Monday, December 6, 2010

ਦੁਨੀਆਂ ਨਸ਼ਟ ਨਹੀਂ ਹੋਵੇਗੀ ( Megh Raj Mittar )


ਮੈਂ ਅਧਿਆਪਕ ਰਿਹਾ ਹਾਂ। ਮੈਂ ਦੱਸ ਸਕਦਾ ਸਾਂ ਕਿ ਮੇਰੀ ਜਮਾਤ ਵਿਚੋਂ ਕਿਹੜਾ ਵਿਦਿਆਰਥੀ ਪਹਿਲੇ ਨੰਬਰ ਤੇ ਅਤੇ ਕਿਹੜਾ ਦੂਜੇ ਨੰਬਰ ਤੇ ਆਵੇਗਾ ਅਤੇ ਅਕਸਰ ਮੇਰੀ ਇਹ ਭਵਿੱਖਬਾਣੀ ਸਹੀ ਸਿੱਧ ਹੋਇਆ ਕਰਦੀ ਸੀ ਕਿਉਂਕਿ ਮੇਰਾ ਇਹ ਭਵਿੱਖਬਾਣੀ ਕਰਨ ਦਾ ਆਧਾਰ ਜਮਾਤ ਵਿਚ ਵਿਦਿਆਰਥੀਆਂ ਦੇ ਲਏ ਗਏ ਟੈਸਟ ਹੁੰਦੇ ਸਨ। ਸੋ ਕਿਸੇ ਵੀ ਭਵਿੱਖਬਾਣੀ ਦੇ ਸਹੀ ਹੋਣ ਲਈ ਇਹ ਗੱਲ ਅਤਿਅੰਤ ਜ਼ਰੂਰੀ ਹੈ ਕਿ ਉਸ ਭਵਿੱਖਬਾਣੀ ਕਰਨ ਦਾ ਆਧਾਰ ਸਹੀ ਹੋਵੇ। ਦੁਨੀਆਂ ਦੇ ਇਤਿਹਾਸ ਤੇ ਜੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਸਾਡੇ ਸਾਹਮਣੇ ਦੁਨੀਆਂ ਦੇ ਨਸ਼ਟ ਹੋ ਜਾਣ ਦੀਆਂ ਸੈਂਕੜੇ ਭਵਿੱਖਬਾਣੀਆਂ ਆ ਜਾਣਗੀਆਂ ਜਿਹੜੀਆਂ ਸਭ ਝੂਠੀਆਂ ਸਾਬਤ ਹੋਈਆਂ ਹਨ। ਹੇਠਾਂ ਮੈਂ ਅਜਿਹੀਆਂ ਹੀ ਕੁੱਝ ਭਵਿੱਖਬਾਣੀਆਂ ਦਰਸਾ ਰਿਹਾ ਹਾਂ।
960 ਈਸਵੀ ਵਿਚ ਯੂਰਪ ਦੇ ਇਕ ਵਿਦਵਾਨ ਬਰਨਾਰਡ ਨੇ ਇਹ ਭਵਿੱਖਬਾਣੀ ਕੀਤੀ ਕਿ ਸੰਨ 992 ਵਿਚ ਦੁਨੀਆਂ ਨਸ਼ਟ ਹੋ ਜਾਵੇਗੀ। ਦੁਨੀਆਂ ਤਾਂ ਨਸ਼ਟ ਨਾ ਹੋਈ ਪਰ ਬਰਨਾਰਡ ਉਸ ਤੋਂ ਪਹਿਲਾਂ ਹੀ ਦੁਨੀਆਂ ਛੱਡ ਗਿਆ।
ਫਿਰ ਇਹ ਕਿਹਾ ਜਾਣ ਲੱਗ ਪਿਆ ਕਿ ਈਸਾ ਮਸੀਹ ਦੇ ਜਨਮ ਤੋਂ ਠੀਕ ਇੱਕ ਹਜ਼ਾਰ ਸਾਲ ਬਾਅਦ 31 ਦਸੰਬਰ 999 ਨੂੰ ਦੁਨੀਆਂ ਤੇ ਪਰਲੋ ਆ ਜਾਵੇਗੀ। ਕਿਸਾਨਾਂ ਨੇ ਉਸ ਸਾਲ ਫ਼ਸਲਾਂ ਵੀ ਨਾ ਬੀਜੀਆਂ। ਦੁਨੀਆਂ ਦੇ ਖਤਮ ਹੋਣ ਤੋਂ ਬਾਅਦ ਅਨਾਜ਼ ਤੋਂ ਕਰਵਾਉਣਾ ਵੀ ਕੀ ਸੀ? ਪਰ ਇਹ ਸਾਲ ਵੀ ਸਹੀ ਸਲਾਮਤ ਲੰਘ ਗਿਆ। ਪਰ ਅਗਲੇ ਸਾਲ ਅਨਾਜ਼ ਦੀ ਕਮੀ ਕਾਰਨ ਕੁੱਝ ਆਕਾਲ ਜ਼ਰੂਰ ਪੈ ਗਏ। ਫਿਰ ਇਹ ਦਾਅਵਾ ਕੀਤਾ ਜਾਣ ਲੱਗ ਪਿਆ ਕਿ 23 ਸਤੰਬਰ 1179 ਨੂੰ ਸਾਰੇ ਗ੍ਰਹਿ ਇੱਕੋ ਰਾਸ਼ੀ ਵਿੱਚ ਇਕੱਠੇ ਹੋ ਜਾਣਗੇ। ਪਰਜਾ ਨੇ ਤਾਂ ਅਜਿਹਾ ਕਰਨਾ ਹੀ ਸੀ ਸਗੋਂ ਰਾਜਿਆਂ ਨੇ ਵੀ ਆਪਣੇ ਮਹਿਲਾਂ ਦੇ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ ਅਤੇ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਧਿਆਨ ਲਾ ਲਿਆ ਪਰ ਉਸ ਸਮੇਂ ਵੀ ਧਰਤੀ ਤੇ ਇੱਕ ਦੀਵਾ ਵੀ ਨਾ ਬੁਝਿਆ।
ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ 1524 ਵਿਚ ਵੀ ਕੀਤੀਆਂ ਗਈਆਂ। ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਅਤੇ ਸਮੁੰਦਰੀ ਜਹਾਜ਼ਾਂ ਵਿਚ ਡੇਰੇ ਲਾ ਲਏ। ਪਰ ਉਸ ਦਿਨ ਹੜ੍ਹ ਤਾਂ ਕੀ ਆਉਣੇ ਸੀ ਸਗੋਂ ਇੱਕ ਕਣੀ ਵੀ ਨਾ ਪਈ।
ਇਸ ਤਰ੍ਹਾਂ ਦੀਆਂ ਕਈ ਭਵਿੱਖਬਾਣੀਆਂ ਬ੍ਰਹਮਕੁਮਾਰੀ ਆਸ਼ਰਮ ਦੇ ਸੰਸਥਾਪਕ ਲਾਲਾ ਲੇਖ ਰਾਜ ਜੀ ਵੱਲੋਂ ਵੀ ਕੀਤੀਆਂ ਗਈਆਂ ਸਨ ਤੇ ਇਹ ਹੁਣ ਵੀ ਉਨ੍ਹਾਂ ਦੀਆਂ ਪੁਰਾਤਨ ਕਿਤਾਬਾਂ ਵਿਚ ਦਰਜ਼ ਹਨ। ਪਰ ਹਰ ਵਾਰ ਇਹ ਝੂਠ ਹੀ ਨਿਕਲਦੀਆਂ ਰਹੀਆਂ।
ਅੱਸੀਵਿਆਂ ਦਹਾਕੇ ਵਿਚ ਪੰਜਾਬ ਵਿਚ ਵੀ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਰਹੀਆਂ ਹਨ। ਕਦੇ ਕਿਹਾ ਜਾਂਦਾ ਸੀ ਕਿ ਅੱਠ ਗ੍ਰਹਿ ਇਕੱਠੇ ਹੋਣਗੇ ਅਤੇ ਇਸ ਸਮੇਂ ਲੋਕ ਰਾਤਾਂ ਨੂੰ ਘਰਾਂ ਤੋਂ ਬਾਹਰ ਸੌਂਦੇ। ਇਹ ਸਭ ਕੁਝ ਝੂਠ ਦਾ ਪੁਲੰਦਾ ਹੀ ਸਾਬਤ ਹੋਇਆ।
ਹੁਣ ਇਹ ਕਿਹਾ ਜਾ ਰਿਹਾ ਹੈ ਕਿ ਦੁਨੀਆ 21 ਦਸੰਬਰ 2012 ਨੂੰ ਨਸ਼ਟ ਹੋ ਜਾਵੇਗੀ। ਇਸ ਗੱਲ ਨੂੰ ਕਹਿਣ ਲਈ ਉਹਨਾਂ ਨੇ ਮਾਇਆ ਸਭਿਅਤਾ ਦੀ ਨਾ ਸਮਝ ਆਉਣ ਵਾਲੀ ਭਾਸ਼ਾ ਵਿਚ ਲਿਖੇ ਕਲੈਂਡਰ ਨੂੰ ਇਸ ਗੱਲ ਲਈ ਆਧਾਰ ਬਣਾਇਆ ਹੈ। ਇਹ ਗੱਲ ਪੂਰੀ ਤਰ੍ਹਾਂ ਝੂਠੀ ਹੈ। ਮਾਇਆ ਸਭਿਅਤਾ ਦੱਖਣੀ ਅਮਰੀਕਾ ਦੇ ਇਕ ਦੇਸ਼ ਮੈਕਸੀਕੋ ਵਿਚ ਫੈਲੀ ਹੋਈ ਸੀ। ਇਸ ਸਭਿਅਤਾ ਦੇ ਸਾਰੇ ਲੋਕ ਅੱਜ ਤੋਂ ਚਾਰ ਸੌ ਸਾਲ ਪਹਿਲਾਂ ਵਿਦੇਸ਼ੀਆਂ ਦੇ ਹਮਲਿਆਂ ਕਾਰਨ ਅਤੇ ਉਹਨਾਂ ਦੇ ਨਾਲ ਆਏ ਕੀਟਾਣੂਆਂ ਕਰਕੇ ਸਦਾ ਲਈ ਖ਼ਤਮ ਹੋ ਗਏ ਸਨ। ਕਹਿਣ ਦਾ ਮਤਲਬ ਹੈ ਕਿ ਜਿਹੜੇ ਲੋਕ ਆਪਣੇ ਖ਼ਤਮ ਹੋਣ ਦੇ ਕਾਰਨਾਂ ਦੀ ਭਵਿੱਖਬਾਣੀ ਨਾ ਕਰ ਸਕੇ ਕੀ ਉਹਨਾਂ ਦੀ ਦੁਨੀਆਂ ਦੇ ਖ਼ਾਤਮੇ ਬਾਰੇ ਕੀਤੀ ਭਵਿੱਖਬਾਣੀ ਦਰੁਸਤ ਹੋ ਸਕਦੀ ਹੈ। ਉਂਝ ਵੀ ਉਹਨਾਂ ਦੇ ਕੈਲੰਡਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤਿਆਰ ਕੀਤੇ ਗਏ ਸਨ ਉਸ ਸਮੇਂ ਲੋਕਾਂ ਕੋਲ ਨਾ ਤਾਂ ਅੱਜ ਦੇ ਵਿਗਿਆਨਕ ਉਪਕਰਣ ਤੇ ਨਾ ਹੀ ਵਿਗਿਆਨਕ ਜਾਣਕਾਰੀ ਉਪਲਬਧ ਸੀ। ਸੋ ਉਹਨਾਂ ਨੇ ਜੋ ਕੁਝ ਵੀ ਕੀਤਾ ਉਹ ਅਟਕਲਾਂ ਹੀ ਹਨ। ਕੈਲੰਡਰ ਦੀ ਮਿਤੀ ਅੱਜ ਦੇ ਅੰਧ ਵਿਸ਼ਵਾਸੀਆਂ ਵੱਲੋਂ ਉਹਨਾਂ ਦੇ ਅੰਕੜਿਆਂ ਨੂੰ ਤੋੜ ਮਰੋੜ ਕੇ ਬਣਾਈ ਗਈ ਹੈ ਜਿਸਦਾ ਦਰੁਸਤ ਹੋਣਾ ਉਂਝ ਹੀ ਗ਼ਲਤ ਹੈ।
ਦੂਸਰੀ ਦਲੀਲ ਉਹ ਸੂਰਜ ਤੋਂ ਉੱਠਣ ਵਾਲੇ ਤੂਫਾਨਾਂ ਦੀ ਦਿੰਦੇ ਹਨ। ਉਹਨਾਂ ਅਨੁਸਾਰ ਸੂਰਜ ਤੋਂ ਅਜਿਹੇ ਤੂਫਾਨ ਉੱਠਣਗੇ ਜਿਹੜੇ ਧਰਤੀ ਤੇ ਤਬਾਹੀ ਦਾ ਕਾਰਨ ਬਣਨਗੇ। ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਸੂਰਜ ਵਿਚੋਂ ਸਮੇਂ ਸਮੇਂ ਸਿਰ ਗੈਸਾਂ ਦੇ ਤੂਫਾਨ ਉੱਠਦੇ ਹੀ ਰਹਿੰਦੇ ਹਨ। ਇਨ੍ਹਾਂ ਵਿਚੋਂ ਕੁਝ ਧਰਤੀ ਤੱਕ ਵੀ ਪੁੱਜ ਕੇ ਰੇਡੀਓ ਸਿਗਨਲਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਕੁਝ ਨੁਕਸਾਨ ਪੁਚਾ ਜਾਂਦੇ ਹਨ। 1958 ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸੂਰਜੀ ਤੂਫਾਨ ਰਿਕਾਰਡ ਕੀਤਾ ਗਿਆ ਹੈ ਤੇ ਇਸ ਨਾਲ ਕੁਝ ਬਿਜਲੀ ਸਰਕਟ ਵੀ ਨਸ਼ਟ ਹੋਏ ਹਨ ਪਰ ਇਹ ਕਲਪਨਾ ਕਰਨੀ ਕਿ ਇਹ ਸੂਰਜੀ ਤੂਫਾਨ ਸਮੁੱਚੀ ਧਰਤੀ ਨੂੰ ਹੀ ਨਸ਼ਟ ਕਰ ਦੇਣਗੇ ਕੋਰੀ ਗੱਪ ਤੋਂ ਵੱਧ ਕੁਝ ਨਹੀਂ।
ਇਹ ਵੀ ਇਕ ਸਚਾਈ ਹੈ ਕਿ ਪਿਛਲੀ ਸਦੀ ਤੋਂ ਪਹਿਲਾਂ ਕੋਈ ਵੀ ਵਿਅਕਤੀ ਸੂਰਜੀ ਤੂਫਾਨਾਂ ਦਾ ਜਿਕਰ ਤੱਕ ਨਹੀਂ ਜਾਣਦਾ ਸੀ। ਕਿਉਂਕਿ ਇਹਨਾਂ ਦੀ ਖੋਜ ਹੀ ਵੀਹਵੀਂ ਸਦੀ ਦੇ ਮੱਧ ਵਿਚ ਹੋਈ ਹੈ। ਮਾਇਆ ਸੱਭਿਅਤਾ ਦਾ ਵਾਸਤਾ ਸੂਰਜੀ ਤੂਫ਼ਾਨਾਂ ਨਾਲ ਜੋੜਨਾ ਇਸ ਸਦੀ ਦੀ ਸਭ ਤੋਂ ਵੱਡੀ ਗੱਪ ਹੈ।
ਤੀਸਰੀ ਦਲੀਲ ਉਹ ਧਰਤੀ ਦੇ ਚੁੰਬਕੀ ਧਰੁਵਾਂ ਵਿਚ ਹੋਣ ਵਾਲੀ ਤਬਦੀਲੀ ਦੀ ਦਿੰਦੇ ਹਨ। ਇਹ ਦਲੀਲ ਵੀ ਉਪਰੋਕਤ ਦਲੀਲਾਂ ਦੀ ਤਰ੍ਹਾਂ ਝੂਠੀ ਹੈ। ਧਰਤੀ ਦੀ ਕੋਰ ਵਿਚ ਪਿਘਲਿਆ ਹੋਇਆ ਲੋਹਾ ਹੈ। ਧਰਤੀ ਦੇ ਘੁੰਮਣ ਕਾਰਨ ਇਹ ਲੋਹਾ ਇੱਕ ਡਾਇਨਵੋ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਕਾਰਨ ਧਰਤੀ ਦੇ ਆਲੇ ਦੁਆਲੇ ਇੱਕ ਵਿਸ਼ਾਲ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ ਤੇ ਇਸਦਾ ਪ੍ਰਭਾਵ ਧਰਤੀ ਤੋਂ 36000 ਮੀਲ ਤੱਕ ਦੀ ਉਚਾਈ ਤੱਕ ਵੀ ਮਹਿਸੂਸ ਕੀਤਾ ਗਿਆ ਹੈ। ਇਸ ਡਾਇਨਵੋ ਦਾ ਪ੍ਰਭਾਵ ਘੱਟਦਾ ਵੱਧਦਾ ਰਹਿੰਦਾ ਹੈ। ਅੱਜ ਤੋਂ 7,80,000 ਸਾਲ ਪਹਿਲਾਂ ਧਰਤੀ ਦੇ ਚੁੰਬਕੀ ਧਰੁਵਾਂ ਵਿਚ ਤਬਦੀਲੀ ਵੀ ਵਿਗਿਆਨੀਆਂ ਨੇ ਨੋਟ ਕੀਤੀ ਹੈ। ਧਰਤੀ ਦੇ ਚੁੰਬਕੀ ਧਰੁਵਾਂ ਦੇ ਬਦਲਣ ਦੀ ਸੰਭਾਵਨਾ ਆਉਣ ਵਾਲੀਆਂ ਕੁਝ ਸਦੀਆਂ ਵਿਚ ਜ਼ਰੂਰ ਹੈ। ਪਰ ਇਹ ਤਬਦੀਲੀ 21 ਦਸੰਬਰ 2012 ਨੂੰ ਹੋਵੇਗੀ ਇਹ ਬਿਲਕੁਲ ਹੀ ਗ਼ਲਤ ਹੈ। ਕਿਉਂਕਿ ਇਹਨਾਂ ਗੱਲਾਂ ਨੂੰ ਮਾਪਣ ਵਾਲਾ ਕੋਈ ਵੀ ਵਿਗਿਆਨਕ ਉਪਕਰਣ ਅਜੇ ਤੱਕ ਤਿਆਰ ਨਹੀਂ ਹੋਇਆ। ਸੂਰਜੀ ਤੂਫਾਨਾਂ ਬਾਰੇ ਮਾਇਆ ਸਭਿਅਤਾ ਦੇ ਵਿਦਵਾਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਧਰਤੀ ਦੀਆਂ ਤਹਿਆਂ ਵਿਚ ਮਿਲੇ ਜੀਵਾਂ ਦੀਆਂ ਹੱਡੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਧਰਤੀ ਦੇ ਚੁੰਬਕੀ ਧਰੁਵ ਬਦਲਣ ਸਮੇਂ ਜੀਵਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਸੀ।
ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਧਰਤੀ ਆਪਣੇ ਧੁਰੇ ਦੁਆਲੇ 24 ਘੰਟਿਆਂ ਵਿਚ ਇੱਕ ਚੱਕਰ ਪੂਰਾ ਕਰਦੀ ਹੈ ਅਤੇ ਸਾਲ ਭਰ ਵਿਚ ਸੂਰਜ ਦੁਆਲੇ ਇੱਕ ਚੱਕਰ ਲਾਉਂਦੀ ਹੈ। ਧਰਤੀ ਦਾ ਭਾਰ ਸੰਖਾਂ ਟਨ ਹੈ ਤੇ ਘੁੰਮਣ ਦੀ ਰਫ਼ਤਾਰ ਵੀ ਬਹੁਤ ਤੇਜ਼ ਹੈ। ਜਿਵੇਂ ਇੱਕ ਗਤੀ ਵਿਚ ਜਾ ਰਹੇ ਸਾਇਕਲ ਦੇ ਮੁਕਾਬਲੇ ਇੱਕ ਭਰੇ ਹੋਏ ਤੇਜ਼ ਰਫ਼ਤਾਰ ਵਾਲੇ ਟਰੱਕ ਨੂੰ ਰੋਕਣਾ ਹਜ਼ਾਰਾਂ ਗੁਣਾ ਔਖਾ ਹੈ। ਉਸੇ ਤਰ੍ਹਾਂ ਸੰਖਾਂ ਟਨ ਭਾਰੀ ਗਤੀਸ਼ੀਲ ਧਰਤੀ ਨੂੰ ਰੋਕ ਕੇ ਉਲਟ ਦਿਸ਼ਾ ਵਿੱਚ ਘੁੰਮਣ ਲਾ ਦੇਣਾ ਵੀ ਅਸੰਭਵ ਗੱਲ ਹੈ। ਇਹ ਗੱਲਾਂ ਕਿਸੇ ਪੁਲਾੜੀ ਧਰਤੀਆਂ ਅਤੇ ਸੂਰਜਾਂ ਦੀਆਂ ਆਪਸੀ ਟੱਕਰਾਂ ਰਾਹੀਂ ਤਾਂ ਸੰਭਵ ਹੋ ਸਕਦੀਆਂ ਹਨ ਪਰ ਧਰਤੀ ਦੇ ਵਿੱਚੋਂ ਜਾਂ ਉੱਤੋਂ ਉੱਠੀਆਂ ਆਫ਼ਤਾਂ ਰਾਹੀਂ ਅਜਿਹਾ ਹੋਣਾ ਅਸੰਭਵ ਹੈ।
ਕੁਝ ਵਿਅਕਤੀ ਇਸ ਦਿਨ ਜਵਾਲਾ ਮੁਖੀਆਂ ਦੇ ਫਟਣ ਨੂੰ ਧਰਤੀ ਦੇ ਵਿਨਾਸ ਦਾ ਕਾਰਨ ਮੰਨ ਰਹੇ ਹਨ। ਪਰ ਜਦੋਂ ਪਿਛਲੇ ਕਰੋੜਾਂ ਵਰ੍ਹਿਆਂ ਵਿਚ ਫਟੇ ਜੁਆਲਾਮੁਖੀ ਧਰਤੀ ਦਾ ਕੱਖ ਨਹੀਂ ਵਿਗਾੜ ਸਕੇ ਤਾਂ ਅੱਜ ਦੇ ਵਿਗਿਆਨਕ ਯੁੱਗ ਵਿਚ ਉਹ ਕੀ ਸਮੁੱਚੀ ਧਰਤੀ ਨੂੰ ਨਸ਼ਟ ਕਰ ਸਕਦੇ ਹਨ। ਅੱਜ ਕਰੋੜਾਂ ਕਾਰਾਂ ਤੇ ਲੱਖਾਂ ਜਹਾਜ਼ ਧਰਤੀ ਦੇ ਵਸਨੀਕਾਂ ਨੂੰ ਕੁਝ ਦਿਨਾਂ ਵਿਚ ਹੀ ਇੱਕ ਟਾਪੂ ਤੋਂ ਦੂਜੇ ਤੇ ਪਹੁੰਚਾ ਸਕਦੇ ਹਨ।
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਧਰਤੀ ਦੇ ਆਪਣੇ ਵਸਨੀਕਾਂ ਕੋਲ ਅਜਿਹੇ ਐਟਮ ਬੰਬ ਮੌਜੂਦ ਹਨ ਜਿਹੜੇ ਸਮੁੱਚੀ ਧਰਤੀ ਦਾ ਸੈਂਕੜੇ ਵਾਰ ਮਲੀਆਮੇਟ ਕਰ ਸਕਦੇ ਹਨ। ਪਰ ਅੱਜ ਹਰੇਕ ਹੁਕਮਰਾਨ ਜਾਣਦਾ ਹੈ ਕਿ ਅਜਿਹਾ ਹੋਣ ਨਾਲ ਉਸਦਾ ਤੇ ਉਸਦੇ ਪ੍ਰੀਵਾਰ ਦਾ ਬਚ ਜਾਣਾ ਵੀ ਅਸੰਭਵ ਹੈ। ਸੋ 2012 ਵਿਚ ਇਨ੍ਹਾਂ ਐਟਮ ਬੰਬਾਂ ਦੇ ਇਸਤੇਮਾਲ ਦੀ ਸੰਭਾਵਨਾ ਵੀ ਨਾਂਹ ਦੇ ਬਰਾਬਰ ਹੈ।
ਸੋ ਧਰਤੀ 21 ਦਸੰਬਰ 2012 ਨੂੰ ਨਸ਼ਟ ਹੋ ਜਾਵੇਗੀ ਇਹ ਭਵਿੱਖਬਾਣੀ ਆਧਾਰਹੀਣ ਹੈ। ਇਸ ਲਈ ਇਸ ਭਵਿੱਖਬਾਣੀ ਦਾ ਹਸ਼ਰ ਵੀ ਉਨ੍ਹਾਂ ਝੂਠੀਆਂ ਨਿੱਕਲੀਆਂ ਸੈਂਕੜੇ ਅਜਿਹੀਆਂ ਹੋਰ ਭਵਿੱਖਬਾਣੀਆਂ ਵਰਗਾ ਹੀ ਹੋਵੇਗਾ।
ਅੰਤ ਵਿਚ ਮੈਂ ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਦੁਨੀਆਂ ਨਸ਼ਟ ਹੋ ਜਾਣ ਵਾਲੀ ਇਸ ਭਵਿੱਖਬਾਣੀ ਦੇ ਕਰਤਿਆਂ, ਪ੍ਰਚਾਰਕਾਂ ਤੇ ਵਿਸ਼ਵਾਸੀਆਂ ਨੂੰ ਪੇਸ਼ਕਸ਼ ਕਰਦਾ ਹਾਂ ਕਿ ਉਹ ਸਾਡੇ ਦੁਆਰਾ ਰੱਖਿਆ ਪੱਚੀ ਲੱਖ ਰੁਪਏ ਦਾ ਇਨਾਮ ਜਿੱਤ ਸਕਦੇ ਹਨ ਜੇ 21 ਦਸੰਬਰ 2012 ਨੂੰ ਧਰਤੀ ਦੇ ਛੇ ਅਰਬ ਵਸਨੀਕਾਂ ਵਿਚੋਂ ਸਿਰਫ਼ ਛੇ ਲੱਖ ਵਸਨੀਕ ਜਾਂ ਧਰਤੀ ਦੀ ਆਬਾਦੀ ਦਾ 10 ਹਜ਼ਾਰਵਾਂ ਹਿੱਸਾ ਵੀ ਉਪਰੋਕਤ ਦਰਸਾਈਆਂ ਸਾਰੀਆਂ ਆਫ਼ਤਾਂ ਜਾਂ ਕਿਸੇ ਇੱਕ ਆਫ਼ਤ ਨਾਲ ਦਮ ਤੋੜ ਜਾਂਦੇ ਹਨ ਤਾਂ ਉਹਨਾਂ ਨੂੰ ਇਹ ਇਨਾਮ ਦੇ ਦਿੱਤਾ ਜਾਵੇਗਾ।
21 ਦਸੰਬਰ 2011 ਤੋਂ ਪਹਿਲਾਂ ਪਹਿਲਾਂ ਜਮਾਨਤੀ ਰਾਸ਼ੀ ਪੰਜ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਵਾਲੇ ਵਿਅਕਤੀਆਂ ਦੇ ਨਾਂ ਹੀ ਇਨਾਮ ਵਜੋਂ ਵਿਚਾਰੇ ਜਾਣਗੇ। ਇਕ ਤੋਂ ਵੱਧ ਜਮਾਨਤ ਜਮ੍ਹਾਂ ਕਰਵਾਉਣ ਵਾਲੇ ਹੋਣ ਦੀ ਸੂਰਤ ਵਿਚ ਇਨਾਮ ਦੀ ਰਾਸ਼ੀ ਉਨ੍ਹਾਂ ਵਿਚਕਾਰ ਬਰਾਬਰ ਵੰਡ ਦਿੱਤੀ ਜਾਵੇਗੀ। ਹਾਰ ਜਾਣ ਦੀ ਸੂਰਤ ਵਿਚ ਜਮਾਨਤੀ ਰਾਸ਼ੀ ਜਬਤ ਕਰ ਲਈ ਜਾਵੇਗੀ। ਜਿੱਤ ਜਾਣ ਦੀ ਹਾਲਤ ਵਿਚ ਜਮਾਨਤ ਦੀ ਰਾਸ਼ੀ ਸਮੇਤ ਇਨਾਮ ਦੀ ਰਾਸ਼ੀ ਦੇ ਭਰਵੇਂ ਜਨਤਕ ਇਕੱਠ ਵਿਚ ਵਾਪਸ ਕਰ ਦਿੱਤੀ ਜਾਵੇਗੀ।
ਅਸੀਂ ਇਸ ਇਨਾਮ ਦੀ ਪੇਸ਼ਕਸ਼ ਸਿਰਫ਼ ਇਸ ਲਈ ਕਰ ਰਹੇ ਹਾਂ ਤਾਂ ਜੋ ਅਫ਼ਵਾਹਾਂ ਛੱਡਣ ਵਾਲੇ ਇਨ੍ਹਾਂ ਪਾਖੰਡੀਆਂ ਨੂੰ ਜਨਤਕ ਕਚੈਹਰੀ ਵਿਚ ਨੀਵਾਂ ਦਿਖਾਇਆ ਜਾ ਸਕੇ।

No comments: