸਾਰੇ ਹੱਸ ਪਏ।
No comments:
Post a Comment